April 27, 2026 11:36 pm

ਲੋਹੀਆਂ ਧੁੱਸੀ ਬੰਨ ਟੁੱਟਿਆ-ਇਲਾਕੇ ‘ਚ ਦਹਿਸ਼ਤ

ਲੋਹੀਆਂ ਖਾਸ, 19 ਅਗਸਤ (ਸਵਰਨ ਸਿੰਘ ਚੰਦੀ)- ਪੰਜਾਬ ਸਮੇਤ ਪੂਰੇ ਭਾਰਤ ਵਿੱਚ ਬਰਸਾਤ,ਹੜ੍ਹ ਅਤੇ ਵਿਕਰਾਲ ਪਾਣੀ ਦੇ ਰੂਪ ਦਾ ਇੱਕ ਰੰਗ ਅੱਜ ਲੋਹੀਆਂ ਖੇਤਰ ਵਿੱਚ ਉਸ ਵਕਤ ਦੇਖਣ ਨੂੰ ਮਿਲਿਆ, ਜਦ ਦਰਿਆ ਸਤਲੁਜ ਕਿਨਾਰੇ ਬਣਿਆ ਧੁੱਸੀ ਬੰਨ੍ਹ ਲੋਹੀਆਂ ਖੇਤਰ ਦੇ ਪਿੰਡ ਜਾਣੀਆਂ ਦੇ ਨਜ਼ਦੀਕ ਲਗਭਗ 80 ਫੁੱਟ ਤੱਕ ਟੁੱਟ ਗਿਆ ਅਤੇ ਬੇਵੱਸ ਪਾਣੀ ਪਰਲੋ ਦੀ ਤਰ੍ਹਾਂ ਆਸ ਪਾਸ ਦੇ ਪਿੰਡਾਂ ਚ ਫੈਲ ਗਿਆ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪਿੰਡ ਜਾਣੀਆਂ ਨਿਵਾਸੀ ਮਨਪ੍ਰੀਤ ਸਿੰਘ ਪੁੱਤਰ ਜੀਤ ਸਿੰਘ, ਜਗਤਾਰ ਸਿੰਘ,ਭਜਨ ਸਿੰਘ,ਬਲਕਾਰ ਸਿੰਘ ਅਤੇ ਤਰਸੇਮ ਸਿੰਘ ਨੇ ਦੱਸਿਆ ਕਿ ਇਹ ਬੰਨ੍ਹ ਪਿੰਡ ਜਾਣੀਆਂ ਦੇ ਮੁੱਖ ਦਵਾਰ ਅੱਗੋਂ ਲੰਘਦਾ ਹੈ।ਜਦ ਇਹ ਅਚਾਨਕ ਟੁੱਟ ਗਿਆ ਤਾਂ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਲੋਕ ਆਪਣੇ ਰਿਸ਼ਤੇਦਾਰਾਂ ਨੂੰ ਟਰੈਕਟਰ ਟਰਾਲੀਆਂ ਚ ਸਵਾਰ ਕਰਕੇ ਕਿਸੇ ਉੱਚੀ ਥਾਂ ਆਪਣੇ ਰਿਸ਼ਤੇਦਾਰਾਂ ਦੀ ਤਰਫ ਦੌੜ ਗਏ। ਆਪਣੀ ਜਾਨ ਬਚਾਉਣ ਵਾਸਤੇ ਉਨ੍ਹਾਂ ਨੇ
ਆਪਣੇ ਪਸ਼ੂਆਂ ਅਤੇ ਸਾਮਾਨ ਦੀ ਵੀ ਪ੍ਰਵਾਹ ਨਹੀਂ ਕੀਤੀ।ਜ਼ਿਕਰਯੋਗ ਹੈ ਕਿ ਬੰਨ ਟੁੱਟਣ ਤੋਂ ਇੱਕ ਘੰਟਾ ਪਹਿਲਾਂ ਡੀਸੀ ਜਲੰਧਰ ਅਤੇ ਐਸਡੀਐਮ ਸ਼ਾਹਕੋਟ ਡਾ ਚਾਰੂ ਮਿੱਤਰਾ ਆਪਣੇ ਅਮਲੇ ਸਮੇਤ ਧੁੱਸੀ ਬੰਨ੍ਹ ਦਾ ਮੁਆਇਨਾ ਕਰਕੇ ਗਏ ਸਨ ਕਿ ਉਨ੍ਹਾਂ ਦੇ ਜਾਣ ਤੋਂ ਕੁਝ ਸਮਾਂ ਬਾਅਦ ਹੀ ਬੰਨ੍ਹ ਟੁੱਟ ਗਿਆ ਅਤੇ ਪਾਣੀ ਲੱਗਭਗ ਤੇਜ਼ੀ ਨਾਲ ਮਹਿਰਾਜਵਾਲਾ ਦੀ ਤਰਫ਼ ਰਵਾਨਾ ਹੋ ਗਿਆ। ਜਿਸ ਤੋਂ ਅੱਗੇ ਲੱਗਭਗ ਇੱਕ ਦਰਜਨ ਪਿੰਡਾਂ ਨੂੰ ਖ਼ਤਰਾ ਉਤਪੰਨ ਹੋ ਗਿਆ ਹੈ।ਜਿਸ ਕਾਰਨ ਲੋਕਾਂ ਚ ਦਹਿਸ਼ਤ ਦਾ ਮਾਹੌਲ ਹੈ।

Send this to a friend