ਚੰਡੀਗੜ੍ਹ, 29 ਸਤੰਬਰ- ਪੰਜਾਬ ਵਿਧਾਨ ਸਭਾ ਵਲੋਂ ਚਾਰ ਸੀਟਾਂ ‘ਤੇ ਹੋ ਰਹੀ ਜ਼ਿਮਨੀ ਚੋਣ ਲਈ ਭਾਜਪਾ ਨੇ ਆਪਣੇ ਹਿੱਸੇ ਦੀਆਂ ਦੋ ਸੀਟਾਂ ਲਈ ਉਮੀਦਵਾਰ ਐਲਾਨ ਦਿੱਤੇ ਹਨ। ਫਗਵਾੜਾ ਤੋਂ ਦਲਿਤ ਆਗੂ ਸ਼੍ਰੀ ਰਾਜੇਸ਼ ਬਾਘਾ ਤੇ ਮੁਕੇਰੀਆਂ ਤੋਂ ਸ਼੍ਰੀ ਜੰਗੀ ਲਾਲ ਮਹਾਜਨ ਨੂੰ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ। ਦੋਵਾਂ ਸੀਟਾਂ ‘ਤੇ ਪਾਰਟੀ ਨੇ ਕਾਂਗਰਸ ਦੀ ਹੀ ਤਰਜ਼ ‘ਤੇ ਨਵੇਂ ਚਿਹਰਿਆਂ ਨੂੰ ਤਰਜੀਹ ਦਿੱਤੀ ਹੈ। ਭਾਜਪਾ ਨੇ ਸ੍ਰੀ ਵਿਜੇ ਸਾਂਪਲਾ ਤੇ ਸ੍ਰੀ ਸੋਮ ਪ੍ਰਕਾਸ਼ ਦੀ ਧੜੇਬੰਦੀ ਨੂੰ ਦੇਖਦੇ ਹੋਏ ਫਗਵਾੜਾ ਦੀ ਜ਼ਿਮਨੀ ਚੋਣ ਲਈ ਨਵੇਂ ਚਿਹਰੇ ਰਾਜੇਸ਼ ਬਾਘਾ ਨੂੰ ਮੈਦਾਨ ‘ਚ ਉਤਾਰਿਆ ਹੈ।।ਕਾਂਗਰਸ, ‘ਆਪ’, ਬਸਪਾ ਤੇ ਲੋਕ ਇਨਸਾਫ਼ ਪਾਰਟੀ ਪਹਿਲਾਂ ਹੀ ਉਮੀਦਵਾਰ ਐਲਾਨ ਚੁੱਕੀਆਂ ਹਨ। ਸ਼੍ਰੀ ਰਾਜੇਸ਼ ਬਾਘਾ ਪੁਰਾਣੇ ਦਲਿਤ ਨੇਤਾ ਹਨ। ਉਨ੍ਹਾਂ ਨੇ ਭਾਜਪਾ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਵਿੱਚ ਲੰਮਾ ਸਮਾਂ ਕੰਮ ਕੀਤਾ ਹੈ। ਸਾਫ਼-ਸੁੱਥਰੇ ਅਕਸ ਕਾਰਨ ਉਨ੍ਹਾਂ ਨੂੰ ਫਗਵਾੜਾ ਵਿੱਚ ਭਾਰੀ ਜਨਤਕ ਸਮਰਥਨ ਮਿਲ ਸਕਦਾ ਹੈ। ਫਗਵਾੜਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਭਾਜਪਾ ਲਈ ਵੱਡੀ ਅਹਿਮੀਅਤ ਰੱਖਦੀ ਹੈ। ਇਹ ਹਲਕਾ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਦੇ ਲੋਕ ਸਭਾ ਹਲਕੇ ਵਿੱਚ ਪੈਂਦਾ ਹੈ। ਦੂਸਰੇ ਪਾਸੇ ਸ਼ਰੀ ਜੰਗੀ ਲਾਲ ਮਹਾਜਨ ਵੀ ਇੱਕ ਮਜ਼ਬੂਤ ਉਮੀਦਵਾਰ ਸਮਝੇ ਜਾ ਰਹੇ ਹਨ। ਮੁਕੇਰੀਆਂ ਹਲਕੇ ‘ਤੇ ਕਾਂਗਰਸ ਕਾਬਜ਼ ਰਹੀ ਹੈ।



