ਭਵਾਨੀਗੜ੍ਹ, 27 ਨਵੰਬਰ (ਕ੍ਰਿਸ਼ਨ ਗਰਗ)- ਨੈਸ਼ਨਲ ਹਾਈਵੇ ਨੰਬਰ 7 ‘ਤੇ ਦੇਰ ਰਾਤ ਪਿੰਡ ਕਾਲਾਝਾੜ ਟੋਲ ਪਲਾਜ਼ਾ ਤੋਂ ਲੰਘਦੇ ਹੋਏ ਇੱਕ ਟਰੱਕ-ਟਰਾਲੇ ਨੇ ਬੂਥ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਟੋਲ ਬੂਥ ਸਮੇਤ ਹੋਰ ਕਾਫੀ ਸਾਮਾਨ ਦਾ ਭਾਰੀ ਨੁਕਸਾਨ ਹੋ ਗਿਆ। ਇਸ ਸਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਸੰਦੀਪ ਨੇ ਦੱਸਿਆ ਕਿ ਹਾਦਸਾ ਮੰਗਲਵਾਰ ਦੇਰ ਰਾਤ ਕਰੀਬ 10.15 ‘ਤੇ ਉਸ ਵੇਲੇ ਵਾਪਰਿਆ, ਜਦੋਂ ਸੰਗਰੂਰ ਤੋਂ ਪਟਿਆਲਾ ਜਾ ਰਹੇ ਇਕ ਟਰੱਕ-ਟਰਾਲੇ ਦੇ ਚਾਲਕ ਨੇ ਬਹੁਤ ਲਾਪ੍ਰਵਾਹੀ ਨਾਲ ਅਪਣਾ ਟਰੱਕ ਭਾਰੀ ਵਾਹਨਾਂ ਵਾਲੀ ਲਾਈਨ ‘ਚੋਂ ਲੰਘਾਉਣ ਦੀ ਬਜਾਏ ਕਾਰ-ਜੀਪ ਵਾਲੀ ਲੇਨ ‘ਚੋਂ ਦੀ ਕੱਢਣ ਲੱਗਾ ਤਾਂ ਟਰਾਲੇ ‘ਚ ਭਰੀ ਲੱਕੜ ਜੋ ਟਰਾਲੇ ਦੀ ਬਾਡੀ ‘ਚੋਂ ਬਾਹਰ ਵਧੀ ਹੋਈ ਸੀ, ਟੋਲ ਬੂਥ ਨਾਲ ਟਕਰਾ ਗਈ। ਇਸ ਘਟਨਾ ਦੌਰਾਨ ਬੂਥ ‘ਚ ਡਿਊਟੀ ਕਰ ਰਹੇ ਕਰਮਚਾਰੀ ਨੇ ਭੱਜ ਕੇ ਆਪਣੀ ਜਾਨ ਬਚਾਈ। ਹਾਲਾਂਕਿ ਹਾਦਸੇ ਦੌਰਾਨ ਟੋਲ ਬੂਥ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਤੇ ਉਸ ਵਿਚ ਰੱਖਿਆ ਕੰਪਿਊਟਰ, ਸਕੈਨਰ ਆਦਿ ਹੋਰ ਇਲੈਕਟ੍ਰਾਨਿਕ ਦਾ ਸਾਮਾਨ ਵੀ ਚਕਨਾਚੂਰ ਹੋ ਗਿਆ। ਟੋਲ ਮੈਨੇਜਰ ਦੇ ਦੱਸਿਆ ਕਿ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਟਰੱਕ ਟਰਾਲੇ ਅਤੇ ਉਸਦੇ ਚਾਲਕ ਨੂੰ ਟੋਲ ‘ਤੇ ਹੀ ਰੋਕਿਆ ਗਿਆ ਹੈ।ੋ