ਚੰਡੀਗੜ੍ਹ, 24 ਨਵੰਬਰ- ਪੰਜਾਬ ਪੁਲਿਸ ਨੇ 2 ਖ਼ਤਰਨਾਕ ਗੈਂਗਸਟਰਾਂ ਪਵਿੱਤਰ ਸਿੰਘ ਤੇ ਉਸ ਦੇ ਨੇੜਲੇ ਸਾਥੀ ਹੁਸਨਦੀਪ ਸਿੰਘ ਨੂੰ ਅਮਰੀਕਾ ਤੋਂ ਵਾਪਸ ਲਿਆ ਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਦੋਵੇਂ ਬਦਨਾਮ ਪਵਿੱਤਰ ਗਿਰੋਹ ਦੇ ਮੈਂਬਰ ਹਨ ਤੇ ਪਵਿੱਤਰ ਸਿੰਘ ਉਸ ਗਿਰੋਹ ਦਾ ਸਰਗਨਾ ਹੈ। ਪੰਜਾਬ ਪੁਲਿਸ ਨੇ ਹੁਣ ਇੰਟਰਪੋਲ ਤੋਂ ਉਨ੍ਹਾਂ ਦੋਵਾਂ ਵਿਰੁੱਧ ‘ਰੈੱਡ ਕਾਰਨਰ ਨੋਟਿਸ’ ਜਾਰੀ ਕਰਵਾਉਣ ਦੀ ਪ੍ਰਕ੍ਰਿਰਿਆ ਸ਼ੁਰੂ ਕੀਤੀ ਹੈ। ਇਹ ਦੋਵੇਂ ਪਿਛਲੇ 6 ਮਹੀਨਿਆਂ ਤੋਂ ਅਮਰੀਕਾ ‘ਚ ਹੀ ਰਹਿ ਰਹੇ ਦੱਸੇ ਜਾਂਦੇ ਹਨ। ਹਾਲੇ ਸ਼ੁੱਕਰਵਾਰ ਨੂੰ ਹੀ ਪੰਜਾਬ ਪੁਲਿਸ ਨੂੰ ਇੱਕ ਹੋਰ ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ਼ ਬੁੱਢਾ ਨੂੰ ਆਰਮੀਨੀਆ ਤੋਂ ਵਾਪਸ ਲਿਆਉਣ ‘ਚ ਸਫ਼ਲਤਾ ਮਿਲੀ ਹੈ। ਪਵਿੱਤਰ ਸਿੰਘ ਤੇ ਹੁਸਨਦੀਪ ਸਿੰਘ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜੇ ਰਹੇ ਹਨ ਤੇ ਉਹ ਕਤਲਾਂ, ਕਾਤਲਾਨਾ ਹਮਲਿਆਂ ਤੇ ਫਿਰੌਤੀ ਦੇ ਇੱਕ ਦਰਜਨ ਦੇ ਲਗਭਗ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦੇ ਹਨ। ਪੰਜਾਬ ਪੁਲਿਸ ਹੁਣ ਇਨ੍ਹਾਂ ਦੋਵਾਂ ਲਈ ‘ਲੁੱਕਆਊਟ ਸਰਕੂਲਰ’ ਵੀ ਜਾਰੀ ਕਰਵਾਉਣ ਜਾ ਰਹੀ ਹੈ। ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਅਮਰੀਕਾ ਤੋਂ ਵਾਪਸ ਲਿਆਉਣ ਦੀ ਕਾਰਵਾਈ ਸ਼ੁਰੂ ਕਰਨ ਬਾਰੇ ਉਦੋਂ ਪਹਿਲੀ ਵਾਰ ਸੋਚਿਆ ਸੀ, ਜਦੋਂ ਉਨ੍ਹਾਂ ਦਾ ਨਾਂਅ ਬੀਤੀ 19 ਨਵੰਬਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਪੰਡੂਰੀ ਵਿਖੇ ਕੀਤੇ 26 ਸਾਲਾ ਨੌਜਵਾਨ ਮਨਦੀਪ ਸਿੰਘ ਦੇ ਕਤਲ ‘ਚ ਬੋਲਿਆ ਸੀ। ਪਵਿੱਤਰ ਗਿਰੋਹ ਦੇ ਇੱਕ ਮੈਂਬਰ ਹਰਵਿੰਦਰ ਸਿੰਘ ਸੰਧੂ ਨੇ ਫ਼ੇਸਬੁੱਕ ਦੀ ਇੱਕ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਉਸ ਨੇ ਅੰਮ੍ਰਿਤਸਰ ਦੇ ਪਿੰਡ ਜੀਆਣੀ ਵਿਖੇ 18 ਸਾਲਾ ਤ੍ਰਿਪਤਪਾਲ ਉੱਤੇ ਗੋਲੀਬਾਰੀ ਕਰਨ ਦੀ ਜ਼ਿੰਮੇਵਾਰੀ ਵੀ ਕਬੂਲੀ ਸੀ। ਪੁਲਿਸ ਨੇ ਮਨਦੀਪ ਸਿੰਘ ਕਤਲ ਦੇ ਮਾਮਲੇ ਵਿੱਚ ਪਵਿੱਤਰ ਸਿੰਘ ਤੇ ਹਰਵਿੰਦਰ ਸਿੰਘ ਸਮੇਤ ਸੱਤ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ।