ਨਵੀਂ ਦਿੱਲੀ, 4 ਜੂਨ (ਪੀ. ਟੀ)-ਦਿੱਲੀ ਦੀ ਇਕ ਅਦਾਲਤ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਦੋ ਨੇਤਾਵਾਂ ਮੁਨੀਸ਼ ਸਿਸੋਦੀਆ ਤੇ ਯੋਗੇਂਦਰ ਯਾਦਵ ਨੂੰ ਅਪਰਾਧਿਕ ਮਾਣਹਾਨੀ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ। ਇਕ ਵਕੀਲ ਵੱਲੋਂ ਦਾਇਰ ਮਾਣਹਾਨੀ ਦੇ ਇਸ ਮਾਮਲੇ ਵਿਚ ਉਨ੍ਹਾਂ ਦੁਆਰਾ ਨਿੱਜੀ ਮੁਚੱਲਕਾ ਭਰਨ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਦੇਣ ਦੇ ਆਦੇਸ਼ ਦਿੱਤੇ। ਮੈਟਰੋਪਾਲੀਟਨ ਮਜਿਸਟਰੇਟ ਮੁਨੀਸ਼ ਗਰਗ ਦੁਆਰਾ ਉਕਤ ਆਗੂਆਂ ਨੂੰ ਜ਼ਮਾਨਤ ਦੇਣ ਦੇ ਆਦੇਸ਼ ਦਿੱਤੇ ਗਏ। ਕੇਜਰੀਵਾਲ, ਸਿਸੋਦੀਆ ਤੇ ਯਾਦਵ ਨੇ 10-10 ਹਜ਼ਾਰ ਦਾ ਨਿੱਜੀ ਮੁਚੱਲਕਾ ਦਿੱਤਾ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 16 ਅਗਸਤ ਰੱਖੀ ਹੈ।



