ਮਾਲੇਰਕੋਟਲਾ, 8 ਸਤੰਬਰ (ਅਸ਼ੋਕ ਜੋਸ਼ੀ)- ਸਥਾਨਕ ਦਿੱਲੀ ਗੇਟ ਦੇ ਬਾਹਰਵਾਰ ਪੰਜਾਬ ਉਰਦੂ ਅਕਾਦਮੀ ਵਿੱਚ ਨਵੇਂ ਬਣੇ ਆਡੀਟੋਰੀਅਮ ਦਾ ਉਦਘਾਟਨ ਪੰਜਾਬ ਦੀ ਟਰਾਂਸਪੋਰਟ ਅਤੇ ਵਾਟਰ ਸੈਨੀਟੇਸ਼ਨ ਵਿਭਾਗ ਦੀ ਕੈਬਨਿਟ ਮੰਤਰੀ ਸ਼੍ਰੀ ਮਤੀ ਰਜ਼ੀਆ ਸੁਲਤਾਨਾ ਵੱਲੋਂ ਕੀਤਾ ਗਿਆ। ਨਵੇਂ ਬਣੇ ਇਸ ਏਅਰ ਕੰਡੀਸ਼ਨਡ ਥੀਏਟਰਨੁਮਾ ਖੂਬਸੂਰਤ ਆਡੀਟੋਰੀਅਮ ਦੇ ਉਦਘਾਟਨ ਮੌਕੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੈਡਮ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਉਨ੍ਹਾਂ ਦੀ ਚਿਰਾਂ ਤੋਂ ਦਿਲੀ ਇੱਛਾ ਸੀ ਕਿ ੳਰਦੂ ਅਕਾਦਮੀ ਵਿੱਚ ਬੁੱਧੀਜੀਵੀ ਲੋਕਾਂ ਲਈ ਹਰ ਤਰਾਂ ਦੇ ਸਮਾਰੋਹ ਕਰਨ ਲਈ ਆਡੀਟੋਰੀਅਮ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ਜੋ ਉਨਾਂ ਦਾ ਸੁਪਨਾ ਹੁਣ ਪੂਰਾ ਹੋ ਗਿਆ ਹੈ। ਉਨਾਂ ਕਿਹਾ ਕਿ ਇਹ ਸਭ ਤੋਂ ਵਧੀਆ
ਆਡੀਟੋਰੀਅਮ ਜਿਸ ਵਿੱਚ ਲੱਗਭੱਗ 170 ਵਿਅਕਤੀਆਂ ਦੇ ਬੈਠਣ ਦਾ ਪ੍ਰਬੰਧ ਹੈ ਦੇ ਬਣਨ ਨਾਲ ਹੁਣ ਇਸਦੇ ਇਸਤੇਮਾਲ ਤੋਂ ਆਪਸੀ ਵਿਚਾਰ ਵਟਾਂਦਰੇ ਰਾਹੀਂ ਸ਼ਹਿਰ ਨਿਵਾਸੀਆਂ ਦਾ ਬੌਧਿਕ ਵਿਕਾਸ ਤਾਂ ਹੋਵੇਗਾ ਹੀ , ਨਾਲ ਹੀ ਦੇਸ਼ ਵਿਦੇਸ਼ ਦੇ ਬੁੱਧੀ ਜੀਵੀਆਂ, ਲੇਖਕਾਂ , ਸ਼ਾਇਰਾਂ ਦੇ ਦਰਸ਼ਨ ਵੀ ਹੋ ਸਕਣਗੇ ਕਿਉਂਕਿ ਸ਼ਹਿਰ ਵਿੱਚ ਉੱਚ ਪੱਧਰ ਦੇ ਆਡੀਟੋਰੀਅਮ ਦੀ ਘਾਟ ਸੀ।ਅਪਣੇ ਸੰਬੋਧਨ ਵਿੱਚ ਉਨਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਹੁੰਦੇ ਹੋਏ ਉਹ ਸ਼ਹਿਰ ਦੇ ਬਸ ਸਟੈਂਡ ਦੀ ਨੁਹਾਰ ਬਦਲਣਗੇ । ਇਸਦੇ ਨਾਲ ਹੀ ਉਨਾਂ ਕਿਹਾ ਕਿ ਸ਼ਹਿਰ ਨੂੰ ਜਿਲ੍ਹਾ ਬਨਾਉਣ ਅਤੇ ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਵੀ ਹਰ ਹਾਲ ਪੂਰਾ ਕੀਤਾ ਜਾਵੇਗਾ ਜਿਸ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰ ਚੁੱਕੇ ਹਨ। ਇਸ ਮੌਕੇ ਪੰਜਾਬ ਉਰਦੂ ਅਕਾਦਮੀ ਵੱਲੋਂ ਆਲ ਇੰਡੀਆ ਮੁਸ਼ਾਇਰਾ ਵੀ ਕਰਵਾਇਆ ਗਿਆ ਜਿਸ ਵਿੱਚ ਮਸ਼ਹੂਰ ਸ਼ਾਇਰ ਸਰਦਾਰ ਪੰਛੀ, ਇਕਬਾਲ ਅਸ਼ਹਰ, ਮਹਿਕ ਭਾਰਤੀ, ਜਸਪ੍ਰੀਤ ਕੌਰ ਫਲਕ, ਬਰਕਤ ਹੋਲਟ (ਹਾਸ ਰਸ ਕਵੀ) ਅਤੇ ਡਾ. ਮੁਹੰਮਦ ਰਫੀ ਨੇ ਅਪਣੇ ਕਲਾਮ ਪੇਸ਼ ਕਰਕੇ ਸਰੋਤਿਆਂ ਤੋਂ ਭਰਪੂਰ ਵਾਹ ਵਾਹ ਖੱਟੀ । ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੇ ਵੀ ਅਪਣਾ ਕਲਾਮ ਪੇਸ਼ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ।ਸਮਾਰੋਹ ਨੂੰ ਪੰਜਾਬ ਉਰਦੂ ਅਕਾਦਮੀ ਦੇ ਸਕੱਤਰ ਸ਼੍ਰੀ ਲਤੀਫ ਅਹਿਮਦ ਥਿੰਦ ਪੀ.ਸੀ.ਐਸ. (ਐਸ.ਡੀ.ਐਮ., ਫਗਵਾੜਾ) ਨੇ ਵੀ ਸੰਬੋਧਨ ਕੀਤਾ। ਸਮਾਰੋਹ ਵਿੱਚ ਮੈਡਮ ਰਜ਼ੀਆ ਸੁਲਤਾਨਾ ਵੱਲੋਂ ਡਾ. ਇਨਾਮ ਦਾ ਪੀ ਐਚ. ਡੀ. ਦਾ ਥਿਸਿਜ਼ ਅਤੇ ਨੌਰੀਨ ਅਸ਼ਰਫ ਦੀ ਕਿਤਾਬ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਐਸ.ਪੀ. ਸ਼੍ਰੀ ਮਨਜੀਤ ਸਿੰਘ ਬਰਾੜ, ਡਾ. ਮੁਹੰਮਦ ਸ਼ਬੀਰ, ਅਨਵਾਰ ਅਹਿਮਦ ਪੋਸਟ ਮਾਸਟਰ, ਡਾ. ਮੁਹੰਮਦ ਇਰਫਾਨ ਫਾਰੂਕੀ, ਸਾਜਿਦ ਇਸ਼ਹਾਕ, ਅਨਵਰ ਮਹਿਬੂਬ, ਐਡਵੋਕੇਟ ਅੱਯਾਜ਼ ਅਹਿਮਦ, ਚੇਅਮੈਨ ਪੰਜਾਬ ਹੱਜ ਕਮੇਟੀ ਅਬਦੁਲ ਰਸ਼ੀਦ ਖਿਲਜੀ, ਮਹਿੰਦਰ ਦੀਪ, ਅਸ਼ੋਕ ਸਿੰਗਲਾ, ਮਹਿੰਦਰ ਸਿੰਘ ਪਰੂਥੀ, ਨਗਰ ਕੌਂਸਲ ਪ੍ਰਧਾਨ ਇਕਬਾਲ ਫੌਜੀ , ਚੌਧਰੀ ਮੁਹੰਮਦ ਬਸ਼ੀਰ, ਫਾਰੂਕ ਅੰਸਾਰੀ, ਸ਼ੇਖ ਸੱਜਾਦ ਹੂਸੈਨ, ਪੀ.ਏ. ਦਰਬਾਰਾ ਸਿੰਘ ਅਤੇ ਸਾਕਿਬ ਅਲੀ ਵੀ ਹਾਜਰ ਸਨ।