ਕੁਦਰਤ ਦੇ ਕਿੰਨੇ ਹੀ ਰੰਗ ਹਨ। ਹਰ ਰੰਗ ਮਨ ਨੂੰ ਮੋਹ ਲੈਣ ਵਾਲਾ ਹੈ। ਕੁਦਰਤ ਦੇ ਨੇੜੇ ਆਇਆਂ ਵਿਸਮਾਦ ਹੀ ਵਿਸਮਾਦ ਵਿਖਾਈ ਦਿੰਦਾ ਹੈ। ਰੱਬੀ ਦ੍ਰਿਸ਼ਟੀ ਦੇ ਸੁਆਮੀ ਗੁਰੂ ਨਾਨਕ ਸਾਹਿਬ ਨੇ ਪਵਨ , ਪਾਨੀ, ਅਗਨੀ, ਧਰਤੀ ਅੰਦਰ ਸਮੋਏ ਗੁਣਾਂ ਅੰਦਰ ਵੀ ਭਾਰੀ ਵਿਸਮਾਦ ਦੇ ਦਰਸ਼ਨ ਕਰਾਏ। ਗੁਰੂ ਸਾਹਿਬ ਨੇ ਵਚਨ ਕੀਤੇ ਕਿ ਸੰਸਾਰ ਅੰਦਰ ਵਰਤ ਰਿਹਾ ਜਨਮ ਤੇ ਮਰਨ ਦਾ ਗੇੜ ਵੀ ਵੱਡਾ ਵਿਸਮਾਦ ਹੈ “ ਵਿਸਮਾਦੁ ਧਰਤੀ ਵਿਸਮਾਦੁ ਖਾਣੀ “। ਕੁਦਰਤ ਦੇ ਇਸ ਵਿਸਮਾਦ ਨੂੰ ਗੁਰੂ ਸਾਹਿਬ ਨੇ ਪਰਮਾਤਮਾ ਦੀ ਅਨੰਤ ਸੱਤਾ ਦੇ ਪ੍ਰਮਾਣ ਵਜੋਂ ਸੰਸਾਰ ਦੇ ਸਾਹਮਣੇ ਰੱਖਿਆ “ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ “। ਗੁਰੂ ਸਾਹਿਬ ਦੀ ਬਾਣੀ ਅੰਦਰ ਕੁਦਰਤ ਦੇ ਰੰਗਾਂ ਦਾ ਬਿਆਨ ਇਕ ਖਾਸ ਮਕਸਦ ਨਾਲ ਕੀਤਾ ਗਿਆ ਹੈ। ਕੁਦਰਤ ਦੇ ਰੰਗ ਵੇਖਣ ਲਈ ਕਿਸੇ ਅੰਤਰ ਪ੍ਰੇਰਨਾ , ਆਤਮਿਕ ਚੇਤਨਾ ਦੀ ਲੋੜ ਨਹੀ ਹੁੰਦੀ। ਬਹੁਤ ਸਾਰੇ ਲੋਗ ਹਨ ਜੋ ਸੰਸਾਰ ਦੇ ਨਜਾਰਿਆਂ ‘ਚ ਰਮ ਕੇ ਆਨੰਦ ਮਾਣਦੇ ਹਨ। ਪਰ ਇਹ ਲੁਭਾਵਨੇ ਨਜਾਰੇ ਕਾਮਨਾਵਾਂ ਜਗਾਉਣ ਵਾਲੇ ਜਿਆਦਾ ਸਾਬਤ ਹੁੰਦੇ ਹਨ। ਮਨ ਥਿਰ ਨਹੀਂ ਰਹਿੰਦਾ। ਗੁਰੂ ਨਾਨਕ ਸਾਹਿਬ ਨੇ ਕੁਦਰਤ ਦੇ ਮੋਹਕ ਨਜਾਰਿਆਂ ਦਾ ਰਹੱਸ ਖੋਲਦਿਆਂ ਪਰਮਾਤਮਾ ਨਾਲ ਜੋੜਨ ਦਾ ਉਪਕਾਰ ਕੀਤਾ। ਇਸ ਲਈ ਗੁਰੂ ਸਾਹਿਬ ਨੇ ਅੰਤਰ ਦ੍ਰਿਸ਼ਟੀ ਵੀ ਬਖਸ਼ੀ। ਮਨੁੱਖ ਦਾ ਆਮ ਸੁਭਾਅ ਹੈ ਕਿ ਉਹ ਆਪਨੇ ਆਲੇ ਦੁਆਲੇ ਵਰਤ ਰਹੀਆਂ ਘੱਟਨਾਵਾਂ ਤੋਂ ਛੇਤੀ ਪ੍ਰਭਾਵਿਤ ਹੁੰਦਾ ਹੈ। ਜਿਵੇਂ ਸਾਵਣ ਦਾ ਮਹੀਨਾ ਸਭ ਤੋਂ ਸਰਸ ਮੰਨਿਆ ਗਿਆ ਹੈ। ਸਾਵਣ ਆਉਂਦਿਆ ਹੀ ਆਸਮਾਨ ਤੇ ਕਾਲੇ ਬਦੱਲ ਘਿਰ ਆਉਂਦੇ ਹਨ। ਇਸ ਨਾਲ ਪੂਰੇ ਵਾਤਾਵਰਨ ‘ਚ ਮਸਤੀ ਜਿਹੀ ਛਾ ਜਾਂਦੀ ਹੈ। ਮੋਰ ਸੁਰੀਲੀ ਆਵਾਜ ‘ਚ ਖੁਸ਼ੀ ਪਰਗਟ ਕਰਦਾ ਹੈ ਤੇ ਨਿਰਤ ਕਰਨ ਲੱਗਦਾ ਹੈ “ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ “। ਗੁਰੂ ਨਾਨਕ ਸਾਹਿਬ ਆਪਨੇ ਸਿੱਖ ਨੂੰ ਇਸ ਰਸਭਿੰਨੇ ਦ੍ਰਿਸ਼ ਤੋਂ ਕੱਢ ਕੇ ਹੋਰ ਅੱਗੇ ਲੈ ਜਾਂਦੇ ਹਨ ਜਿੱਥੇ ਅਥਾਹ ਰਸ ਵਰ੍ਹ ਰਿਹਾ ਹੈ। ਆਪ ਵਚਨ ਕਰਦੇ ਹਨ ਕਿ ਪਰਮਾਤਮਾ ਦੀ ਨਜਰ ਤਾਂ ਇੰਨੀ ਰਸਭਿੰਨੀ ਹੈ ਕਿ ਕਟਾਰ ਵਾਂਗੂੰ ਅਸਰ ਕਰਦੀ ਹੈ ਤੇ ਕਿਸੇ ਵੀ ਇਸਤਰੀ ਦਾ ਮਨ ਜਿੱਤ ਲੈਣ ਵਾਲੀ ਹੈ “ ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ“। ਜੋ ਗੁਰਸਿੱਖ ਗੁਰੂ ਨਾਨਕ ਸਾਹਿਬ ਦੀ ਆਗਿਆ ਵਿੱਚ ਚੱਲ ਰਿਹਾ ਹੈ ਉਹ ਪਰਮਾਤਮਾ ਦੇ ਰਸਿਕ ਸਵਰੂਪ ਦੇ ਦਰਸ਼ਨ ਕਰਨ ਜੋਗ ਬਣ ਜਾਂਦਾ ਹੈ ਤੇ ਸੰਸਾਰ ਅੰਦਰ ਕਰਤ ਰਹੇ ਦੁਨਿਆਵੀ ਵਿਸਮਾਦ ਜਰੀਏ ਰੂਹਾਨੀ ਵਿਸਮਾਦ ਤੱਕ ਜਾ ਪੁੱਜਦਾ ਹੈ। ਉਸ ਦਾ ਰੋਮ ਰੋਮ ਪਰਮਾਤਮਾ ਲਈ ਪ੍ਰੇਮ ਤੇ ਸ਼ਰਧਾ ਭਾਵਨਾ ਨਾਲ ਭਰ ਜਾਂਦਾ ਹੈ “ ਤੇਰੇ ਨਾਮ ਵਿਟਹੁ ਕੁਰਬਾਣੋ।
ਸਾਵਣ ਦਾ ਮਹੀਨਾ ਖੇੜਾ ਲਿਆਉਣ ਵਾਲਾ ਹੈ “ ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ “। ਪਰ ਇਸ ਸਰਸ ਮਹੀਨੇ ਦੇ ਆਉਣ ਤੇ ਮੀਹ ਪੈਣ ਨਾਲ ਵੀ ਮਨ ਤ੍ਰਿਪਤ ਨਹੀਂ ਹੁੰਦਾ ਜੇ ਕੁਦਰਤ ਦੇ ਇਸ ਸੁਹਾਵਣੇ ਵਰਤਾਰੇ ਅੰਦਰ ਪਰਮਾਤਮਾ ਲਈ ਪ੍ਰੇਮ ਨਾ ਪੈਦਾ ਹੋਵੇ। ਮਨ ਪਰਮਾਤਮਾ ਤੋਂ ਦੂਰ ਹੈ ਤਾਂ ਸਾਵਣ ਦਾ ਰਸ, ਰੰਗ ਵੀ ਦੁਖ ਹੀ ਦਿੰਦਾ ਹੈ। ਕਿਸੇ ਸੁਹਾਗਣ ਦਾ ਪਤੀ ਪਰਦੇਸ ਗਿਆ ਹੋਵੇ ਤਾਂ ਸੇਜ ਤੇ ਇਕੱਲੇ ਪਿਆਂ ਬਦੱਲਾਂ ਦੀ ਗਰਜ ਚਮਕ ਡਰਾਉਂਦੀ ਹੈ। ਵਿਜੋਗ ਦਾ ਦੁਖ ਜਿਆਦਾ ਘਨਾ ਹੋ ਜਾਂਦਾ ਹੈ। ਮਨੁੱਖ ਕੋਲ ਸਾਰੇ ਸੰਸਾਰਕ ਪਦਾਰਥ , ਸੁਖ ਦੇ ਸਾਧਨ ਮੌਜੂਦ ਹੋਣ ਤਾਂ ਵੀ ਸੁਖ ਦੀ ਅਵਸਥਾ ਨਹੀਂ ਬਣਦੀ “ ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ “। ਪਰਮਾਤਮਾ ਬਿਨਾ ਸੰਸਾਰਕ ਜੀਵਨ ਦਾ ਸੁਖ ਮਾਣਿਆ ਨਹੀ ਜਾ ਸਕਦਾ। ਗੁਰੂ ਨਾਨਕ ਸਾਹਿਬ ਦਾ ਜੀਵਨ ਫਲਸਫਾ ਸ੍ਰੇਸ਼ਟਤਾ ਦਾ ਸ਼ਿਖਰ ਸੀ। ਆਪ ਨੇ ਸੰਸਾਰਕ ਜੀਵਨ ਤੋਂ ਹੀ ਆਤਮਿਕ ਜੀਵਨ ਪ੍ਰਾਪਤ ਕਰਨ ਦੀ ਰਾਹ ਵਿਖਾਈ। ਇਹੋ ਕਾਰਨ ਸੀ ਕਿ ਗੁਰੂ ਸਾਹਿਬ ਨੇ ਦ੍ਰਿਸ਼ਟਾਂਤ ਵੀ ਆਮ ਜਿੰਦਗੀ ਤੋਂ ਹੀ ਚੁਣੇ। ਸਾਵਣ ਦਾ ਆਨੰਦ ਮਾਨਣ ਲਈ ਗੁਰੂ ਸਾਹਿਬ ਨੇ ਪਤੀ ਦਾ ਵਿਜੋਗ ਸਹਿ ਰਹੀ ਇਸਤਰੀ ਦੇ ਪ੍ਰਮਾਣ ਵਰਤੇ। ਜਿਵੇਂ ਇਕ ਇਸਤਰੀ ਆਪਨੇ ਪਤੀ ਤੇ ਮਾਣ ਕਰਦੀ ਹੈ ਉਸ ਮਾਣ ਤੇ ਟਿਕ ਕੇ ਹੀ ਸਮਾਜ ਅੰਦਰ ਵਿਉਹਾਰ ਕਰਦੀ ਹੈ . ਮਨੁੱਖ ਵੀ ਪਰਮਾਤਮਾ ਦੇ ਭਰੋਸੇ ਤੇ ਹੀ ਜੀਵਨ ਬਤੀਤ ਕਰੇ ਤਾਂ ਹੀ ਉਸ ਨੂੰ ਜੀਵਨ ਫਲ ਪ੍ਰਾਪਤ ਹੋ ਸੱਕਦਾ ਹੈ “ ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ “। ਗੁਰੂ ਨਾਨਕ ਸਾਹਿਬ ਦਾ ਸੱਚਾ ਸਿੱਖ ਸਦਾ ਮਾਣ ਤੋਂ ਰਹਿਤ ਹੁੰਦਾ ਹੈ। ਪਰਮਾਤਮਾ ਨੂੰ ਉਸ ਨੂੰ ਜੋ ਵੀ ਧਨ , ਦੌਲਤ , ਪਦਾਰਥ , ਸਾਧਨ , ਵਡਿਆਈ , ਪਰਿਵਾਰ , ਕੁਲ ਆਦਿਕ ਬਖਸ਼ਿਆ ਹੈ ਉਸ ਤੇ ਕੋਈ ਮਾਣ ਨਹੀ। ਸਿੱਖ ਦੀ ਸੱਚੀ ਪੂੰਜੀ ਤਾਂ ਪਰਮਾਤਮਾ ਦੀ ਸ਼ਰਨ , ਸੇਵਾ ਤੇ ਭਗਤੀ ਹੈ ਜੋ ਪਰਮਾਤਮਾ ਨੇ ਆਪ ਮਿਹਰ ਕਰ ਬਖਸ਼ੀ ਹੈ। ਗੁਰਸਿੱਖ ਦਾ ਬਲ , ਬੁਧਿ , ਜਤ ਤੇ ਸਤ ਪਰਮਾਤਮਾ ਹੈ . ਗੁਰਸਿੱਖ ਦਾ ਆਪਣਾ ਕੁਝ ਵੀ ਨਹੀ ਹੈ। ਸੰਸਾਰ ਦੇ ਰਸ ਬਹੁਤ ਪ੍ਰਾਪਤ ਕੀਤੇ ਜਾ ਸਕਦੇ ਹਨ ਪਰ ਉਨ੍ਹਾਂ ਜਰੀਏ ਪਰਮਾਤਮਾ ਦੀ ਮਿਹਰ ਨਹੀ ਮਿਲਦੀ। ਕੋਈ ਇਸਤਰੀ ਪੂਰਾ ਸਿੰਗਾਰ ਕਰ , ਸੁੰਦਰ ਸੇਜ ਵਿਛਾ ਕੇ ਬੈਠੀ ਹੋਵੇ ਤਾਂ ਵੀ ਕੀ ਲਾਭ ਜੇ ਪਤੀ ਕਿਸੇ ਹੋਰ ਨਾਲ ਭੋਗ ਕਰ ਰਿਹਾ ਹੈ। ਆਪਨੇ ਰੂਪ , ਰੰਗ , ਸਿੰਗਾਰ , ਸੁੰਦਰ ਸਜਾਈ ਸੇਜ ਤੇ ਮਾਣ ਦਾ ਸਮੂਲ ਨਾਸ਼ ਕਰ ਦੇਣਾ ਚਾਹੀਦੇ ਜੋ ਪਤੀ ਨੂੰ ਰੀਝਾਉਣ ਲਾਇਕ ਨਹੀ ਹੈ “ ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ “। ਗੁਰੂ ਨਾਨਕ ਸਾਹਿਬ ਪੁਰਜੋਰ ਸੁਚੇਤ ਕਰਦੇ ਹੋਏ ਫਿਰ ਵਚ ਨ ਕਰਦੇ ਹਨ ਕਿ ਜੀਵਨ ਵਿਉਹਾਰ ਪਰਮਾਤਮਾ ਦੀ ਆਗਿਆ ਅਨੁਸਾਰੀ ਨਹੀ ਤਾਂ ਪਰਮਾਤਮਾ ਨਾਲ ਮੇਲ ਕਠਿਨ ਹੈ . ਦੁਖ ਹੀ ਦੁਖ ਹਨ “ ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ, ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ।
ਸਿੱਖ ਜਗਤ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਜਾ ਰਿਹਾ ਹੈ। ਇਹ ਵੀਚਾਰਨ ਦੀ ਲੋੜ ਹੈ ਕਿ ਸਾਡਾ ਹਾਲ ਕਿਤੇ ਉਸ ਸਿੰਗਾਰ ਕਰ ਕੇ ਸੁੰਦਰ ਸੇਜ ਵਿਛਾਈ ਬੈਠੀ ਇਸਤਰੀ ਵਰਗਾ ਤਾਂ ਨਹੀ ਜੋ ਸਭ ਕੁਝ ਹੋਣ ਦੇ ਬਾਅਦ ਵੀ ਆਪਨੇ ਪਤੀ ਨੂੰ ਰੀਝਾਉਣ .ਚ ਸਫਲ ਨਹੀ ਹੋਈ ਹੈ। ਸਿੰਗਾਰ ਹੈ , ਸੇਜ ਹੈ ਰੂਪ , ਰੰਗ ਹੈ ਪਰ ਉਸ ਨੇ ਉਹ ਵੰਗਾਂ ਨਹੀ ਪਾਈਆਂ ਹੋਈਆਂ ਜੋ ਪਤੀ ਨੂੰ ਚੰਗੀਆਂ ਲੱਗਦੀਆਂ ਹਨ। ਗੁਰਸਿੱਖ ਨਿਤਨੇਮ ਵੀ ਕਰ ਰਿਹਾ ਹੈ , ਗੁਰਦੁਆਰੇ ਦਰਸ਼ਨ ਕਰਦਾ ਹੈ , ਸਾਧ ਸੰਗਤ ਕਰਦਾ ਹੈ , ਬਾਣੀ ਸੁਣਦਾ ਹੈ ਪਰ ਪਰਮਾਤਮਾ ਦੀ ਸ਼ਰਣ ਪ੍ਰਾਪਤ ਨਹੀਂ ਕਰ ਸਕਿਆ ਹੈ “ ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ “। ਪਰਮਾਤਮਾ ਨੂੰ ਸਮਰਪਣ ਤੇ ਸੇਵਾ ਦੀ ਭਾਵਨਾ ਭਾਉਂਦੀ ਹੈ “ ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ “। ਗੁਰੂ ਨਾਨਕ ਸਾਹਿਬ ਦਾ ਸਿੱਖ ਅਖਵਾਉਣ ਦਾ ਹੱਕ ਉਸ ਨੂੰ ਹੈ ਜਿਸ ਨੇ ਕਾਮ, ਕ੍ਰੋਧ , ਲੋਭ , ਮੋਹ , ਹੰਕਾਰ ਆਦਿਕ ਵਿਕਾਰਾਂ ਦਾ ਤਿਆਗ ਕਰ ਦਿੱਤਾ ਹੈ ਤੇ ਨਿਮਾਣਾ ਹੋ ਗਿਆ ਹੈ। ਉਸ ਕੋਲ ਮਾਣ ਕਰਨ ਲਈ ਕੁਝ ਵੀ ਨਹੀ ਰਿਹਾ। ਵਿਕਾਰਾਂ ਦਾ ਸੀਸ ਵੱਢ ਕੇ ਹੀ ਪਰਮਾਤਮਾ ਦੇ ਦਰਬਾਰ ਅੰਦਰ ਆਉਣ ਜੋਗ ਬਣਿਆ ਜਾ ਸੱਕਦਾ ਹੈ। ਨਿਮਾਣਾ ਹੋ ਕੇ ਕੀਤੀ ਹੋਈ ਭਗਤੀ ਪ੍ਰਵਾਨ ਹੁੰਦੀ ਹੈ। ਨਿਮਾਣਾ ਜੀਵਨ ਵਿਉਹਾਰ ਹੀ ਗੁਰਸਿੱਖ ਦਾ ਸੱਚਾ ਸਿੰਗਾਰ ਹੈ। ਗੁਰੂ ਨਾਨਕ ਸਾਹਿਬ ਦੀ ਪ੍ਰਸੰਨਤਾ ਗੁਰਸਿੱਖ ਦੀ ਸਚਿਆਰ ਅਵਸਥਾ ਵਿੱਚ ਹੈ। ਗੁਰਸਿੱਖ ਉਹ ਹੈ ਜੋ ਗੁਰੂ ਨੂੰ ਪ੍ਰਵਾਨ ਹੈ, ਗੁਰੂ ਦੀ ਆਗਿਆ ਅੰਦਰ ਹੈ। ਸਾਵਣ ਦਾ ਆਨੰਦ ਮਾਨਣ ਲਈ ਕੰਤ ਦਾ ਸੰਗ ਚਾਹੀਦੇ। ਸਾਵਣ ਦਾ ਪੂਰਾ ਮਹੀਨਾ ਪਰਮਾਤਮਾ ਪਤੀ ਦਾ ਸੰਗ ਪ੍ਰਾਪਤ ਹੋ ਜਾਏ ਤਾਂ ਸਦਾ ਲਈ ਪਰਮਾਤਮਾ ਪਤੀ ਦਾ ਸੰਗ ਪ੍ਰਾਪਤ ਕਰਨ ਦੀ ਰਾਹ ਖੁੱਲ ਜਾਏਗੀ। ਗੁਰਸਿੱਖ ਦਾ ਜਤਨ ਹੋਣਾ ਚਾਹੀਦੇ ਕਿ ਪਰਮਾਤਮਾ ਸਦਾ ਚੇਤਨਾ ਵਿੱਚ ਵੱਸਦਾ ਰਹੇ। ਮਨ ਅੰਦਰ ਪਰਮਾਤਮਾ ਲਈ ਤੀਵਰ ਤਾਂਘ ਹੋਵੇ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਜੀਵ ਇਸਤਰੀ ਤਾਂ ਨੀਂਦ ਨੂੰ ਹੀ ਵਡਿਆਈ ਦੇ ਕੇ ਬੁਲਾਉਂਦੀ ਹੈ ਤਾਂ ਜੋ ਸੁਪਨੇ ‘ਚ ਹੀ ਸਹੀ , ਪਰਮਾਤਮਾ ਦੇ ਦਰਸ਼ਨ ਹੋ ਜਾਣ “ ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ “। ਪਰਮਾਤਮਾ ਬਿਨਾ ਗੁਰਸਿੱਖ ਆਪਨੇ ਜੀਵਨ ਦੀ ਕਲਪਨਾ ਹੀ ਨਹੀ ਕਰ ਸੱਕਦਾ “ ਤਿਸੁ ਬਿਨੁ ਘੜੀ ਨਹੀ ਜਗਿ ਜੀਵਾ ਐਸੀ ਪਿਆਸ ਤਿਸਾਈ “। ਗੁਰਸਿੱਖ ਦਾ ਮਨ ਸਰੋਵਰ ਦੇ ਕਮਲ ਜਿਹਾ ਹੁੰਦਾ ਹੈ ਜੋ ਆਕਾਸ਼ ‘ਚ ਚੜ੍ਹੇ ਸੂਰਜ ਦੀਆਂ ਕਿਰਨਾਂ ਪੈਣ ਨਾਲ ਹੀ ਖਿੜਦਾ ਹੈ। ਸਾਵਣ ਦਾ ਰੰਗ ਮਾਨਣ ਲਈ ਬਹੁਤ ਸਾਰੇ ਲੋਗ ਉਤਾਵਲੇ ਹੁੰਦੇ ਹਨ। ਸਾਵਣ ਸਰਸ ਤੇ ਸੁਹਾਉਣਾ ਹੋ ਜਾਂਦਾ ਹੈ ਜਦੋਂ ਪਰਮਾਤਮਾ ਮਿਹਰ ਕਰਦਾ ਹੈ “ ਪ੍ਰਿਉ ਪ੍ਰਿਉ ਕਰੈ ਸਭੈ ਹੈ ਜੇਤੀ ਗੁਰ ਭਾਵੈ ਪ੍ਰਿਉ ਪਾਈ “। ਸਾਵਣ ਦਾ ਆਨੰਦ ਉਸ ਨੂੰ ਹੈ ਜੋ ਸਦਾ ਪਰਮਾਤਮਾ ਦੇ ਸਿਮਰਨ ਵਿੱਚ ਜੀਉਂਦਾ ਹੈ “ ਜਾਗਤੁ ਜਾਗਿ ਰਹੈ ਗੁਰ ਸੇਵਾ ਬਿਨੁ ਹਰਿ ਮੈ ਕੋ ਨਾਹੀ “। ਮਨ ਵਿਕਾਰਾਂ , ਮਾਇਆ ਤੋਂ ਸਦਾ ਹੀ ਸਾਵਧਾਨ ਰਹੇ। ਪਰਮਾਤਮਾ ਤੇ ਭਰੋਸਾ ਸਦਾ ਹੀ ਦ੍ਰਿੜ੍ਹ ਰਹੇ।
ਅਵਗਣ ਤਿਆਗਿ ਭਈ ਬੈਰਾਗਨਿ ਅਸਥਿਰੁ ਵਰੁ ਸੋਹਾਗੁ ਹਰੀ£
ਸੋਗੁ ਵਿਜੋਗੁ ਤਿਸੁ ਕਦੇ ਨ ਵਿਆਪੈ ਹਰਿ ਪ੍ਰਭਿ ਅਪਣੀ ਕਿਰਪਾ ਕਰੀ£
(ਪੰਨਾ 1254)
ਸਾਵਣ ਉਸ ਲਈ ਸਰਸ ਹੈ ਜਿਸ ਨੇ ਆਪਨੇ ਕੰਤ ਨੂੰ ਭਾਵੰਦਾ ਸਿੰਗਾਰ ਕਰ ਲਿਆ ਹੈ ਤੇ ਸ਼ੀਸ਼ ਵਿਹੀਨ ਹੋ ਸੇਵਾ ਭਗਤੀ ‘ਚ ਰਮ ਗਿਆ ਹੈ।