April 28, 2026 8:53 pm

550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ‘ਚ 506 ਪਿੰਡਾਂ ਵਿੱਚ ਬੂਟੇ ਲਗਾਉਣ ਦੀ ਪ੍ਰਕਿਰਿਆ ਮੁਕੰਮਲ : ਘਨਸ਼ਿਆਮ ਥੋਰੀ

ਸੰਗਰੂਰ, 25 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜ਼ਿਲਾ ਸੰਗਰੂਰ ਦੇ ਸਾਰੇ ਪਿੰਡਾਂ ਵਿੱਚ ਵਣ ਵਿਭਾਗ ਵੱਲੋਂ ਬੂਟੇ ਲਗਾਉਣ ਦੀ ਚੱਲ ਰਹੀ ਪ੍ਰਕਿਰਿਆ ਛੇਤੀ ਹੀ ਮੁਕੰਮਲ ਹੋਣ ਵਾਲੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮਿੱਥੇ ਗਏ ਟੀਚੇ ਦੇ ਤਹਿਤ 506 ਪਿੰਡਾਂ ਵਿੱਚ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਬਾਕੀ 89 ਪਿੰਡਾਂ ਵਿੱਚ ਵੀ ਵਿਭਾਗੀ ਟੀਮਾਂ ਵੱਲੋਂ ਪਿੰਡ ਵਾਸੀਆਂ ਤੇ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਇਸ ਪ੍ਰਕਿਰਿਆ ਨੂੰ ਪੂਰਾ ਕਰ ਲਿਆ ਜਾਵੇਗਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲੇ ਵਿੱਚ 6 ਨਾਨਕ ਬਗੀਚੀਆਂ ਵੀ ਤਿਆਰ ਕੀਤੀਆਂ ਗਈਆਂ ਹਨ ਜਿਨਾਂ ਵਿੱਚ ਰਵਾਇਤੀ ਰੁੱਖ ਨਿੰਮ, ਬੋਹੜ, ਕਿੱਕਰ, ਡੇਕ, ਜੰਡ, ਪਿੱਪਲ, ਸੁਹੰਜਣਾ ਦੇ ਨਾਲ-ਨਾਲ ਅੰਬ, ਜਾਮਣ, ਬੇਰ, ਅਮਲਤਾਸ, ਸੁਖਚੈਨ ਆਦਿ ਲਗਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਪਿੰਡ ਵਿੱਚ 550 ਬੂਟੇ ਲਗਵਾਉਣ ਦੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜ਼ਿਲਾ ਸੰਗਰੂਰ ਵਿੱਚ ਵੱਡੀ ਗਿਣਤੀ ਵਿੱਚ ਜਾਗਰੂਕਤਾ ਸੈਮੀਨਾਰ ਤੇ ਚੇਤਨਾ ਰੈਲੀਆਂ ਕਰਵਾ ਕੇ ਵਿਦਿਆਰਥੀਆਂ ਸਮੇਤ ਸਾਰੇ ਵਰਗਾਂ ਨੂੰ ਬੂਟੇ ਲਗਾਉਣ ਅਤੇ ਰੁੱਖਾਂ ਦੀ ਸਹੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨਾਂ ਕਿਹਾ ਕਿ ਇਹ ਮੁਹਿੰਮ ਕੁਦਰਤ ਨਾਲ ਨੇੜਤਾ ਪੈਦਾ ਕਰਨ ਵਿੱਚ ਸਾਰਥਕ ਬਣੇਗੀ ਅਤੇ ਨੇੜ ਭਵਿੱਖ ਵਿੱਚ ਆਲਾ-ਦੁਆਲਾ ਵੀ ਹਰਿਆਲੀ ਭਰਪੂਰ ਹੋਵੇਗਾ।ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਵਣ ਮੰਡਲ ਅਧਿਕਾਰੀ ਸ਼੍ਰੀਮਤੀ ਵਿਦਿਆ ਸਾਗਰੀ ਨੇ ਦੱਸਿਆ ਕਿ ਬਲਾਕ ਅਹਿਮਦਗੜ ਦੇ 57 ਪਿੰਡਾਂ, ਅੰਨਦਾਣਾ ਦੇ 38, ਭਵਾਨੀਗੜ ਦੇ 65, ਧੂਰੀ ਦੇ 50, ਦਿੜਬਾ ਦੇ 45, ਲਹਿਰਾਗਾਗਾ ਦੇ 50, ਮਲੇਰਕੋਟਲਾ ਦੇ 61, ਸੰਗਰੂਰ ਦੇ 63, ਸ਼ੇਰਪੁਰ ਦੇ 35 ਅਤੇ ਸੁਨਾਮ ਊਧਮ ਸਿੰਘ ਵਾਲਾ ਦੇ 42 ਪਿੰਡਾਂ ਵਿੱਚ ਬੂਟੇ ਲਗਾਏ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਸੰਗਰੂਰ ਰੇਂਜ ਦੇ ਪਿੰਡਾਂ ਬਹਾਦਰਪੁਰ, ਦੁੱਗਾਂ, ਬਾਲਦ ਕਲਾਂ, ਭਿੰਡਰਾਂ, ਮੀਮਸਾ ਅਤੇ ਖੇੜੀ ਜੱਟਾਂ ਵਿਖੇ ਨਾਨਕ ਬਗੀਚੀਆਂ ਬਣਾਈਆਂ ਗਈਆਂ ਹਨ।

Send this to a friend