ਸੱਤਾ ਧਿਰ ਅਤੇ ਪੁਲਿਸ ’ਤੇ ਜ਼ਮੀਨੀ ਮਾਮਲੇ ਵਿੱਚ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼
ਤਲਵੰਡੀ ਸਾਬੋ, 30 ਅਗਸਤ (ਰਾਮ ਰੇਸ਼ਮ ਨਥੇਹਾ)- ਅੱਜ ਸਥਾਨਕ ਅਦਾਲਤੀ ਕੰਪਲੈਕਸ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੇਸ਼ੀ ਭੁਗਤਣ ਆਏ ਨੇੜਲੇ ਪਿੰਡ ਮਲਕਾਣਾ ਦੇ ਇੱਕ ਕਿਸਾਨ ਨੇ ਅਦਾਲਤ ਵਿੱਚ ਕੋਈ ਜਹਿਰੀਲੀ ਵਸਤੂ ਨਿਗਲ ਲਈ।ਕਿਸਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਮੀਨੀ ਮਾਮਲੇ ਵਿੱਚ ਇੱਕ ਕਾਂਗਰਸੀ ਆਗੂ ਅਤੇ ਡੀ.ਐੱਸ.ਪੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਨੂੰ ਜਹਿਰ ਖਾਣ ਦਾ ਕਾਰਣ ਦੱਸਿਆ ਜਦੋਂ ਕਿ ਪੁਲਿਸ ਅਧਿਕਾਰੀ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਸਾਨ ਖਿਲਾਫ ਕਾਰਵਾਈ ਦੀ ਗੱਲ ਕਹੀ ਹੈ। ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਜੇਰੇ ਇਲਾਜ ਪਿੰਡ ਮਲਕਾਣਾ ਦੇ ਕਿਸਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਜਸਵਿੰਦਰ ਕੌਰ ਨਾਂ ਦੀ ਲੜਕੀ ਤੋਂ ਉਨਾਂ ਨੇ 14 ਕਨਾਲ ਜਮੀਨ ਖਰੀਦੀ ਸੀ ਜਿਸਦੀ ਰਜਿਸਟਰੀ ਵੀ ਉਨਾਂ ਦੇ ਨਾਂ ਤੇ ਹੈ ਅਤੇ ਕਬਜਾ ਵੀ ਹੈ ਪ੍ਰੰਤੂ ਹੁਣ ਜਿੱਥੇ ਡੀ.ਐੱਸ.ਪੀ ਤਲਵੰਡੀ ਸਾਬੋ ਉਨਾਂ ਤੇ ਦਬਾਅ ਬਣਾ ਰਿਹਾ ਹੈ ਕਿ ਜਮੀਨ ਵੇਚਕਾਰਾਂ ਨੂੰ ਵਾਪਿਸ ਕਰੇ ਉੱਥੇ ਪਿੰਡ ਦਾ ਸਰਪੰਚ ਭੂੰਦੜ ਸਿੰਘ ਵੀ ਕਥਿਤ ਤੌਰ ਤੇ ਇੱਕ ਕਾਂਗਰਸੀ ਆਗੂ ਦੀ ਸਹਾਇਤਾ ਨਾਲ ਉਸਨੂੰ ਜਮੀਨ ਵਾਪਿਸ ਕਰਨ ਲਈ ਮਜਬੂਰ ਕਰ ਰਹੇ ਹਨ।ਹੁਣ ਕਿਤੋਂ
ਇਨਸਾਫ ਨਾ ਮਿਲਦਾ ਦੇਖ ਕੇ ਅੱਜ ਉਸਨੇ ਮਜਬੂਰੀ ਵੱਸ ਪੇਸ਼ੀ ਭੁਗਤਣ ਦੌਰਾਨ ਅਦਾਲਤ ਵਿੱਚ ਜਹਿਰੀਲੀ ਵਸਤੂ ਨਿਗਲ ਕੇ ਜਾਨ ਦੇਣ ਦੀ ਕੋਸ਼ਿਸ ਕੀਤੀ ਹਾਲਾਂ ਕਿ ਉਹ ਸਫਲ ਨਹੀ ਹੋ ਸਕਿਆ।ਦੂਜੇ ਪਾਸੇ ਪਿਤਾ ਨਾਲ ਪੇਸ਼ੀ ਤੇ ਆਏ ਕਿਸਾਨ ਦੇ ਪੁੱਤਰ ਗੁਰਦਾਸ ਸਿੰਘ ਨੇ ਦੱਸਿਆ ਕਿ ਸੱਤਾਧਿਰ ਅਤੇ ਪੁਲਿਸ ਦੀ ਮਿਲੀਭੁਗਤ ਸਦਕਾ ਉਸਦੇ ਪਿਤਾ ਦੀ ਜਾਨ ਖਤਰੇ ਵਿੱਚ ਹੈ ਤੇ ਉਨਾਂ ਦੀ ਕਿਧਰੇ ਸੁਣਵਾਈ ਨਹੀ ਹੋ ਰਹੀ ਇਸ ਕਾਰਨ ਉਸਦੇ ਪਿਤਾ ਨੇ ਮਜਬੂਰਨ ਅੱਜ ਇਹ ਕਦਮ ਉਠਾਉਣ ਦੀ ਕੋਸ਼ਿਸ ਕੀਤੀ ਪਰ ਮੌਕੇ ਤੇ ਉਸਨੂੰ ਬਚਾ ਲਿਆ ਗਿਆ।ਪੀੜਿਤਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ। ਉੱਧਰ ਜਿੱਥੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਭੂੰਦੜ ਨੇ ਉਕਤ ਮਾਮਲੇ ਵਿੱਚ ਆਪਣੇ ਜਾਂ ਕਾਂਗਰਸੀ ਆਗੂ ਦਾ ਮਾਮਲੇ ਵਿੱਚ ਕੋਈ ਹੱਥ ਹੋਣ ਤੋਂ ਇਨਕਾਰ ਕਰਦਿਆਂ ਮਾਮਲੇ ਦੀ ਪੜਤਾਲ ਮੰਗੀ ਹੈ ਉੱਥੇ ਡੀ.ਐੱਸ.ਪੀ ਤਲਵੰਡੀ ਸਾਬੋ ਹਰਪਾਲ ਸਿੰਘ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਲਿਸ ਤੇ ਲੱਗੇ ਦੋਸ਼ਾਂ ਨੂੰ ਆਧਾਰਹੀਣ ਦੱਸਦਿਆਂ ਕਿਹਾ ਕਿ ਉਹ ਉਕਤ ਵਿਅਕਤੀ ਨੂੰ ਜਾਣਦੇ ਤੱਕ ਨਹੀ।ਉਨਾਂ ਦੱਸਿਆ ਕਿ ਉਕਤ ਵਿਅਕਤੀ ਨੇ ਇੱਕ ਲੜਕੀ ਦੇ ਪਿਤਾ ਤੋਂ 50 ਹਜਾਰ ਰੁਪਏ ਬਦਲੇ ਤਿੰਨ ਕਨਾਲਾਂ ਜਮੀਨ ਦੀ ਥਾਂ 14 ਕਨਾਲ ਜਮੀਨ ਦੀ ਰਜਿਸਟਰੀ ਧੋਖੇ ਨਾਲ ਕਰਵਾ ਲਈ ਸੀ ਕਿਉਂਕਿ ਲੜਕੀ ਦਾ ਪਿਤਾ ਨਸ਼ੇੜੀ ਕਿਸਮ ਦਾ ਸੀ।ਉਨਾਂ ਦੱਸਿਆ ਕਿ 2016 ਵਿੱਚ ਉਕਤ ਵਿਅਕਤੀ ਤੇ ਤਤਕਾਲੀ ਡੀ.ਐੱਸ.ਪੀ ਤਲਵੰਡੀ ਸਾਬੋ ਵੱਲੋਂ ਜਾਂਚ ਉਪਰੰਤ 420 ਦਾ ਪਰਚਾ ਦਰਜ ਕੀਤਾ ਗਿਆ ਸੀ ਤੇ ਅੱਜ ਇਹ ਕਿਸੇ ਹੋਰ ਮਾਮਲੇ ਵਿੱਚ ਪੇਸ਼ੀ ਭੁਗਤਣ ਆਏ ਸਨ ਜਿੱਥੇ ਉਸਨੇ ਸਪਰੇਅ ਵਰਗੀ ਕੋਈ ਚੀਜ ਨਿਗਲ ਲਈ।ਉਨਾਂ ਕਿਹਾ ਕਿ ਦੋਵਾਂ ਪਿਉ ਪੁੱਤਾਂ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।