ਦੇਸ਼ ਵਿਚ ਵਧਦੀ ਬੇਰੋਗਜਾਰੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹਲਾਤ ਇਸ ਲਈ ਵੀ ਗੰਭੀਰ ਹਨ, ਕਿਉ ਉਚੇਰੀ ਸਿੱਖਿਆ ਹਾਸਲ ਕਰ ਚੁੱਕੇ ਨੌਜੁਆਨਾ ਦੀ ਗਿਣਤੀ ‘ਚ ਤੇਜੀ ਨਾਲ ਵਾਧਾ ਹੋ ਰਿਹਾ ਹੈ, ਪਰ ਨੌਕਰੀਆਂ ਨਹੀਂ ਹਨ।
ਦੁਨੀਆਂ ਦੀ ਕੋਈ ਵੀ ਸਰਕਾਰ ਜਿਹੜੇ ਕੁਝ ਮੁੱਦਿੱਆਂ ‘ਤੇ ਆਪਣੀ ਨਕਾਮੀ ਨੂੰ ਛੇਤੀ ਕਿਤੇ ਸਵੀਕਾਰ ਨਹੀਂ ਕਰਦੀ ਹੈ ਉਹਨਾਂ ਵਿਚ ਭੁੱਖ ਨਾਲ ਹੋਣ ਵਾਲੀਆਂ ਮੌਤਾਂ ਅਤੇ ਬੇਰੋਜ਼ਗਾਰੀ ਜਿਹੇ ਮੁੱਦੇ ਖਾਸ ਹੁੰਦੇ ਹਨ। ਹਾਲਾਂਕਿ ਇਸਦਾ ਇਕ ਵੱਡਾ ਕਾਰਨ ਇਹ ਹੈ ਕਿ ਗੁਣਵੱਤਾ ਹੀਣ ਉਚੇਰੀ ਸਿੱੱਖਿਆ ਨੇ ਡਿਗਰੀ ਧਾਰਕਾਂ ਦੀ ਗਿਣਤੀ ਤੇਜੀ ਨਾਲ ਵਧਾਈ ਹੈ। ਅਜਿਹੇ ‘ਚ ਉਹ ਸਿੱਖਿਅਤ ਤਾਂ ਹਨ, ਪਰ ਉਨ੍ਹਾਂ ਦੀ ਸਿੱਖਿਆ ਤੈਅ ਸਿਲੇਬਸ ਦੇ ਮਾਪਦੰਡ ‘ਤੇ ਖ਼ਰੀ ਨਹੀਂ ਉਤਰਦੀ ਅਤੇ ਨਤੀਜਾ ਇਹ ਹੁੰਦਾ ਹੈ ਕਿ ਰੋਜ਼ਗਾਰ ਨਹੀਂ ਮਿਲ ਪਾਉਂਦਾ।ਹਾਲਾਂਕਿ ਸਿੱਖਿਆ ਦਾ ਮਕਸਦ ਸਿਰਫ ਦੇਸ਼ ਦੇ ਨਾਗਰਿਕਾਂ ਨੂੰ ਪੜ੍ਹੇ-ਲਿਖੇ ਬਣਾ ਦੇਣ ਦਾ ਨਹੀਂ ਹੈ, ਸਗੋਂ ਲੋਕਾਂ ਵਿਚ ਯੋਗਤਾ ਦਾ ਵਿਕਾਸ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਦੇ ਦਰਵਾਜ਼ੇ ‘ਤੇ ਪਹੁੰਚਾਉਣਾ ਹੀ ਆਖ਼ਰੀ ਟੀਚਾ ਹੈ। ਪਰ ਇਸ ਪੱਖੋਂ ਸਾਡੀ ਸਿੱਖਿਆ ਹਜੇ ਤੱਕ ਆਪਣੇ ਮਕਸਦ ਵਿਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਪਾਈ ਹੈ।
ਉਚੇਰੀ ਸਿੱਖਿਆ ਅਤੇ ਰੋਜ਼ਗਾਰ ਪ੍ਰਾਪਤੀ ਵਿਚਕਾਰ ਵਧਦੇ ਫਰਕ ਦੇ ਕਾਰਨ ਸਾਡੀ ਸਿੱਖਿਆ ਪ੍ਰਣਾਲੀ ਸਿਰਫ ਗ੍ਰੈਜੂਏਟ ਹੀ ਪੈਦਾ ਕਰ ਪਾ ਰਹੀ ਹੈ। ਉਸ ਵਿਚ ਐਨੀ ਤਾਕਤ ਨਹੀਂ ਹੈ ਕਿ ਸਭ ਦੇ ਲਈ ਰੋਜ਼ਗਾਰ ਯਕੀਨੀ ਕਰ ਸਕੇ। ਉਚੇਰੀ ਸਿੱਖਿਆ ਹਾਸਲ ਕਰਨ ਵਾਲੇ ਨੌਜੁਆਨ ਵੀ ਆਪਣੇ ਭਵਿੱਖ ਬਾਰੇ ਅਸੁਰੱਖਿਅਤ ਹੀ ਮਹਿਸੂਸ ਕਰ ਰਹੇ ਹਨ।
ਦਰਅਸਲ, ਵਧਦੀ ਜੰਨ ਸੰਖਿਆ ਮੁਤਾਬਕ ਰੋਜ਼ਗਾਰ ਦੇ ਵਸੀਲੇ ਪੈਦਾ ਨਾ ਹੋਣ ਕਾਰਨ ਦੇਸ਼ ਵਿਚ ਬੇਰੋਜ਼ਗਾਰੀ ਦਾ ਪੱਧਰ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ। ਦੇਸ਼ ਵਿਚ ਬੇਰੋਜ਼ਗਾਰੀ ਸਮਾਜਕ ਕੋਹੜ ਬਣ ਚੁੱਕੀ ਹੈ। ਅੱਜ ਭਾਰਤ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਵਧ ਬੇਰੋਜ਼ਗਾਰ ਅਬਾਦੀ ਵਾਲੇ ਦੇਸ਼ਾਂ ‘ਚ ਕੀਤੀ ਜਾਂਦੀ ਹੈ। ਤ੍ਰਾਸਦੀ ਇਹ ਹੈ ਕਿ ਦੇਸ਼ ‘ਚ ਇਕ ਪਾਸੇ ਰੋਜ਼ਗਾਰ ਦੇ ਮੌਕਿਆਂ ਦਾ ਕਾਲ ਪਿਆ ਹੋਇਆ ਹੈ, ਤਾਂ ਦੂਜੇ ਪਾਸੇ ਉਪਲਬਧ ਮੌਕਿਆਂ ‘ਚ ਵੀ ਲਗਾਤਾਰ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ।
2016-17 ਦੇ ਆਰਥਕ ਸਰਵੇਖਣ ‘ਤੇ ਗੌਰ ਕਰੀਏ ਤਾਂ ਪਤਾ ਚੱਲਦਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਦੇਸ਼ ‘ਚ ਹਰ ਸਾਲ ਹਜਾਰਾਂ ਨੌਕਰੀਆਂ ਖਤਮ ਹੋ ਰਹੀਆਂ ਹਨ। ਉਦਯੋਗ ਜਗਤ ਨਵੀਆਂ ਨੌਕਰੀਆਂ ਪੈਦਾ ਨਹੀਂ ਕਰ ਪਾ ਰਿਹਾ ਹੈ। ਦੁਜ਼ੇ ਪਾਸੇ ਸਾਡੇ ਖੇਤੀ ਪ੍ਰਧਾਨ ਮੁਲਕ ‘ਚ ਖੇਤੀ -ਕਿਸਾਨੀ ‘ਚ ਰੋਜ਼ਗਾਰ ਵਧਾਉਣ ਦੀ ਗੁੰਜਾਇਸ਼ ਲਗਪਗ ਖਤਮ ਹੁੰਦੀ ਜਾ ਰਹੀ ਹੈ। ਪੇਂਡੂ ਨੌਜੁਆਨ ਹੁਣ ਪੁਸ਼ਤੈਨੀ ਖੇਤੀ ਛੱਡ ਕੇ ਨੌਕਰੀ ਜਾਂ ਦਿਹਾੜੀ -ਮਜ਼ਦੂਰੀ ਦੀ ਤਲਾਸ਼ ‘ਚ ਪਿੰਡਾ ਤੋਂ ਨਿਕੱਲ ਰਹੇ ਹਨ ।
ਮਸਲਨ ਦੇਸ਼ ‘ਚ ਰੋਜ਼ਗਾਰ ਮੰਗਣ ਵਾਲੇ ਨਵੇਂ ਨੌਜੁਆਨਾ ਦੀ ਗਿਣਤੀ ਘੱਟੋਘੱਟ ਡੇਢ ਕਰੋੜ ਪ੍ਰਤੀ ਸਾਲ ਦੀ ਰਫਤਾਰ ਨਾਲ ਵਧ ਰਹੀ ਹੈ। ਸਹੀ-ਸਹੀ ਮੁਲਾਂਕਣ ‘ਚ ਮੁਸ਼ਕਲ ਇਹ ਹੈ ਕਿ ਸਰਕਾਰ ਕਈ ਵਾਰ ਬੇਰੋਜ਼ਗਾਰੀ ਦੇ ਆਂਕੜੇ ਦੱਸਣ ‘ਚ ਆਪਣੀ ਅਸਮਰੱਥਾ ਬਿਆਨ ਕਰ ਚੱਕੀ ਹੈ।
ਖ਼ੁਦ ਨੀਤੀ ਆਯੋਗ ਨੇ ਕਬੂਲ ਕੀਤਾ ਸੀ ਕਿ ਇਹ ਆਂਕੜੇ ਉਪਲਬਧ ਨਹੀਂ ਹਨ। ਕਿੰਨੇ ਲੋਕ ਨੌਕਰੀਆਂ ਤਲਾਸ਼ ਕਰ ਰਹੇ ਹਨ , ਇਸਦਾ ਕਾਫੀ ਕੁਝ ਅੰਦਾਜਾ ਸਰਕਾਰੀ ਨੌਕਰੀਆਂ ‘ਚ ਭਰਤੀ ਪ੍ਰਕਿਰਿਆ ਦੇਖ ਕੇ ਵੀ ਲਾਇਆ ਜਾ ਸਕਦਾ ਹੈ।
ਭਰਤੀ ਪ੍ਰਕਿਰਿਆ ਨੂੰ ਲੈਕੇ ਨੌਜੁਆਨਾਂ ‘ਚ ਕਾਫੀ ਅਸੰਤੁਸ਼ਟੀ ਹੈ। ਹਾਲਾਂਕਿ ਇਹ ਉਹ ਥੋੜ੍ਹੇ ਬੇਰੋਜ਼ਗਾਰ ਨੌਜੁਆਨ ਹਨ ਜਿਹਨਾਂ ਨੇ ਸਰਕਾਰੀ ਨੌਕਰੀ ‘ਚ ਭਰਤੀ ਦੀ ਪ੍ਰਕਿਰਿਆ ਵਿਚੋਂ ਆਪਣੇ ਆਪ ਨੂੰ ਲੰਘਾਇਆ ਹੈ ਅਤੇ ਕਈ ਮਹੀਨਿਆਂ ਤੋਂ ਨਿਯੁਕਤੀ ਪੱਤਰ ਦੇ ਇੰਤਜ਼ਾਰ ‘ਚ ਹਨ। ਪਰ ਉਹ ਨੌਜੁਆਨ ਜੋ ਇਕ ਅਸਾਮੀ ਦੇ ਲਈ ਪੰਜ ਹਜਾਰ ਤੋਂ ਵੱਧ ਗਿਣਤੀ ‘ਚ ਅਰਜੀ ਫਾਰਮ ਭੇਜਦੇ ਹਨ ਅਤੇ ਅਸਫਲ ਰਹਿੰਦੇ ਹਨ, ਉਹਨਾਂ ਦੀ ਗਿਣਤੀ ਕਰੋੜਾਂ ਵਿਚ ਹੈ। ਵਾਕਈ ਸਾਡੇ ਦੇਸ਼ ‘ਚ ਇਹ ਬਹੁਤ ਵਡੀ ਤ੍ਰਾਸਦੀ ਹੈ ਕਿ ਪੀ ਨੌਜੁਆਨ ਵੀ ਦਰਜ਼ਾ ਚਾਰ ਦੀ ਨੌਕਰੀ ਕਰਨ ਲਈ ਤਿਆਰ ਹਨ।