ਨਵੀਂ ਦਿੱਲੀ, 30 ਮਈ (ਪੀ.ਟੀ.)-ਕੇਂਦਰੀ ਵਿੱਤ ਮੰਤਰੀ ਅਰੁਨ ਜੇਤਲੀ ਨੇ ਮਨੋਨੀਤ ਮੁਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੂੰ ਯਕੀਨ ਦਿਵਾਇਆ ਹੈ ਕਿ ਵੰਡ ਤੋਂ ਬਾਅਦ ਬਾਕੀ ਬਚੇ ਆਂਧਰਾ ਪ੍ਰਦੇਸ਼ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਜੇਤਲੀ ਨੇ ਨਾਇਡੂ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਦੱਸਿਆ ਕਿ ਕੇਂਦਰ ਸਰਕਾਰ ਸੀਮਾਂਧਰਾ ਖੇਤਰ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗਾ ਤੇ ਅਸੀਂ ਪਹਿਲਾਂ ਹੀ ਇਸ ਸਬੰਧੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ ਉਨ੍ਹਾਂ ਨੇ ਜੇਤਲੀ ਨਾਲ ਮੀਟਿੰਗ ਦੌਰਾਨ ਸੀਮਾਂਧਰ ਤੇ ਤੇਲੰਗਾਨਾ ਲਈ ਬਰਾਬਰ ਰਿਆਇਤਾਂ ਤੇ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਨਾਇਡੂ ਨੇ ਕਿਹਾ ਕਿ ਕੇਂਦਰ ਨੇ ਰਾਜ ਦੀ ਵੰਡ ਸਮੇਂ ਸੀਮਾਂਧਰਾ ਖੇਤਰ ਨੂੰ ਵਿਸ਼ੇਸ਼ ਪੈਕਜ ਦੇਣ ਤੇ ਸੀਮਾਂਧਰਾ ਤੇ ਤੇਲੰਗਾਨਾ ਲਈ
ਸਨਅਤੀ ਰਿਆਇਤਾਂ ਦੇਣ ਦਾ ਐਲਾਨ ਕੀਤਾ ਸੀ ਜਿਨ੍ਹਾਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਬਾਅਦ ’ਚ ਨਾਇਡੂ ਪਾਣੀਆਂ ਦੇ ਸਾਧਨਾਂ ਬਾਰੇ ਮੰਤਰੀ ਉਮਾ ਭਾਰਤੀ ਨੂੰ ਵੀ ਮਿਲੇ ਤੇ ਉਨ੍ਹਾਂ ਕੋਲੋਂ ਬਹੁ ਮੰਤਵੀ ਪੋਲਾਵਰਾਮ ਪ੍ਰਾਜੈਕਟ ਛੇਤੀ ਮੁਕੰਮਲ ਕਰਨ ਦੀ ਮੰਗ ਕੀਤੀ ਜੋ ਪ੍ਰਾਜੈਕਟ ਤੇਲੰਗਾਨਾ ਆਗੂ ਟੀ.ਆਰ.ਐਸ ਸੁਪਰੀਮੋ ਕੇ. ਚੰਦਰਸੇਖਰ ਰੈਡੀ ਦੇ ਵਿਰੋਧ ਕਾਰਨ ਵਿਵਾਦ ’ਚ ਆ ਗਿਆ ਹੈ।



