ਇਕ ਸਾਲ ਪਹਿਲਾਂ ਮਾਪਿਆਂ ਨੇ ਕਰਜ਼ਾ ਚੁੱਕ ਕੇ ਰੋਜ਼ੀ ਰੋਟੀ ਖਾਤਰ ਭੇਜਿਆ ਸੀ ਵਿਦੇਸ਼
ਕਾਹਨੂੰਵਾਨ, 17 ਅਕਤੂਬਰ (ਡਾ. ਜਸਪਾਲ ਸਿੰਘ ਭਿੱਟੇਵੱਡ)- ਬੀਤੇ ਕੁਝ ਦਿਨਾਂ ਪਹਿਲਾਂ ਦਿਲ ਦੇ ਦੌਰੇ ਕਾਰਨ ਅਮਰੀਕਾ ਵਿੱਚ ਮਾਰੇ ਗਏ ਇੱਥੋਂ ਨਜ਼ਦੀਕੀ ਪਿੰਡ ਚੱਕ ਸ਼ਰੀਫ਼ ਦੇ ਨੌਜਵਾਨ ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਪਿੰਡ ਵਿੱਚ ਪਹੁੰਚਣ ਬਾਅਦ ਅੰਤਿਮ ਸਸਕਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਰੂਪ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਨੂੰ ਉਸ ਦੇ ਮਾਪਿਆਂ ਨੇ ਰੋਜ਼ੀ ਰੋਟੀ ਦੀ ਖ਼ਾਤਰ ਕਰਜ਼ਾ ਚੁੱਕ ਕੇ ਕਰੀਬ ਇਕ ਸਾਲ ਪਹਿਲਾਂ ਵਿਦੇਸ਼ ਵਿੱਚ ਭੇਜਿਆ ਸੀ। ਲਵਪ੍ਰੀਤ ਸਿੰਘ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਵਿਦੇਸ਼ ਜਾਣ ਤੋਂ ਬਾਅਦ ਉਹ ਇਕ ਬੱਚੇ ਦਾ ਬਾਪ ਵੀ ਬਣ ਚੁੱਕਾ ਸੀ। ਅਮਰੀਕਾ ਵਿੱਚ ਪਹੁੰਚ ਕੇ ਉਹ ਕੋਈ ਛੇ ਮਹੀਨੇ ਪਹਿਲਾਂ ਨਿਊ ਜਰਸੀ ਸ਼ਹਿਰ ਵਿੱਚ ਇਕ ਚੰਗੇ ਰੁਜ਼ਗਾਰ ਤੇ ਵੀ ਲੱਗ ਚੁੱਕਾ ਸੀ ਕਿ ਮਾਰੀ ਕਿਸਮਤ ਨਾਲ 20 ਦਿਨ ਪਹਿਲਾਂ ਰਾਤ ਸਮੇਂ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਅੱਜ ਉਸ ਦੀ ਮ੍ਰਿਤਕ ਦੇਹ ਦਾ ਪਿੰਡ ਪਹੁੰਚਣ ਬਾਅਦ ਧਾਰਮਿਕ ਰਸਮਾਂ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਕਾਰਨ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਅੰਤਿਮ ਰਸਮਾਂ ਵਿੱਚ ਇੰਦਰਜੀਤ ਸਿੰਘ ਜਕੜੀਆ, ਪਰਮਜੀਤ ਸਿੰਘ, ਅਮਨਦੀਪ ਸਿੰਘ, ਜਗਜੀਤ ਸਿੰਘ, ਸੁੱਚਾ ਸਿੰਘ, ਕੁਲਵਿੰਦਰ ਸਿੰਘ, ਬਲਦੇਵ ਸਿੰਘ ਆਦਿ ਸਮੇਤ ਸੈਂਕੜੇ ਲੋਕ ਹਾਜ਼ਰ ਹੋਏ।



