ਬਚਪਨ ਜ਼ਿੰਦਗੀ ਦਾ ਅਜਿਹਾ ਅਮੋਲਕ ਪੜਾਅ ਹੁੰਦਾ ਹੈ ਜਿਸ ਵਿੱਚ ਜ਼ਿੰਦਗੀ ਚਿੰਤਾ – ਮੁਕਤ, ਪ੍ਰੇਸ਼ਾਨੀਆਂ ਤੋਂ ਪਰੇ , ਬੋਝ – ਮੁਕਤ ਅਤੇ ਘਰੇਲੂ ਜ਼ਿੰਮੇਵਾਰੀਆਂ ਅਤੇ ਕੰਮਾਂ ਕਾਰਾਂ ਤੋਂ ਦੂਰ ਰਹਿ ਕੇ ਬਤੀਤ ਹੁੰਦੀ ਹੈ । ਇਸ ਸਮੇਂ ਜ਼ਿੰਦਗੀ ਘਰੇਲੂ , ਸਮਾਜਿਕ ਤੇ ਨੌਕਰੀ ਪੇਸ਼ਾ ਗਤੀਵਿਧੀਆਂ ਦੇ ਰੌਲੇ ਰੱਪੇ ਤੋਂ ਅਤੇ ਸੰਸਾਰਕ ਚਿੰਤਾਵਾਂ ਤੋਂ ਮੁਕਤ ਹੋ ਕੇ ਅਤੇ ਮਸਤ ਹੋ ਕੇ ਗੁਜ਼ਾਰੀ ਜਾਂਦੀ ਹੈ । ਨਾ ਕੋਈ ਪੈਸੇ – ਧੇਲੇ ਜਾਂ ਹੋਰ ਲੈਣ – ਦੇਣ ਦੀ ਗੱਲ ਤੇ ਚਿੰਤਾ ਹੁੰਦੀ ਹੈ । ਜੀਵਨ ਲਾਪ੍ਰਵਾਹ , ਬੇਫਿਕਰਾ , ਮਾਸੂਮੀਅਤ ਅਤੇ ਭੋਲੇਪਣ ਨਾਲ ਭਰਿਆ ਹੁੰਦਾ ਹੈ । ਜਦੋਂ ਕਦੇ ਬੱਚਿਆਂ ਨੂੰ ਮਸਤੀ ਭਰੇ ਰੌਅ ‘ਚ ਖੇਡਦੇ ਤੇ ਮੌਜ ਮਸਤੀ ਕਰਦੇ ਦੇਖ ਲਿਆ ਜਾਂਦਾ ਹੈ ਤਾਂ ਸਭ ਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ । ਬੱਚਿਆਂ ਦੀ ਬੇਫ਼ਿਕਰੀ ਤੇ ਮਸਤੀ ਸਾਨੂੰ ਬਚਪਨ ਦੀ ਅਹਿਮਿਅਤ ਬਾਰੇ ਗਿਆਨ ਕਰਵਾ ਜਾਂਦੀ ਹੈ ।ਸਾਡੇ ਬਚਪਨ ਦੇ ਸਮੇਂ ਬੱਚੇ ਬਹੁਤ ਖੇਡਦੇ – ਕੁਦਦੇ ਹੁੰਦੇ ਸਨ । ਪੜ੍ਹਾਈ ਦਾ ਕੰਮ ਤੇ ਬੋਝ ਅੱਜ ਜਿੰਨਾ ਨਹੀਂ ਸੀ ਹੁੰਦਾ । ਟਿਊਸ਼ਨ ਨਾਂ ਦੀ ਕੋਈ ਚੀਜ਼ ਨਹੀਂ ਸੀ ਹੁੰਦੀ । ਬੱਚੇ ਪੂਰੇ ਚਾਅ – ਮਲਾਅ ਦੇ ਨਾਲ ਲੁਕਣ – ਮੀਚੀ , ਗਰਮ ਪਿੱਠੂ , ਕੰਚੇ (ਬੰਟੇ), ਚੋਰ – ਸਿਪਾਹੀ, ਕੋਟਲਾ ਛਪਾਕੀ, ਰਾਜੇ ਦਾ ਵਜ਼ੀਰ ਕੌਣ , ਲੰਗੜਾ ਸ਼ੇਰ , ਸਟਾਪੂ , ਬੱਠਲ ਦੇ ਝੂਟੇ , ਗੁੱਲੀ ਡੰਡਾ , ਅੱਲਿਆ – ਪਤੱਲਿਆ ਆਦਿ ਖੇਡਾਂ ਖੇਡਦੇ ਹੁੰਦੇ ਸਨ ।ਸਕੂਲ ਨੂੰ ਪਲਾਸਟਿਕ ਦੀ ਬੋਰੀ ‘ਚ ਦੋ – ਚਾਰ ਕਿਤਾਬਾਂ ਪਾ ਕੇ ਤੇ ਫੱਟੀ ਹੱਥ ਵਿੱਚ ਫੜ ਕੇ ਨੰਗੇ ਪੈਰੀਂ ਹੀ ਸਕੂਲ ਨੂੰ ਚਲੇ ਜਾਈਦਾ ਸੀ । ਸਕੂਲ ਵਰਦੀ ਪਾਉਣੀ ਵੀ ਬਹੁਤ ਜ਼ਰੂਰੀ ਨਹੀਂ ਸੀ ਹੁੰਦੀ । ਬਚਪਨ ਵਿੱਚ ਕਲਮ , ਦਵਾਤ ਤੇ ਫੱਟੀ ਦੀ ਬਹੁਤ ਅਹਿਮੀਅਤ ਹੁੰਦੀ ਸੀ । ਫੱਟੀ ਸਕੂਲ ਦੇ ਬਾਹਰ ਪਾਣੀ ਦੀ ਆੜ ( ਖਾਲਾ) ਵਿੱਚ ਧੋ ਕੇ ਗਾਚੀ ਨਾਲ਼ ਪੋਚ ਲਈਦੀ ਸੀ ਤੇ ਵੀਹ – ਤੀਹ ਮਿੰਟ ਤੱਕ ਹੱਥਾਂ ‘ਚ ਫੜ ਕੇ ਹਿਲਾ – ਹਿਲਾ ਕੇ ਸੁਕਾਈ ਜਾਂਦੀ ਸੀ ਤੇ ਸਾਰੇ ਬੱਚੇ ਇਕੱਠੇ ਹੋ ਕੇ ਬੋਲਦੇ ਹੁੰਦੇ ਸੀ , “ਸੂਰਜਾ ਸੂਰਜਾ ਫੱਟੀ ਸੁਕਾ , ਸਾਡੇ ਕੋਠੇ ਦਾਣੇ ਪਾ “।ਬਸਤੇ ਦਾ ਭਾਰ ਅੱਜ ਵਾਂਗ ਬਹੁਤ ਜ਼ਿਆਦਾ ਨਹੀਂ ਸੀ ਹੁੰਦਾ ।ਸਕੂਲ ਵਿੱਚ ਦੁਪਹਿਰ ਦੇ ਭੋਜਨ ( ਮਿਡ – ਡੇ – ਮੀਲ ) ਦੀ ਥਾਂ ਪੰਜੀਰੀ ਮਿਲਦੀ ਹੁੰਦੀ ਸੀ । ਸਾਰੇ ਬੱਚੇ ਫੱਟੀਆਂ ‘ਤੇ ਪੰਜੀਰੀ ਰੱਖ ਕੇ ਖਾਂਦੇ ਸਨ । ਅੱਧੀ ਛੁੱਟੀ ਸਮੇਂ ਨੇੜੇ ਦੇ ਜੰਗਲਾਂ ‘ਚ ਜਾ ਕੇ ਦੇਸੀ ਵੇਰ , ਗੁਰੂਨੇ , ਗੁਲਰਾਂ, ਚਿੱਬੜ, ਅੰਬੀਆਂ ਤੇ ਸ਼ਹਿਤੂਤ ਖਾਂਦੇ ਹੁੰਦੇ ਸੀ । ਕਈ ਵਾਰ ਬੂਟੀਆਂ ਦੇ ਚਿੱਟੇ ਫੁੱਲਾਂ ਦਾ ਮਿੱਠਾ – ਮਿੱਠਾ ਰਸ ਵੀ ਚੂਸ ਕੇ ਮਜ਼ਾ ਲਿਆ ਜਾਂਦਾ ਸੀ ਅਤੇ ਪਿੰਡ ਵਿੱਚ ਰੁੱਖਾਂ ‘ਤੇ ਪੀਂਘਾਂ ਪਾ ਕੇ ਕਈ – ਕਈ ਮਹੀਨੇ ਝੂਟੀਆਂ ਜਾਂਦੀਆਂ ਸਨ । ਕਈ ਵਾਰ ਆਸਮਾਨ ਵਿੱਚ ਤੇਜ਼ ਗੂੰਜ ਵਾਲੇ ਜਹਾਜ਼ ਨੂੰ ਦੇਖ ਕੇ ਡਰ ਜਾਈਦਾ ਸੀ ਅਤੇ ਹੌਲੀ – ਹੌਲੀ ਉੱਡਦੇ ਹੈਲੀਕਾਪਟਰ ਨੂੰ ਸਾਰੇ ਬੱਚੇ ਇਕੱਠੇ ਹੋ ਕੇ ਬਾਹਾਂ ਹਿਲਾ ਕੇ “ ਹੈਲੀਕਾਪਟਰ ਬਾਏ – ਹੈਲੀਕਾਪਟਰ ਬਾਏ “ ਕਹਿੰਦੇ ਹੁੰਦੇ ਸੀ । ਪਿਤਾ ਜਾਂ ਦਾਦੇ ਜਾਂ ਚਾਚੇ – ਤਾਏ ਨਾਲ ਖੇਤਾਂ ਤੇ ਫ਼ਸਲਾਂ ਨੂੰ ਖਾਲੇ ( ਆੜ ) ਦਾ ਪਾਣੀ ਲਗਾਉਣਾ , ਨੱਕੇ ਮੋੜਨਾ , ਦੂਜੇ ਕਿਆਰੀਆਂ ਨੂੰ ਪਾਣੀ ਛੱਡਣਾ ਤੇ ਕਿਆਰੇ ਦੇ ਭਰ ਜਾਣ ਦਾ ਪਤਾ ਕਰਨਾ , ਇਸ ਵਿੱਚ ਵੀ ਬਹੁਤ ਆਨੰਦ ਆਉਂਦਾ ਸੀ। ਬਿਜਾਈ ਕਰਨ ਸਮੇਂ ਆਪਣੇ ਖੇਤਾਂ ਵਿੱਚ ਜਾਂ ਨਾਨਕੇ ਘਰ ਸੁਹਾਗਾ ਝੂਟਣ ਦਾ ਬਹੁਤ ਮਜ਼ਾ ਆਉਂਦਾ ਹੁੰਦਾ ਸੀ । ਜਦੋਂ ਦਾਦੀ ਜਾਂ ਨਾਨੀ ਸੜਕ ਵਿੱਚੋਂ ਸਾਈਕਲ ‘ਤੇ ਜਾਂ ਪੈਦਲ ਜਾ ਰਹੇ ਪਾਪੜ ਜਾਂ ਪੀਲੇ – ਪੀਲੇ ਭੂਕਨੇ ਵੇਚਣ ਵਾਲੇ ਤੋਂ ਸੇਰ ਦਾਣੇ ਪਾ ਕੇ ਪਾਪੜ ਜਾਂ ਭੂਕਨੇ ਖਾਣ ਨੂੰ ਲੈ ਕੇ ਦਿੰਦੀ ਤਾਂ ਸਾਰੇ ਬੱਚੇ ਬਹੁਤ ਖੁਸ਼ ਹੋ ਜਾਂਦੇ ਹੁੰਦੇ ਸਨ। ਟੈਲੀਵਿਜ਼ਨ ਦਾ ਬੋਲਬਾਲਾ ਨਹੀਂ ਸੀ । ਪਿੰਡ ਵਿੱਚ ਕਿਸੇ ਇੱਕ – ਅੱਧੇ ਕੋਲ ਹੀ ਟੀ.ਵੀ . ਹੁੰਦਾ ਸੀ । ਨਾਨਕੇ ਜਾਂ ਭੂਆ ਜਾਂ ਮਾਸੀ ਕੋਲ ਜਾਣ ਦਾ ਬਹੁਤ ਚਾਅ – ਦੁਲਾਰ ਹੁੰਦਾ ਸੀ । ਦੂਰ – ਦੁਰਾਡੇ ਵੀ ਸਾਈਕਲ ‘ਤੇ ਹੀ ਜਾ ਆਈਦਾ ਸੀ । ਬਚਪਨ ਵਿੱਚ ਪਿਆਰ, ਮਿਠਾਸ , ਆਪਣਾਪਣ ਤੇ ਲਾਡ – ਦੁਲਾਰ ਨਾਲ ਭਰੀਆਂ ਲੋਰੀਆਂ ਅਤੇ ਦਾਦੀ ਜਾਂ ਨਾਨੀ ਦੀਆਂ ਕਲਪਨਾਤਮਕ ਪਰੀ ਜਾਂ ਪੰਛੀਆਂ , ਜਨੌਰਾਂ ਦੀਆਂ ਕਹਾਣੀਆਂ ਸੁਣ ਕੇ ਜੋ ਮਜ਼ਾ ਤੇ ਸਕੂਨ ਮਨ ਨੂੰ ਮਿਲਦਾ ਹੁੰਦਾ ਸੀ , ਉਸ ਦੀ ਕੋਈ ਰੀਸ ਹੀ ਨਹੀਂ ਸੀ ਹੁੰਦੀ । ਚੁੱਲ੍ਹੇ ਵਿੱਚ ਆਲੂ ਭੁੰਨ ਕੇ ਖਾਣੇ , ਮੱਕੀ ਦੇ ਦਾਣੇ ਪਿੰਡ ‘ਚ ਲੱਗੀ ਭੱਠੀ ‘ਤੇ ਭੁਨਾ ਕੇ ਖਾਣੇ ਤੇ ਦੇਸੀ ਘਿਓ ਨਾਲ ਰੋਟੀ ਚੋਪੜ ਕੇ ਨਮਕ ਪਾ ਕੇ ਖਾਣ ਦਾ ਬਹੁਤ ਮਜ਼ਾ ਆਉਂਦਾ ਹੁੰਦਾ ਸੀ । ਸਕੂਲ ਦੀ ਛੁੱਟੀ ਤੋਂ ਬਾਅਦ ਜਾਂ ਹੋਰ ਛੁੱਟੀ ਵਾਲੇ ਦਿਨ ਹੱਥੀਂ ਪਤੰਗ ਬਣਾ ਕੇ ਕੰਨੀਆਂ ਦੇਣਾ ਅਤੇ ਚਾਰ – ਚਾਰ ਧਾਗੇ ਦੀਆਂ ਰੀਲਾਂ ਲਾ ਕੇ ਲੰਬੀ ਪੂੰਛ ਵਾਲੇ ਅਖਬਾਰ ਦੇ ਬਣਾਏ ਪਤੰਗ ਅਸਮਾਨੀ ਚੜ੍ਹਾਉਣ ਤੇ ਉਨ੍ਹਾਂ ‘ਚ ਕਾਗਜ਼ ਪਾ ਕੇ ਚਿੱਠੀਆਂ ਭੇਜਣ ਦਾ ਮਜ਼ਾ ਵੱਖਰਾ ਹੀ ਹੁੰਦਾ ਸੀ । ਸਕੂਲੇ ਜਾਂ ਘਰੇ ਕਾਪੀਆਂ ਦੇ ਕਾਗਜ਼ ਪਾੜ ਕੇ ਜਹਾਜ਼ ਬਣਾ ਕੇ ਉਡਾਉਣੇ ਅਤੇ ਹੱਥੀਂ ਕਾਗਜ਼ ਦੀਆਂ ਬਣਾਈਆਂ ਕਿਸ਼ਤੀਆਂ ਆਡਾਂ ਜਾਂ ਪਾਣੀ ਦੇ ਖਾਲਿਆਂ ‘ਚ ਚਲਾਉਣੀਆਂ ਵੀ ਇੱਕ ਵੱਖਰੀ ਹੀ ਕਿਸਮ ਦੀ ਖੇਡ ਤੇ ਕਲਾ ਹੁੰਦੀ ਸੀ । ਉਦੋਂ ਮਾਸਟਰ ਜੀ ਦੇ ਡੰਡੇ ਅਤੇ ਦਬਕੇ ਦਾ ਇਨ੍ਹਾਂ ਡਰ ਮਨ ਵਿੱਚ ਹੁੰਦਾ ਸੀ ਕਿ ਕਈ ਵਾਰ ਪਜਾਮੇ ਜਾਂ ਪੈਂਟ ਵਿੱਚ ਡਰ ਦੇ ਮਾਰੇ ਪਿਸ਼ਾਬ ਨਿਕਲ ਜਾਂਦਾ ਹੁੰਦਾ ਸੀ । ਜਦੋਂ ਕਦੇ ਕਿਸੇ ਰਿਸ਼ਤੇਦਾਰ ਦੀ ਚਿੱਠੀ ਡਾਕੀਆ ਆ ਕੇ ਦਿੰਦਾ ਤਾਂ ਚਿੱਠੀ ਵਿੱਚ ਬੱਚਿਆਂ ਲਈ ਲਿਖਿਆ ਪਿਆਰ – ਦੁਲਾਰ ਸੁਣ ਕੇ ਜਾਂ ਪੜ੍ਹ ਕੇ ਖੁਸ਼ ਹੋ ਜਾਈਦਾ ਸੀ । ਗਲੀ ਵਿੱਚ ਵਿਕ ਰਹੀ ਕੁਲਫੀ ਜਾਂ ਰੂੰ ਵਰਗਾ ਡੰਡੀ ਲੱਗਾ ਪਦਾਰਥ ਜਿਸ ਨੂੰ ਬੱਚੇ “ ਬੁੱਢੀ ਮਾਈ ਦਾ ਝਾਟਾ “ ਕਹਿੰਦੇ ਹੁੰਦੇ ਸਨ , ਨੂੰ ਲੈਣ ਲਈ ਮਾਪਿਆਂ ਆਦਿ ਦੇ ਮਗਰ ਪੈਣ ਦੀਆਂ ਗੱਲਾਂ ਬਹੁਤ ਖੁਸ਼ਨੁਮਾ ਹੁੰਦੀਆਂ ਸਨ । ਅੱਜ ਕੱਲ੍ਹ ਭਾਵੇਂ ਪੜ੍ਹਾਈ ਦਾ ਬੋਝ ਬੱਚਿਆਂ ‘ਤੇ ਬਹੁਤ ਵਧ ਗਿਆ ਹੈ , ਬੱਚੇ ਘਰੋਂ ਬਾਹਰ ਜਾ ਕੇ ਖੇਡਣਾ ਘੱਟ ਗਏ ਹਨ ਤੇ ਟੀ .ਵੀ. ‘ਤੇ ਕਾਰਟੂਨ ਜਾਂ ਵੀਡੀਓ ਗੇਮਾਂ ਖੇਡਣਾ ਪਸੰਦ ਕਰਨ ਲੱਗ ਪਏ ਹਨ , ਪਰ ਕੁਝ ਵੀ ਹੋਵੇ , ਭਾਵੇਂ ਜ਼ਮਾਨਾ ਬਦਲ ਗਿਆ ਹੋਵੇ , ਪਰ ਇੱਕ ਗੱਲ ਸੱਚ ਹੈ ਕਿ ਬੰਦੇ ਦਾ ਬਚਪਨ “ ਬਚਪਨ “ ਹੀ ਹੁੰਦਾ ਹੈ ਤੇ ਇਹ ਸਮਾਂ ਬਹੁਤ ਵਧੀਆ , ਮਸਤੀ ਭਰਿਆ ਹੁੰਦਾ ਹੈ ਅਤੇ ਹਰ ਕਿਸੇ ਨੂੰ ਆਪਣੇ ਬਚਪਨ ਦੀਆਂ ਯਾਦਾਂ , ਖੇਡਾਂ , ਪੜ੍ਹਾਈ , ਮਾਸਟਰ ਜੀ , ਰਿਸ਼ਤੇਦਾਰ , ਦੋਸਤ , ਆਂਢ – ਗੁਆਂਢ , ਸਕੂਲ , ਸ਼ਰਾਰਤਾਂ ਤੇ ਖੱਟੀਆਂ – ਮਿੱਠੀਆਂ ਯਾਦਾਂ ਚੰਗੀਆਂ ਲੱਗਦੀਆਂ ਹਨ ਤੇ ਸਦਾ ਯਾਦ ਰਹਿੰਦੀਆਂ ਹਨ । ਬਚਪਨ ਨੂੰ ਯਾਦ ਕਰਕੇ ਸੱਚਮੁੱਚ ਬੰਦਾ ਕਿਤੇ ਖੋਅ ਹੀ ਜਾਂਦਾ ਹੈ ਅਤੇ ਕੁਝ ਪਲ ਦੇ ਲਈ ਭਾਵੁਕ ਵੀ ਜ਼ਰੂਰ ਹੋ ਜਾਂਦਾ ਹੈ।