‘ਉਹ ਜੋ ਛੱਡ ਗਿਆ ਸੀ ਮੁੜ ਆਇਆ
ਮੈਨੂੰ ਘੁੱਟ ਕੇ ਸੀਨੇ ਨਾਲ ਲਾਇਆ
ਚੁੰਮ ਕੇ ਮੇਰੇ ਮੱਥੇ ਨੂੰ
ਮੈਨੂੰ ਮੱਥਾ ਟੇਕ ਰਿਹਾ ਸੀ
ਅੱਖ ਖੁੱਲ੍ਹੀ ਤੇ ਪਤਾ ਲੱਗਿਆ
ਮੈਂ ਤੇ ਸੁਪਨੇ ਵੇਖ ਰਿਹਾ ਸੀ’
ਇਹ ਦਰਦ-ਏ-ਦਿਲ ਮਹਿਜ ਚਰਚਿਤ ਪੰਜਾਬੀ ਗਾਇਕ-ਨਾਇਕ ਅਮਰਿੰਦਰ ਗਿੱਲ ਦਾ ਹੀ ਨਹੀਂ, ਇਸ ਸੁਪਨੇ ਦੇ ਭੁਲੇਖੇ ਤਾਂ ਮਹਾਰਾਜਾ ਅਮਰਿੰਦਰ ਸਿੰਘ ਨਾਲ ਆਹਢਾ ਲੈਣ ਵਾਲੇ ਬੇਬਾਕ ਕਾਂਗਰਸੀ ਤੋਂ ਲੈ ਕੇ ਕਾਂਗਰਸ ਦਾ ਹਰ ਸ਼ਖਸ ਪੀੜ-ਗ੍ਰਸਤ ਹੈ। ਆਪਣੇ ਸਿਆਸੀ ਭਵਿੱਖ ਦੇ ਮੰਝਧਾਰ ਵਿਚ ਅਟਕਣ ਤੋਂ ਪ੍ਰੇਸ਼ਾਨ ਇਨ੍ਹਾਂ ‘ਚੋਂ ਤਕਰੀਬਨ ਹਰ ਦਿਲ ਦੀ ਪੁਕਾਰ ਹੈ ਕਿ ਕਾਸ਼ ਇਹ ਸੁਪਨਾ ਨਹੀਂ ਹਕੀਕਤ ਹੁੰਦੀ!
…ਤੇ ਇਹ ਪੁਕਾਰ ਦੁਹਾਈਆਂ ਪਾਉਂਦੇ ਦਿਲ ਦੀ ਹੈ ਵੀ ਕੁਦਰਤੀ। ਆਖਰ ‘ਜਿਹੜੇ ਕਹਿੰਦੇ ਸੀ ਖੜ੍ਹਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ’ ਦਾ ਕੌੜਾ ਅਹਿਸਾਸ ਕਰਾਉਣ ਦਾ ਕਲੰਕ ਉਨ੍ਹਾਂ ਦੇ ਆਪਣੇ ਨੌਜਵਾਨ ਕਮਾਂਡਰ ਦੇ ਮੱਥੇ ‘ਤੇ ਹੀ ਕਿਉਂ ਲੱਗਿਆ ਜਿਸ ਨੇ ਉਨ੍ਹਾਂ ਦੀ ਹੋਣੀ ਬਣ ਨਿਰਾਸ਼ਾ ਦੇ ਆਲਮ ਵਿਚ ਧੱਕ ਦਿੱਤਾ।
ਹਾਲ ਹੀ ਵਿਚ ਹੋਈਆਂ ਮੁਲਕ ਦੀਆਂ ਆਮ ਚੋਣਾਂ ਦੌਰਾਨ ਖਾਹਮਖਾਹ ‘ਬਲੀ ਦਾ ਬੱਕਰਾ’ ਬਣਾ ਕੇ ਲਈ ਗਈ ਸਿਆਸੀ ਬਲੀ ਦੇ ਬਾਵਜੂਦ ਇਹਦਾ ਮੁੱਲ ਨਾ ਪੈ ਸਕਣ ਤੋਂ ਕਸੀਸ ਵੱਟੀ ‘ਖਾਮੋਸ਼’ ਹੋ ਗਏ ਕੈਪਟਨ-ਬਾਦਲ’ ‘ਫਰੈਂਡਲੀ ਮੈਚ’ ਖਿਡਾਉਣ ਤੋਂ ਪਰਦਾ ਲਾਹੁਣ ਲਈ ਨਿੱਤਰੇ ਨਵਜੋਤ ਸਿੱਧੂ ਬਾਰੇ ਤਾਂ ਚਰਚਾ ਕਦੀ ਫਿਰ ਸਹੀ, ਪਰ ਕਾਂਗਰਸ ‘ਚ ਹਰ ਸ਼ਖਸ ਪ੍ਰੇਸ਼ਾਨ ਜਿਹਾ ਨਜ਼ਰ ਆ ਰਿਹਾ ਹੈ।
ਕਾਂਗਰਸ ਨੂੰ ਆਪਣੀ ਸਾਹ ਰਗ ਮੰਨਣ ਵਾਲਿਆਂ ਨੂੰ ਇਸ ਗੱਲ ਦਾ ਡਾਹਢਾ ਦੁੱਖ ਤੇ ਰੰਜ ਹੈ ਕ ਸੰਕਟ ਸਮੇਂ ਕਦੇ ਕਮਾਂਡਰ ਵੀ ਯੁੱਧ ਦਾ ਮੈਦਾਨ ਛੱਡ ਕੇ ਭੱਜਦਾ ਹੈ।…ਤੇ ਫਿਰ ਉਹ ਵੀ ਉਦੋਂ ਜਦੋਂ ਉਹਦੇ ਮਾਤਹਿਤਾਂ ਨੂੰ ਹਾਲਾਤ ਨਾਲ ਲੜਨ ਲਈ ਆਪਣੇ ਨੇਤਾ ਦੇ ਮਾਰਗ ਦਰਸ਼ਨ ਤੇ ਹੱਲਾ ਸ਼ੇਰੀ ਦੀ ਬੇਹੱਦ ਲੋੜ ਹੁੰਦੀ ਹੈ।
ਦਿਲ ਤਾਂ ਇਸ ਕਮਾਂਡਰ ਦੀ ਦਾਦੀ ਇੰਦਰਾ ਗਾਂਧੀ ਨੇ ਤਦ ਵੀ ਨਹੀਂ ਸੀ ਛੱਡਿਆ ਜਦ ਉਹਨੇ ਹਿੰਦੁਸਤਾਨ ਦੀ ਸਭ ਤੋਂ ਸ਼ਕਤੀਸ਼ਾਲੀ ਹੁਕਮਰਾਨ ਹੋਣ ਦੇ ਬਾਵਜੂਦ ਅਦਾਲਤ ‘ਚ ਹਾਰ ਜਾਣ ਦੇ ਬਾਵਜੂਦ ਐਮਰਜੈਂਸੀ ਲਾ ਕੇ ਧੜੱਲੇ ਨਾਲ ਆਪਣੀ ਹਕੂਮਤ ਬਰਕਰਾਰ ਰੱਖੀ। ਜੂਨ 1975 ‘ਚ ਲਾਈ ਮੁਲਕ ਵਿਚ ਇਸ ਐਮਰਜੈਂਸੀ ਦਾ ਖਮਿਆਜ਼ਾ ਉਹਨੂੰ ਇਸ ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ਸਮੇਂ ਮਿਲੀ ਨਾਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਕੇ ਭੁਗਤਣਾ ਪਿਆ। ਇਥੋਂ ਤੱਕ ਕਿ ਤਦ ਉਹ ਰਾਏਬਰੇਲੀ ਵਾਲੀ ਆਪਣੀ ਲੋਕ ਸਭਾ ਸੀਟ ਹੀ ਨਹੀਂ ਹਾਰੀ, ਕਰਨਾਟਕ ‘ਚ ਚਿਕਮਗਲੂਰ ਤੋਂ ਵੀ ਆਪਣਾ ਸਿਆਸੀ ਵੱਕਾਰ ਨਾ ਬਚਾ ਸਕੀ। ਪਰ ਦਿਲ ਨਹੀਂ ਸੀ ਛੱਡਿਆ ਤੇ 1980 ਵਿਚ ਹੀ ਮੁੜ ਧਮਾਕੇਦਾਰ ਵਾਪਸੀ ਨਾਲ ਫਿਰ ਤੋਂ ਮੁਲਕ ਦੀ ਹੁਕਮਰਾਨ ਬਣੀ।
ਇਸ ਸਾਲ ਮਈ ਵਿਚ ਹੋਈਆਂ ਲੋਕ ਸਭਾ ਦੀਆਂ ਆਮ ਚੋਣਾਂ ‘ਚ ਬੇਸ਼ੱਕ ਕਾਂਗਰਸ ਨੂੰ ਨਿਰਾਸ਼ਾਜਨਕ ਤੇ ਨਾਮੋਸ਼ੀ ਭਰੀ ਹਾਰ ਮਿਲੀ, ਪਰ ਦਿਲ ਛੱਡਣ ਦੀ ਬਜਾਏ ਆਪਣੇ ਦਲ ਨੂੰ ਹੋਰ ਮਜਬੂਤ ਕਰਨ ਦੀ ਜ਼ਿੰਮੇਵਾਰੀ ਰਾਹੁਲ ਦੇ ਮੋਢਿਆਂ ‘ਤੇ ਸੀ, ਪਰ ਇਸ ਤੋਂ ਭੱਜ ਪਾਰਟੀ ਨੂੰ ਨਵਾਂ ਪ੍ਰਧਾਨ ਚੁਣਨ ਲਈ ਮਜਬੂਰ ਕਰਨ ਦੇ ਆਪਣੇ ਨਿਰਣੇ ‘ਤੇ ਅੜੇ ਰਹਿਣ ਦੇ ਨਾ ਮੁਆਫ਼ੀਯੋਗ ਅੜੀਅਲ ਰਵੱਈਏ ਨੂੰ ਨਾ ਕੇਵਲ ਆਲੋਚਕ ਸਗੋਂ ਕਾਂਗਰਸੀ ਵੀ ਹਮੇਸ਼ਾ ਆਪਣੇ ਚੇਤਿਆਂ ‘ਚ ਰੱਖਣਗੇ।
ਹਿੰਦੁਸਤਾਨ ਦੇ ਹੁਕਮਰਾਨ ਨਰੇਂਦਰ ਮੋਦੀ ਨਾਲ ਪੂਰਾ ਖਹਿ ਕੇ ਆਹਢਾ ਲੈਂਦੇ ਆ ਰਹੇ ਕਾਂਗਰਸ ਪ੍ਰਧਾਨ ਤੋਂ ਅਸਤੀਫ਼ਾ ਦੇ ਚੁੱਕੇ ਰਾਹੁਲ ਗਾਂਧੀ ਹੁਣ ‘ਪੱਪੂ’ ਨਹੀਂ ਰਹੇ ਜੋ ਕਈ ਬਿਖੜੇ ਪੈਂਡੇ ਲੰਘ ਕਈ ਔਖੇ ਇਮਤਿਹਾਨ ਪਾਸ ਕਰਦਿਆਂ ਪ੍ਰਪੱਕ ਲੀਡਰ ਬਣਨ ਦਾ ਸੁਪਨਾ ਸਾਕਾਰ ਕਰਦੇ ਨਜ਼ਰ ਆ ਰਹੇ ਸਨ। ਆਪਣੀ ਭੈਣ ਪ੍ਰਿਅੰਕਾ ਨੂੰ ਕਾਂਗਰਸ ਦੀ ਜਨਰਲ ਸਕੱਤਰ ਬਣਾਉਣ ਦਾ ਫੈਸਲਾ ਇੰਨੀ ਚੌਕਸੀ ਨਾਲ ਲਿਆ ਕਿ ਰਾਹੁਲ ਨੇ ਆਪਣੇ ਖਾਸ ਨੇੜਲੇ ਲੋਕਾਂ ਨੂੰ ਵੀ ਭਿਣਕ ਤੱਕ ਨਹੀਂ ਸੀ ਪੈਣ ਦਿੱਤੀ। ਇਹ ਗੱਲ ਵੱਖਰੀ ਕਿ ਭਾਜਪਾ ਨੇ ਤਾਂ ਤਦ ਵੀ ਪਹਿਲਾਂ ਹੀ ਸ਼ੋਸ਼ਾ ਛੱਡ ਦਿੱਤਾ ਸੀ ਕਿ ਪ੍ਰਿਅੰਕਾ ਨੂੰ ਉਤਾਰਨਾ ਕਾਂਗਰਸ ਪ੍ਰਧਾਨ ਰਾਹੁਲ ਦੀ ‘ਨਾਕਾਮੀ’ ਦਾ ਸੰਕੇਤ ਹੈ।
ਮੋਦੀ ਤੂਫ਼ਾਨ ‘ਚ ਘਿਰੇ ਕਾਂਗਰਸੀ ਬੇੜੇ ਲਈ ਉਹਦੇ ਨਵੇਂ ਮਲਾਹ ਰਾਹੁਲ-ਪ੍ਰਿਅੰਕਾ ਲੋਕ ਸਭਾ ਦੇ ਠਾਠਾਂ ਮਾਰਦੇ ਚੋਣ ਹੜ੍ਹ ‘ਚੋਂ ਸੁਰੱਖਿਅਤ ਬਾਹਰ ਲਿਆ ਕੇ ਦਿੱਲੀ ਤਖਤ ‘ਤੇ ਕਾਬਜ਼ ਹੋਣ ‘ਚ ਬੇਸ਼ੱਕ ਸਿਰੇ ਦੇ ਫਾਡੀ ਹੀ ਨਹੀਂ, ਬੁਰੀ ਤਰ੍ਹਾਂ ਅਸਫ਼ਲ ਰਹੇ, ਪਰ ਮੰਝਧਾਰ ‘ਚ ਆਪਣਿਆਂ ਨੂੰ ਥੋੜÎੀ ਕੋਈ ਇਸ ਤਰ੍ਹਾਂ ਛੱਡ ਖੁਦ ਕਿਨਾਰੇ ‘ਤੇ ਜਾ ਬੈਠਦਾ ਹੈ!
ਕਮਾਲ ਇਹ ਕਿ ਬੇਹੱਦ ਖ਼ੂਬਸੂਰਤ, ਆਕਰਸ਼ਕ, ਮਧੁਰ ਸਲੀਕੇ ਨਾਲ ਲਬਰੇਜ਼ ਪ੍ਰਿਅੰਕਾ ‘ਤੇ ਆਪਣੀ ਦਾਦੀ ਇੰਦਰਾ ਦੀ ਛਾਪ ਦੇ ਅਸਰ ਦਾ ਹੀ ਕਮਾਲ ਸੀ ਕਿ ਸ਼ਿਵ ਸੈਨਾ ਨੇ ਵੀ ‘ਇੰਦਰਾ ਇਜ਼ ਬੈਕ’ ਦਾ ਸ਼ਰਫ਼ ਹਾਸਲ ਕਰਨ ਵਾਲੀ ਪ੍ਰਿਅੰਕਾ ਗਾਂਧੀ ਦੇ ਸਰਗਰਮ ਸਿਆਸਤ ਵਿਚ ਪੈਰ ਧਰਨ ‘ਤੇ ਕਬੂਲਿਆ ਕਿ ਜੇ ਉਹ ਆਪਣੇ ‘ਸਿਆਸੀ ਪੱੱਤੇ’ ਢੰਗ ਨਾਲ ਚੱਲੇ ਤਾਂ ‘ਰਾਣੀ’ ਬਣ ਕੇ ਉੱਭਰ ਸਕਦੀ ਹੈ।
ਪਰ ਪੰਜਾਬੀ ਦੇ ਕੀਟਸ ਮਰਹੂਮ ਸ਼ਿਵ ਦੇ ਬੋਲ :
‘ਕਰਮਾਂ ਦੀ ਮਹਿੰਦੀ ਦਾ ਸੱਜਣਾ
ਰੰਗ ਕਿਵੇਂ ਦੱਸ ਚੜ੍ਹਦਾ ਵੇ
ਜੇ ਕਿਸਮਤ ਮਿਰਚਾਂ ਦੇ ਪੱਤਰ,
ਪੀਠ ਤਲੀ ‘ਤੇ ਲਾਏ ਵੇ’
ਬੇਸ਼ੱਕ ਵਕਤ ਤੋਂ ਖੁੰਝ ਚੁੱਕੀ ਕਾਂਗਰਸ ਲੀਡਰਸ਼ਿਪ ‘ਤੇ ਬਿਲਕੁਲ ਸਹੀ ਬੈਠਦੇ ਹਨ, ਪਰ ਹੌਸਲਾ ਹਾਰ ਕੇ ਪਾਰਟੀ ਨੂੰ ਢਹਿੰਦੀਆਂ ਕਲਾਂ ‘ਚ ਲਿਜਾਣ ਵਾਲੇ ਕਦੇ ਸ਼ਕਤੀਸ਼ਾਲੀ ਨੇਤਾ ਨਹੀਂ ਬਣ ਸਕਦੇ।
2019 ਵਿਚ ਕਾਂਗਰਸ ਬੈਕ ਫੁੱਟ ‘ਤੇ ਨਹੀਂ, ਸਗੋਂ ਫਰੰਟ ਫੁੱਟ ‘ਤੇ ਖੇਡੇਗੀ ਦਾ ਸੁਪਨਾ ਵਿਖਾਉਣ ਵਾਲੇ ਰਾਹੁਲ ਖੁਦ ਹੀ ਹੁਣ ਬੈਕ ਫੁੱਟ ‘ਤੇ ਚਲੇ ਗਏ ਹਨ। ਕਾਂਗਰਸ ਪਾਰਟੀ ਨੂੰ ਇਸ ਨਾਜ਼ਕ ਹਾਲਾਤ ਵਿਚ ਛੱਡ ਪਾਰਟੀ ਦੀ ਇੱਛਾ ਨੁੰ ਦਰਕਿਨਾਰ ਕਰਦਿਆਂ ਬੇਸ਼ੱਕ ਰਾਹੁਲ ਨੇ ਪਾਰਟੀ ਪ੍ਰਧਾਨ ਨਾ ਬਣੇ ਰਹਿਣ ਦੀ ਆਪਣੀ ‘ਜ਼ਿੱਦ’ ਪੁਗਾ ਲਈ ਹੈ, ਪਰ ਫਿਰ ਵੀ ਕਿੰਨਾ ਚੰਗਾ ਹੁੰਦਾ ਜੇ ਕਾਂਗਰਸ ਦੀ ਕਮਾਨ ਏਸੇ ਪਰਿਵਾਰ ਕੋਲ ਹੀ ਰਹਿਣੀ ਸੀ ਤਾਂ ਨਵਾਂ ਬੇਦਾਗ ਚਿਹਰਾ, ਮੁਟਿਆਰ ਲੁੱਕ, ਤੇਜ਼-ਤਰਾਰ ਪ੍ਰਿਅੰਕਾ ਜਿਸਦੀ ਇਮੇਜ਼ ਪ੍ਰਪੱਕ ਮਹਿਲਾ ਦੀ ਰਹੀ ਹੈ ਅਤੇ ਮੁਲਕ ਦੀ ਕਦੇ ਸ਼ਕਤੀਸ਼ਾਲੀ ਹੁਕਮਰਾਨ ਬਣਨ ਲਈ ਦੇਸ਼ ਦਾ ਇਕ ਵੱਡਾ ਵਰਗ ਉਹਦੇ ‘ਚ ਇੰਦਰਾ ਦਾ ਅਕਸ ਵੇਖ ਰਿਹਾ ਹੈ, ਨੂੰ ਹੀ ਪਾਰਟੀ ਦੀ ਨਵੀਂ ‘ਕਮਾਂਡਰ’ ਬਣਾ ਲਿਆ ਜਾਂਦਾ।
ਹਾਲਾਂਕਿ ਸੰਨ 2017 ਵਿਚ ਰਾਹੁਲ ਗਾਂਧੀ ਨੂੰ ਕਮਾਨ ਸੌਂਪ ਕੇ ਸਾਰਾ ਮੈਦਾਨ ਉਹਦੇ ਲਈ ਖੁੱਲ੍ਹਾ ਛੱਡ ਦੇਣ ਵਾਲੀ ਉਸ ਦੀ ਮਾਂ ਸੋਨੀਆ ਗਾਂਧੀ ਨੇ 1998 ਵਿਚ ਤਰਸਯੋਗ ਹਾਲਤ ‘ਚ ਮਿਲੀ ਕਾਂਗਰਸ ਦੀ ਵਿਰਾਸਤ ਸੰਭਾਲ ਕੇ 2004-2014 ਤੱਕ ਮੁਲਕ ਦੀ ਹੁਕਮਰਾਨ ਪਾਰਟੀ ਬਣਾਉਣ ਵਾਂਗ ਮੁੜ ਸੁਨਹਿਰੀ ਭਵਿੱਖ ਲਈ ਕਾਂਗਰਸ ਦੀ ਆਰਜੀ ਕਮਾਨ ਸੰਭਾਲ ਲਈ ਹੈ। ਆਪਣੀ ਖਰਾਬ ਸਿਹਤ ਦੇ ਬਾਵਜੂਦ ਬਦਲੇ ਹੋਏ ਹਾਲਾਤ ‘ਚ ਹਾਸ਼ੀਏ ‘ਤੇ ਜਾ ਚੁੱਕੀ ਆਪਣੀ ਪਾਰਟੀ ਨੂੰ ‘ਸਿੱਧੇ ਰਾਹ’ ਪਾਉਣ ਦਾ ਬੀੜਾ ਚੁੱਕਣ ਨਾਲ ਸੋਨੀਆ ਦੇ ਬਾਅਦ ਜਿਥੇ ਬੇਸ਼ੱਕ ਦੇਰ ਨਾਲ ਸਹੀ ਪ੍ਰਿਅੰਕਾ ਦੇ ਹੱਥ ਵਿਚ ਕਮਾਨ ਜਾਣ ਦੀ ਸੰਭਾਵਨਾ ਵਧ ਗਈ ਹੈ, ਉਥੇ ਰਾਹੁਲ ਰਾਜ ਵਿਚ ਹਾਸ਼ੀਏ ‘ਤੇ ਚਲੇ ਗਏ ਸੋਨੀਆ ਵਫਾਦਾਰਾਂ ਦੀ ਵੀ ਮੁੜ ਹੈਸੀਅਤ ਵਧੇਗੀ।
‘ਮੈਂ ਨਾ ਮਾਨੂੰ’ ਦੀ ਰਟ ਲਾਉਣ ਵਾਲੇ ਰਾਹੁਲ ਗਾਂਧੀ ਦੀ ਵਾਪਸੀ ਕਾਂਗਰਸ ਦੇ ਇਸ ਨਾਜ਼ੁਕ ਦੌਰ ਵਿਚ ਉਹਦਾ ਸਾਥ ਛੱਡ ਕੇ ਭੱਜ ਜਾਣ ਕਾਰਨ ਨੇੜਲੇ ਭਵਿੱਖ ਵਿਚ ਬਹੁਤ ਧੁੰਦਲੀ ਹੀ ਨਹੀਂ ਹੁੰਦੀ ਜਾ ਰਹੀ, ਸਗੋਂ ਮੁਸ਼ਕਿਲ ਜਾਪਦੀ ਹੈ।
ਸੋਨੀਆ ਵੱਲੋਂ ਇਸ ਔਖੀ ਘੜੀ ‘ਚ ਪਾਰਟੀ ਦੀ ਹਾਈ ਕਮਾਨ ਸੰਭਾਲਣ ਨੇ ਰਾਹੁਲ ਦੇ ਸਿਆਸੀ ਭਵਿੱਖ ਦਾ ਰਾਹ ਤੰਗ ਕਰ ਦਿੱਤਾ ਹੈ। ਰਾਹੁਲ ਚਹੇਤਿਆਂ ਦਾ ਦਰਦ ਸਮਝਣ ਲਈ ਅਮਰਿੰਦਰ ਗਿੱਲ ਆਖਰ ਫਿਰ ਚੇਤੇ ਆ ਗਿਆ :
ਜਦ ਮਿਲ ਕੇ ਬੈਠਾਂਗੇ
ਤਾਂ ਗੱਲਾਂ ਬਹੁਤ ਕਰਨੀਆਂ ਨੇ
ਕੁਝ ਮੇਰੇ ਰੋਣ ਦੀਆਂ
ਤੇਰੇ ਵੱਖ ਹੋਣ ਦੀਆਂ
ਲਾਉਣਾ ਗਲ ਦੇ ਨਾਲ ਤੈਨੂੰ ਮੈਂ
ਅੱਖਾਂ ਫੇਰ ਭਰਨੀਆਂ ਨੇ…।