ਗੁਰਾਇਆ, 16 ਦਸੰਬਰ (ਕੁਲਦੀਪ ਸਿੰਘ)- ਨੇੜਲੇ ਪਿੰਡ ਰੁੜਕਾ ਕਲਾਂ ਦੇ ਡਾਕਖਾਨੇ ਨੇੜੇ ਗੁਰਾਇਆ ਰੋਡ ਤੇ ਹੋਏ ਇਕ ਦਰਦ ਨਾਕ ਹਾਦਸੇ ਵਿੱਚ ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ। ਜਦ ਕਿ ਉਸਦਾ ਦੂਜਾ ਸਾਥੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਗੁਰਾਇਆ ਦੇ ਵਾਰਡ ਨੰਬਰ 2 ਬੋਪਾਰਾਏ ਦਾ ਰਹਿਣ ਵਾਲਾ 29 ਸਾਲਾ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਗੁਰਮੇਲ ਸਿੰਘ ਆਪਣੇ 25 ਸਾਲਾ ਦੋਸਤ ਲਾਡੀ ਪੁੱਤਰ ਪਵਨ ਦੇ ਨਾਲ ਆਪਣੇ ਕਿਸੇ ਦੋਸਤ ਦੀ ਜਨਮਦਿਨ ਦੀ ਪਾਰਟੀ ਤੋਂ ਵਾਪਸ ਬੋਪਾਰਾਏ ਮੋਟਰਸਾਈਕਲ ਤੇ ਵਾਪਿਸ ਆ ਰਹੇ ਸੀ। ਮੋਟਰਸਾਈਕਲ ਨੂੰ ਗੁਰਦੀਪ ਚਲਾ ਰਿਹਾ ਸੀ। ਜਦ ਉਹ ਰੁੜਕਾ ਕਲਾਂ ਪਿੰਡ ਦੇ ਗੁਰਾਇਆ ਰੋਡ ਤੇ ਡਾਕਖਾਨੇ ਦੇ ਕੋਲ ਪਹੁੰਚੇ ਤਾਂ ਮੋਟਰਸਾਈਕਲ ਦੀ ਰਫਤਾਰ ਇੰਨੀ ਤੇਜ ਦੱਸੀ ਜਾ ਰਹੀ ਸੀ ਜੋ ਬੇਕਾਬੂ ਹੋ ਕੇ ਖੰਭੇ ਅਤੇ ਦੀਵਾਰ ਦੇ ਵਿੱਚੋਂ ਨਿਕਲ ਕੇ ਸਿੱਧਾ ਦੀਵਾਰ ਨਾਲ ਜਾ ਟਕਰਾਇਆ ਜਿਸ ਨਾਲ ਗੁਰਦੀਪ ਸਿੰਘ ਦੀਪਾ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦ ਕਿ ਉਸਦਾ ਸਾਥੀ ਲਾਡੀ ਗੰਭੀਰ ਰੂਪ ਚ ਜਖਮੀ ਹੋ ਗਿਆ। ਜਿਸਨੂੰ ਸਿਵਲ ਹਸਪਤਾਲ ਬੁੰਡਾਲਾ ਵਿੱਚ ਲੈ ਜਾਇਆ ਗਿਆ। ਜਿੱਥੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰ ਨੇ ਉਸਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ। ਪੁਲਿਸ ਚੌਂਕੀ ਇੰਚਾਰਜ ਰੁੜਕਾ ਕਲਾਂ ਤਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਦੀਪ ਸਿੰਘ ਦੀਪਾ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਹੈ। ਜਿੱਥੇ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕੀਤੀ ਜਾਵੇਗੀ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਦੀ ਭੈਣਾਂ ਵਿਆਹੀਆਹੋਈਆਂ ਹਨ ਜੋ ਖ਼ੁਦ ਅਣ ਵਿਆਹਿਆ ਸੀ ।ਗੁਰਦੀਪ ਅਤੇ ਲਾਡੀ ਦੋਨੋਂ ਗੁਰਾਇਆ ਦੇ ਇਕ ਟੋਕਾ ਫੈਕਟਰੀ ਵਿੱਚ ਕੰਮ ਕਰਦੇ ਸੀ । ਮ੍ਰਿਤਕ ਨੌਜਵਾਨ ਦੇ ਪਿਤਾ ਲੰਬੇ ਸਮੇਂ ਤੋਂ ਬਿਮਾਰ ਚਲ ਰਹੇ ਹਨ ਜੋ ਅਪਾਹਜ ਹਨ ਉਸਦੀ ਮਾਤਾ ਵੀ ਬਿਮਾਰ ਰਹਿੰਦੀ ਹੈ ਗੁਰਦੀਪ ਦੀਪਾ ਆਪਣੇ ਮਾਤਾ ਪਿਤਾ ਦਾ ਸਹਾਰਾ ਸੀ। ਜਿਸਦੇ ਸਿਰ ਤੇ ਹੀ ਉਨ੍ਹਾਂ ਦੀ ਜਿੰਮੇਵਾਰੀ ਅਤੇ ਘਰ ਦਾ ਗੁਜਾਰਾ ਚਲਦਾ ਸੀ। ਇਸ ਹਾਦਸੇ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਗੁਰਦੀਪ ਦੇ ਮਾਤਾ ਪਿਤਾ ਨੂੰ ਅਜੇ ਉਸਦੀ ਮੌਤ ਦੇ ਬਾਰੇ ਵਿੱਚ ਨਹੀਂ ਦੱਸਿਆ ਗਿਆ। ਜਦ ਕਿ ਲਾਡੀ ਦੇ ਪਿਤਾ ਫਰੂਟ ਚਾਟ ਦੀ ਗੁਰਾਇਆ ਵਿੱਚ ਰੇਹੜੀ ਲਗਾਉਂਦੇ ਹਨ।
ਸੜਕ ਹਾਦਸੇ ਵਿੱਚ ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ-ਦੂਜਾ ਗੰਭੀਰ ਜ਼ਖਮੀ



