April 24, 2026 11:34 pm

ਡੀ.ਜੇ. ‘ਤੇ ਝਗੜੇ ਦੌਰਾਨ ਨੌਜਵਾਨ ਦੀ ਮੌਤ ਦਾ ਮਾਮਲਾ

ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਆਏ ਧਰਮਕੋਟ ਦੇ ਵਿਧਾਇਕ ‘ਤੇ ਹਮਲਾ

ਮੋਗਾ, 2 ਦਸੰਬਰ- ਪਿੰਡ ਮਸਤੇਵਾਲਾ ‘ਚ ਸ਼ਨਿੱਚਰਵਾਰ ਰਾਤ ਵਿਆਹ ਸਮਾਗਮ ‘ਚ ਡੀ. ਜੇ. ‘ਤੇ ਗੋਲੀ ਲੱਗਣ ਕਾਰਨ ਮਾਰੇ ਗਏ ਨੌਜਵਾਨ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ‘ਤੇ ਪ੍ਰਦਰਸ਼ਨਕਾਰੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਵਿਧਾਇਕ ਦੀ ਗੱਡੀ ਦੀ ਭੰਨਤੋੜ ਵੀ ਕੀਤੀ ਗਈ। ਇਸ ਦੌਰਾਨ ਵਿਧਾਇਕ ਸੁਖਜੀਤ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ।ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਐੱਸ. ਸੀ. ਐੱਸ. ਟੀ. ਐਕਟ ਤਹਿਤ ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਮ੍ਰਿਤਕ ਕਰਨ ਨੂੰ ਕਤਲ ਕਰਨ ਵਾਲੇ ਮੁਲਜ਼ਮ ਨਹੀਂ ਫੜੇ ਜਾਂਦੇ ਉਦੋਂ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਕਰਨ ਦਿੱਤਾ ਜਾਵੇਗਾ।ਦੱਸਣਯੋਗ ਹੈ ਕਿ ਸ਼ਨਿੱਚਰਵਾਰ ਰਾਤ ਮਸਤੇਵਾਲਾ ਪਿੰਡ ‘ਚ ਵਿਆਹ ਵਾਲੇ ਘਰ ਡੀ. ਜੇ. ਲੱਗਾ ਹੋਇਆ ਸੀ ਅਤੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵੱਲੋਂ ਨੱਚਦੇ ਸਮੇਂ ਫਾਇਰ ਕੀਤੇ ਜਾ ਰਹੇ ਸਨ। ਇਸ ਦੌਰਾਨ ਡੀ. ਜੇ. ਬੰਦ ਕਰਨ ਸਮੇਂ ਸ਼ਰਾਬ ਦੇ ਨਸ਼ੇ ‘ਚ ਨੌਜਵਾਨਾਂ ਵੱਲੋਂ ਧੱਕੇ ਨਾਲ ਡੀ. ਜੇ. ਚੱਲਦਾ ਰੱਖਣ ਲਈ ਕਿਹਾ ਗਿਆ ਅਤੇ ਇਸ ਮੌਕੇ ਇੱਕ ਨੌਜਵਾਨ ਵੱਲੋਂ ਗੋਲੀ ਚਲਾਈ ਗਈ। ਇਹ ਗੋਲੀ ਡੀ. ਜੇ. ਦਾ ਕੰਮ ਕਰਦੇ ਕਰਨ ਨਾਂਅ ਦੇ ਨੌਜਵਾਨ ਦੀ ਛਾਤੀ ‘ਚ ਜਾ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

Send this to a friend