ਸਮਰਾਲਾ, 18 ਅਕਤੂਬਰ (ਕਮਲਜੀਤ)- ਪੰਜਾਬ ਅੰਦਰ 21 ਅਕਤੂਬਰ ਨੂੰ ਪੁਲਿਸ ਸ਼ਹੀਦੀ ਦਿਵਸ ਮਨਾਇਆ ਜਾਵੇਗਾ। ਇਸ ਦੌਰਾਨ ਪੰਜਾਬ ਦੀ ਅਮਨ ਸ਼ਾਂਤੀ ਬਹਾਲ ਕਰਨ ਲਈ ਪਿਛਲੇ ਅੱਤਵਾਦ ਦੌਰਾਨ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਅਤੇ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਨੂੰ ਸਰਧਾਂਜਲੀ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਹਰਿੰਦਰ ਸਿੰਘ ਮਾਨ ਅਤੇ ਥਾਣਾ ਮੁਖੀ ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਜਿਲਾ ਖੰਨਾ ਵੱਲੋ ਵੀ 21 ਅਕਤੂਬਰ ਨੂੰ ਪੁਲਿਸ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। 21 ਅਕਤੂਬਰ ਨੂੰ ਪੁਲਿਸ ਸ਼ਹੀਦੀ ਦਿਵਸ ਦੌਰਾਨ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਹਰਿਉ ਖੁਰਦ ਦੇ ਸ਼ਹੀਦ ਸਿਪਾਹੀ ਖੁਸ਼ੀ ਰਾਮ ਦਾ ਜਨਮ ਮਾਤਾ ਨਛੱਤਰ ਕੌਰ ਦੀ ਕੁੱਖੋਂ ਪਿਤਾ ਰਾਮ ਲਾਲ ਦੇ ਘਰ ਹੋਇਆ। ਪਹਿਲੀ ਤੋਂ ਪੰਜਵੀਂ ਤੱਕ ਦੀ ਪੜਾਈ ਪ੍ਰਾਇਮਰੀ ਸਕੂਲ ਹਰਿਉ ਖੁਰਦ ਵਿਖੇ ਕੀਤੀ। ਉਸ ਤੋਂ ਬਾਅਦ ਛੇਵੀਂ ਤੋਂ ਦਸਵੀਂ ਤੱਕ ਦੀ ਪੜਾਈ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸਮਰਾਲਾ ਤੋਂ ਕੀਤੀ। ਇਸ ਉਪਰੰਤ ਉਹਨਾਂ ਦਾ ਵਿਆਹ ਸ੍ਰੀਮਤੀ ਸੁਦੇਸ਼ ਰਾਣੀ ਪੁੱਤਰੀ ਸਾਧੂ ਰਾਮ ਵਾਸੀ ਸਮਾਣਾ ਜਿਲਾ ਰੋਪੜ ਨਾਲ ਹੋਇਆ। ਉਹਨਾਂ ਦੇ ਦੋ ਲੜਕੇ ਅਤੇ ਇੱਕ ਲੜਕੀ ਪੈਦਾ ਹੋਈ। ਖੁਸ਼ੀ ਰਾਮ ਸੰਨ 1984 ਵਿਚ ਸਿਪਾਹੀ ਜਿਲਾ ਸੰਗਰੂਰ ਵਿਖੇ ਭਰਤੀ ਹੋਇਆ ਸੀ। ਖੁਸ਼ੀ ਰਾਮ ਆਪਣੇ ਘਰ ਹਰਿਉ ਖੁਰਦ ਵਿਖੇ ਅਚੇਨਚੇਤ ਛੁੱਟੀ ਕੱਟਣ ਆਇਆ ਹੋਇਆ ਸੀ ਤਾਂ ਅੱਤਵਾਦੀਆਂ ਨੇ ਮਿਤੀ 01 ਫਰਵਰੀ 1991 ਨੂੰ ਉਸ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਸ਼ਹੀਦ ਸੁਰੇਸ਼ ਚੰਦ ਦਾ ਜਨਮ ਮਾਤਾ ਭਗਵਤੀ ਦੇਵੀ ਦੀ ਕੁੱਖੋਂ ਪਿਤਾ ਜੀਤ ਰਾਮ ਦੇ ਘਰ ਪਿੰਡ ਸਿਹਾਲਾ ਵਿਖੇ 14 ਮਾਰਚ 1966 ਨੂੰ ਹੋਇਆ। ਸੰਨ 1971 ਵਿਚ ਕੰਗ ਮੁਹੱਲਾ ਸਮਰਾਲਾ ਵਿਖੇ ਆ ਕੇ ਰਹਿਣ ਲੱਗੇ। ਉਹਨਾਂ ਆਪਣੀ ਮੁੱਢਲੀ ਪੜਾਈ ਪ੍ਰਾਇਮਰੀ ਸਕੂਲ ਸਮਰਾਲਾ ਤੋਂ ਕੀਤੀ। ਸੰਨ 1982 ਵਿਚ ਪੰਜਾਬ ਹੋਮਗਾਰਡ ਲੁਧਿਆਣਾ ਵਿਖੇ ਗਾਰਡ ਭਰਤੀ ਹੋਇਆ। ਉਹਨਾਂ ਦਾ ਵਿਆਹ 1983 ਵਿਚ ਸ੍ਰੀਮਤੀ ਉਰਮਿਲਾ ਦੇਵੀ ਨਾਲ ਦਿੱਲੀ ਵਿਖੇ ਹੋਇਆ। ਉਹਨਾਂ ਦੇ ਦੋ ਲੜਕੇ ਅਤੇ ਇੱਕ ਲੜਕੀ ਪੈਦਾ ਹੋਈ। ਮਿਤੀ 05 ਅਪ੍ਰੈਲ 1991 ਨੂੰ ਉਹ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਸਨ। ਇਸੇ ਤਰ੍ਹਾਂ ਸਿਪਾਹੀ ਸੁੱਚਾ ਸਿੰਘ ਵਾਸੀ ਨੇੜੇ ਆਈ.ਟੀ.ਆਈ. ਸਮਰਾਲਾ ਦਾ ਜਨਮ ਨਾਨਕ ਰਾਮ ਦੇ ਘਰ ਹੋਇਆ। ਉਹਨਾਂ ਬੀ.ਏ. ਦੀ ਪੜਾਈ ਮਾਲਵਾ ਕਾਲਜ ਬੋਂਦਲੀ ਸਮਰਾਲਾ ਤੋਂ ਪੂਰੀ ਕੀਤੀ। ਉਹਨਾਂ ਦਾ ਵਿਆਹ ਸ੍ਰੀਮਤੀ ਛਿੰਦਰ ਕੌਰ ਨਾਲ ਹੋਇਆ। ਉਹਨਾਂ ਦੇ ਘਰ ਇੱਕ ਬੇਟੀ ਅਤੇ ਇੱਕ ਬੇਟੇ ਨੇ ਜਨਮ ਲਿਆ। ਉਹ ਡਿਊਟੀ ਦੌਰਾਨ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਮਿਤੀ 18 ਜੂਨ 1988 ਨੂੰ ਸ਼ਹੀਦੀ ਪਾ ਗਿਆ। ਇਸੇ ਤਰ੍ਹਾਂ ਕੁਲਦੀਪ ਸਿੰਘ ਵਾਸੀ ਪਿੰਡ ਸ਼ਾਮਗੜ੍ਹ ਸਮਰਾਲਾ ਦਾ ਜਨਮ ਪ੍ਰੀਤਮ ਸਿੰਘ ਦੇ ਘਰ ਹੋਇਆ। ਉਹਨਾਂ ਆਪਣੀ ਪੰਜਵੀਂ ਤੱਕ ਦੀ ਪੜਾਈ ਸਰਕਾਰੀ ਸਕੂਲ ਸ਼ਾਮਗੜ੍ਹ ਤੋਂ ਕੀਤੀ। ਉਹਨਾਂ ਦਾ ਵਿਆਹ ਸ੍ਰੀਮਤੀ ਪਰਮਜੀਤ ਕੌਰ ਨਾਲ ਹੋਇਆ। ਉਹਨਾਂ ਦੇ ਘਰ ਇੱਕ ਲੜਕਾ ਅਤੇ ਇੱਕ ਲੜਕੀ ਪੈਦਾ ਹੋਈ। ਉਹ ਜਨਵਰੀ 1990 ਵਿਚ ਅੱਤਵਾਦੀਆਂ ਨਾਲ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ। ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਹਰਿੰਦਰ ਸਿੰਘ ਮਾਨ ਅਤੇ ਥਾਣਾ ਮੁਖੀ ਸਿਕੰਦਰ ਸਿੰਘ ਚੀਮਾ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। 21 ਅਕਤੂਬਰ ਨੂੰ ਖੰਨਾ ਵਿਖੇ ਮਨਾਏ ਜਾ ਰਹੇ ਪੁਲਿਸ ਸ਼ਹੀਦੀ ਦਿਵਸ ਦੌਰਾਨ ਐਸ.ਐਸ.ਪੀ. ਖੰਨਾ ਸ੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਸ਼ਹੀਦੀ ਪਰਿਵਾਰਾਂ ਨੂੰ ਸਨਮਾਨਿਤ ਕਰਨਗੇ ਅਤੇ ਸ਼ਹੀਦ ਹੋਏ ਜਵਾਨਾਂ ਨੂੰ ਸਰਧਾਂਜਲੀ ਭੇਂਟ ਕੀਤੀ ਜਾਵੇਗੀ।



