April 24, 2026 7:44 am

ਅਦਭੁਤ ਅਤੇ ਖੂਬਸੂਰਤ ਪਹਾੜੀ ਤੇ ਧਰਤੀ ਦੇ ਅੰਗ-ਸੰਗ- ਟਾਪਰੀ ਤੋਂ ਛਿਤਕੁਲ ਵਾਇਆ ਸਾਂਗਲਾ

ਸ਼ਾਮ ਦਾ ਸੁਭਾਅ ਸਵੇਰ ਨਾਲੋਂ ਵੱਖਰਾ ਹੁੰਦਾ ਹੈ। ਇਨਸਾਨ ਦਾ ਵੀ ਤੇ ਕੁਦਰਤ ਦਾ ਵੀ। ਛਿਪਦਾ ਸੂਰਜ ਸਵੇਰ ਦੇ ਚੜ੍ਹਨ ਦਾ ਸੁਨੇਹਾ ਹੁੰਦਾ ਹੈ। ਸੂਰਜ ਟਹਿਕਦਾ ਚੜ੍ਹਦਾ ਹੈ ਜਦ ਕਿ ਇਨਸਾਨ ਅਲਸਾਇਆ ਉਠਦਾ ਹੈ । ਹਨੇਰੇ ਦੇ ਗੁੰਮਸੁੰਮੇ ਵਿਚ ਚੜੀਆਂ ਖੁਮਾਰੀਆਂ ਸੁਵੱਖਤੇ ਹੌਲੀ ਹੌਲੀ ਉਤਰਨ ਲੱਗਦੀਆਂ ਹਨ । ਲੋਰ ਦੇ ਸੁਪਨੇ ਜਦੋਂ ਹਕੀਕਤਾਂ ਦੇ ਰੂ-ਬ-ਰੂ ਹੁੰਦੇ ਹਨ ਤਾਂ ਪਛਤਾਵਿਆਂ ਦੇ ਤਿੱਤਰ ਖੰਭੀ ਬੱਦਲ ਇੱਕ ਇੱਕ ਕਰਕੇ ਅੱਖਾਂ ਮੂਹਰਿਓ ਗੁਜ਼ਰਨ ਲੱਗਦੇ ਹਨ ।ਪੱਧਰੀ ਧਰਤੀਂ ਤੋਂ ਪਹਾੜੀ ਧਰਤੀ ਦਾ ਮੌਸਮ ਜਦੋਂ ਬਦਲਦਾ ਹੈ ਤਾਂ ਰਜਾਈਆਂ ਦਾ ਨਿੱਘ ਖੂਬਸੂਰਤ ਅਹਿਸਾਸ ਮਨਾ ਵਿਚ ਜਗਾਉਂਦਾ ਹੈ । ਪਾਣੀ ਦੀ ਠਾਰ ਜਿਸਮ ਅੰਦਰਲੀ ਗਰਮੀ ਦੇ ਕੁਤਕਤਾੜੀਆਂ ਕਰਦੀ ਹੈ । ਇੱਕ ਦਿਨ ਦੇ ਸਫਰ ਤੋਂ ਬਾਅਦ ਹੀ ਕਿੰਨਾ ਕੁਝ ਬਦਲ ਜਾਂਦਾ ਹੈ । ਚਾਵਾਂ ਦੀਆਂ ਚਾਂਵੜੀਆਂ ਇਸ ਸਭ ਕੁਝ ਨੂੰ ਇੱਕ ਪਾਸੇ ਰੱਖ ਫਿਰ ਅਗਲੇਰੇ ਸਫਰ ਲਈ ਤਿਆਰੀਆਂ ਖਿੱਚ ਲੈਂਦੀਆਂ ਹਨ । ਵਕਤ ਦੀ ਸੂਈ ਜਦੋਂ ਘੁੰਮਦੀ ਘੁੰਮਦੀ ਸ਼ੁਭ ਸਵੇਰ ਤੇ ਪਹੁੰਚਦੀ ਹੈ ਤਾਂ ਜਿਸ ਡੋਰ ਮੈਟਰੀ ਵਿਚ ਅਸੀਂ ਠਹਿਰੇ ਹਾਂ ਇੱਥੋਂ ਦਾ ਸਵੇਰ ਦਾ ਮਹੌਲ ਦੇਖ ਕੇ ਹੋਰ ਹੀ ਅਜੀਬੋ ਗਰੀਬ ਜਿਹਾ ਅਹਿਸਾਸ ਹੁੰਦਾ ਹੈ । ਅਸੀਂ ਚਾਹ ਦੀ ਤਿਆਰੀ ਲਈ ਆਪਣਾ ਸਾਜੋ ਸਮਾਨ ਇਕੱਠਾ ਕਰ ਰਹੇ ਹਾਂ ਤੇ ਬਾਹਰ ਟੇਬਲਾਂ ਉਪਰ ਬੈਠੇ ਕੁਝ ਲੋਕਲ ਲੋਕ ਸਵੇਰੇ 6 ਵਜੇ ਹੀ ਸ਼ਰਾਬ ਅਤੇ ਬੀਅਰ ਦਾ ਸੇਵਨ ਕਰ ਰਹੇ ਹਨ । ਸੰਵਾਦ ਦੇ ਬੋਲ ਪੰਜਾਬ ਅਤੇ ਇੱਥੋਂ ਦੇ ਲੋਕਾਂ ਬਾਰੇ ਨਸ਼ਿਆਂ ਦੀ ਚਰਚਾ ਕਰਨ ਲੱਗਦੇ ਹਨ ….
– ਕੀ ਅਜਿਹਾ ਹਰ ਇੱਕ ਸਟੇਟ ਵਿੱਚ ਹੀ ਵਾਪਰ ਰਿਹਾ ਹੈ ?
– ਕੀ ਪੰਜਾਬ ਦਾ ਰੌਲਾ ਹੀ ਕੁਝ ਵਧੇਰੇ ਪੈ ਰਿਹਾ ਹੈ ਪਰ ਹਾਲਾਤ ਸਭ ਦੇ ਹੀ ਬਦਤਰ ਹਨ ?
– ਕੀ ਸਿਸਟਮ ਪੂਰੇ ਹਿੰਦੋਸਤਾਨ ਦਾ ਹੀ ਅਜਿਹਾ ਬਣ ਚੁੱਕਿਆ ਹੈ ਜਿੱਥੇ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਇਨਸਾਨ ਸੁਬਹ ਹੁੰਦਿਆਂ ਹੀ ਅਜਿਹੇ ਓਟ ਆਸਰੇ ਲੱਭਣ ਲੱਗ ਪੈਂਦਾ ?
ਇਹਨਾਂ ਸੁਆਲਾਂ ਦੇ ਜੁਆਬ ਲੱਭਣ ਜਾਣ ਤੋਂ ਪਹਿਲਾਂ ਹੀ ਹਾਲਾਤ ਠੀਕ ਨਹੀਂ ਹਨ ਇਹ ਦ੍ਰਿਸ਼ ਇਸ ਗੱਲ ਦੇ ਪ੍ਰਤੱਖ ਪ੍ਰਮਾਣ ਹਨ । ਇਸ ਹੋਟਲ/ਬਾਰ ਦਾ ਪ੍ਰਬੰਧ ਇੱਕ ਔਰਤ ਆਪਣੀਆਂ ਦੋ ਧੀਆਂ ਨਾਲ ਮਿਲ ਕੇ ਚਲਾ ਰਹੀ ਹੈ ਤੇ ਸਾਡੇ ਦੇਖਣ ਮੁਤਾਬਿਕ ਪੀਣ ਵਾਲੇ ਉਹਨਾਂ ਨੂੰ ਸਵੇਰੇ ਸੁੱਤੇ ਪਿਆ ਨੂੰ ਹੀ ਆ ਕੇ ਉਠਾ ਲੈਂਦੇ ਹਨ ਤੇ ਫੇਰ ਸ਼ਾਮ ਤੱਕ ਇਹ ਸਿਲਸਿਲਾ ਚਲਦਾ ਰਹਿੰਦਾ ਹੈ ।
ਸਮਾਨ ਗੱਡੀਆਂ ‘ਚ ਰੱਖਦਿਆਂ ਹੀ ਅਸੀਂ ਲੋੜੀਂਦਾ ਸਮਾਨ ਖਰੀਦਦੇ ਹਾਂ । ਗੱਡੀਆਂ ਦੀਆਂ ਟੈਂਕੀਆਂ ਤੇਲ ਪੰਪ ਤੋਂ ਫੁੱਲ ਕਰਵਾਉਂਦੇ ਹਾਂ । ਟਾਪਰੀ ਤੋਂ ਬਾਅਦ ਫੇਰ ਸਾਂਗਲਾਂ ਤੱਕ ਕਿਤੇ ਵੀ ਤੇਲ ਪੰਪ ਨਹੀਂ ਮਿਲਦਾ । ਟਾਪਰੀ ਤੋਂ ਸਾਂਗਲਾਂ ਤੇ ਸਾਂਗਲਾਂ ਤੋਂ ਛਿਤਕੁਲ ਤੱਕ ਦਾ ਰਸਤਾ ਬੜਾ ਅਦਭੁਤ ਅਤੇ ਖੂਬਸੂਰਤ ਹੈ । ਆਲੇ-ਦੁਆਲੇ ਨਾਲ-ਨਾਲ ਤੁਰਦੀਆਂ ਵਾਦੀਆਂ , ਅੱਖਾਂ ਮੂਹਰੇ ਘੁੰਮਦੀ ਸੰਘਣੇ ਰੁੱਖਾਂ ਦੀ ਹਰਿਆਵਲ , ਦੂਰੋਂ ਨਜ਼ਰੀ ਪੈਂਦੀਆਂ ਪਹਾੜਾਂ ਦੀਆਂ ਉਚੀਆਂ-ਉਚੀਆਂ ਚੋਟੀਆਂ , ਚੋਟੀਆਂ ਤੋਂ ਧਰਤੀ ਦੀ ਹਿੱਕ ਤੇ ਡਿੱਗਦੇ ਆਬਸ਼ਾਰ , ਵਲ ਖਾਦੀਆਂ ਸੜਕਾਂ , ਨਾਲ-ਨਾਲ ਚਲਦਾ ਨਦੀ ਦੇ ਪਾਣੀ ਦਾ ਮਧੁਰ ਸੰਗੀਤ , ਕੱਪੜਿਆਂ ਵਾਂਗ ਰੰਗ ਬਦਲਦੇ ਪਹਾੜ …ਗੱਲ ਕੀ ਹਰ ਇੱਕ ਚੀਜ ਜਾਨਣ ਅਤੇ ਸਮਝਣ ਵਾਲੇ ਦੇ ਸੀਨੇ ਖਿੱਚ ਪਾਉਂਦੀ ਹੈ।
ਟਾਪਰੀ ਤੋਂ ਕੁਝ ਕਿਲੋਮੀਟਰ ਅੱਗੇ ਜਾਂਦਿਆਂ ਰਕਸ਼ਮ ਡੈਮ ਦਿਖਾਈ ਦਿੰਦਾ ਹੈ । ਇਹ ਓਹੀ ਡੈਮ ਹੈ ਜਿਸ ਵਿਚੋਂ ਪਾਣੀ ਛੱਡਣ ਬਾਰੇ ਪ੍ਰਸ਼ਾਸ਼ਨ ਵਲੋਂ ਟਾਪਰੀ ਵਾਸੀਆਂ ਅਤੇ ਯਤਾਰੀਆਂ ਨੂੰ ਰਾਤ ਸਮੇਂ ਸੂਚਿਤ ਕੀਤਾ ਜਾ ਰਿਹਾ ਸੀ । ਇਸ ਡੈਮ ਦੇ ਆਲੇ-ਦੁਆਲੇ ਬਿਜਲੀ ਦੇ ਕਈ ਨਵੇਂ ਪ੍ਰੋਜੈਕਟ ਚੱਲ ਰਹੇ ਹਨ । ਡੈਮ ਦੇ ਕੋਲ ਪਹੁੰਚਦਿਆਂ ਹੀ ਸੜਕ ਦੋ ਵਾਰ ਬਸਪਾ ਨਦੀ ਦੇ ਇੱਧਰੋਂ ਉਧਰ ,ਉਧਰੋਂ ਇੱਧਰ ਲੰਘਦੀ ਹੈ । ਨਦੀ ਤੇ ਬਣੇ ਲੋਹੇ ਦੇ ਦਿਓਕੱਦ ਪੁਲ ਨੂੰ ਪਾਰ ਕਰਦਿਆਂ ਨਿਵੇਕਲਾ ਜਿਹਾ ਅਹਿਸਾਸ ਹੁੰਦਾ ਹੈ। ਇਹਨਾਂ ਪੁਲਾਂ ਉਪਰ ਸਾਨੂੰ ਅਵਾਰਾ ਪਸ਼ੂਆਂ ਦੇ ਝੁੰਡ ਬੈਠੇ ਦਿਖਾਈ ਦਿੰਦੇ ਹਨ, ਜਿੰਨਾਂ ਪੁਲ ਦੀ ਇੱਕ ਸਾਈਡ ਉਪਰ ਆਪਣੀ ਪੂਰੀ ਸਲਤਨਤ ਕਾਇਮ ਕੀਤੀ ਹੋਈ ਹੈ ।
ਬਸਪਾ ਨਦੀ ਦਾ ਦੂਸਰਾ ਪੁਲ ਪਾਰ ਕਰਦਿਆਂ ਹੀ ਰਸਤਾ ਥੋੜ੍ਹਾਂ ਤੰਗ ਅਤੇ ਉਭੜਿਆ ਖਾਬੜਿਆ ਸ਼ੁਰੂ ਹੋ ਜਾਂਦਾ ਹੈ । ਕਿਤੇ-ਕਿਤੇ ਜਾ ਕੇ ਤਾਂ ਸਥਿਤੀ ਇੰਨੀ ਤੰਗੀ ਵਾਲੀ ਹੋ ਜਾਂਦੀ ਹੈ ਕਿ ਸਾਹਮਣੇ ਤੋਂ ਆਉਂਦੀ ਗੱਡੀ ਜਾਂ ਸਾਧਨ ਨੂੰ ਲੰਘਾਉਣ ਲਈ ਗੱਡੀ ਨੂੰ ਕੁਝ ਦੂਰੀ ਤੱਕ ਬੈਕ ਕਰਕੇ ਲੈ ਕੇ ਜਾਣਾ ਪੈਂਦਾ ਹੈ । ਸਾਡੇ ਨਾਲ ਇਹ ਹਾਲਾਤ ਕਈ ਵਾਰ ਬਣਦੇ ਹਨ । ਪਹਾੜੀ ਰਸਤਿਆਂ ਤੇ ਸਫਰ ਕਰਨ ਵੇਲੇ ਜਿੰਨਾਂ ਲੋਕਾਂ ਦੇ ਦਿਲਾਂ ਵਿੱਚ ਡਰ ਦਾ ਧੁੜਕੂ ਜਿਹਾ ਹੁੰਦਾ ਹੈ ਉਹ ਅਜਿਹੀਆਂ ਥਾਵਾਂ ਤੇ ਪਹੁੰਚ ਕੇ ਆਪੋ ਆਪਣੇ ਦੇਵੀ ਦੇਵਤਿਆਂ ਨੂੰ ਮਨੋ ਮਨੀ ਧਿਆਉਣ ਲੱਗਦੇ ਹਨ । ਪਹਾੜਾਂ ਦੀਆਂ ਉਚਾਈਆਂ ਅਤੇ ਨੀਵਾਣਾਂ ਦਾ ਆਨੰਦ ਲੈਣ ਦੀ ਬਜਾਏ ਉਹ ਬੱਸ ਇੱਕੋ ਗੱਲ ਬਾਰੇ ਸੋਚਦੇ ਰਹਿੰਦੇ ਹਨ ਕਿ ਉਹਨਾਂ ਨੇ ਬੱਸ ਇੱਥੋਂ ਰੁੜਨਾ ਹੈ ਤੇ ਉਥੇ ਜਾ ਕੇ ਡਿੱਗਣਾ ਹੈ । ਪੰਗਾਂ ਤਾਂ ਲੈ ਲਿਆ ਹੁਣ ਬਚਾਉਣ ਵਾਲਾ ਕੋਈ ਨਹੀਂ । ਬਸ ਹੁਣ ਇੱਥੋਂ ਨੀ ਵਾਪਿਸ ਜਾਂਦੇ । ਅਜਿਹੇ ਤੌਖਲੇ ਉਹਨਾਂ ਦੇ ਸਫਰ ਦਾ ਸੁਆਦ ਕਿਰਕਿਰਾ ਕਰ ਦਿੰਦੇ ਹਨ । ਲੁਤਫ ਫਿਕਰਾਂ ਵਿਚ ਬਦਲ ਜਾਂਦਾ ਹੈ । ਅੱਖਾਂ ਮੂਹਰੇ ਖੂਬਸੂਰਤੀ ਦੀ ਬਜਾਏ ਸੰਸਿਆਂ ਦੇ ਜੁਗਨੂੰ ਮੰਡਰਾਉਣ ਲੱਗਦੇ ਹਨ । ਆਖਿਰ ਬੰਦਾ ਸੋਚਣ ਲੱਗਦਾ ਹੈ ਕਿ ਇੱਥੇ ਦੇਖਣ ਲਈ ਕੁਝ ਹੈ ਤਾਂ ਹੈ ਨੀ ਐਵੈਂ ਕਿਉਂ ਮੌਤ ਦੇ ਮੂੰਹ ਵਿਚ ਤੁਰੇ ਫਿਰਦੇ ਹਾਂ ! ਯਾਦਵਿੰਦਰ ਤਾਂ ਸਾਡੇ ਆੜੀ ਅੱਕਾਂਵਾਲੀ ਵਾਲੇ ਨਿੰਮੇ ਦਾ ਡਾਇਲਾਗ ਵੀ ਸੁਣਾਉਂਦਾ ਹੈ :-
“ਕੀ ਗੱਡਾ ਖੜਿਐ ਪਹਾੜਾਂ ਬਿਨਾ , ਦਰਵਾਜ਼ੇ ‘ਚ ਡਾਹ ਲੇ ਮੰਜਾਂ , ਮੂਹਰੇ ਗਲੀ ਚ ਛਿੜਕ ਲੇ ਪਾਣੀ , ਆਪੇ ਘਰੇਂ ਈ ਸ਼ਿਮਲਾ ਬਣ ਜਾਂਦੈ”
ਅਸੀਂ ਸਾਰੇ ਗੱਲਾਂ ਕਰਦੇ ਹੱਸਦੇ ਹਾਂ।
ਰਕਸ਼ਮ ਡੈਮ ਪਾਰ ਕਰਦਿਆਂ ਮੇਨ ਰੋਡ ਤੋਂ ਪਾਸੇ ਤੇ ਤੁਹਾਨੂੰ ਛੋਟੇ-ਛੋਟੇ ਪਿੰਡ ਦਿਖਾਈ ਦਿੰਦੇ ਰਹਿੰਦੇ ਹਨ ।
– ਬਾਕੀ ਕੱਲ੍ਹ ਪੜ੍ਹੋ

ਇਸ ਰੋਡ ਉਪਰ ਚਲਦਿਆਂ ਅੱਗੇ ਮੁੱਖ ਸ਼ਹਿਰ ਸਾਂਗਲਾਂ ਹੀ ਆਉਂਦਾ ਹੈ । ਸਾਂਗਲਾਂ ਪਹੁੰਚ ਕੇ ਯਾਤਰੀ ਖਾਣ-ਪੀਣ ਅਤੇ ਹੋਰ ਨਿੱਕ ਸੁੱਕ ਦਾ ਸਮਾਨ ਇੱਥੋਂ ਖਰੀਦਦੇ ਹਨ । ਛਿਤਕੁਲ ਜਾਣ ਵਾਲੇ ਯਾਤਰੀਆਂ ਨੂੰ ਇਹ ਰਾਇ ਦਿੱਤੀ ਜਾਂਦੀ ਹੈ ਕਿ ਛਿਤਕੁਲ ਜਾ ਕੇ ਹਰ ਇੱਕ ਚੀਜ ਦਾ ਰੇਟ ਵਧ ਜਾਂਦਾ ਹੈ , ਚੀਜ ਵੀ ਘੱਟ ਹੀ ਥਾਵਾਂ ਤੇ ਉਪਲਬਧ ਹੁੰਦੀ ਹੈ । ਪਰ ਹੁਣ ਦੇ ਹਾਲਾਤਾਂ ਵਿਚ ਅਜਿਹਾ ਕੁਝ ਵੀ ਨਹੀਂ ਹੈ । ਬੇਸ਼ੱਕ ਅਸੀਂ ਵੀ ਆਪਣਾ ਲੋਂੜੀਦਾ ਸਮਾਨ ਇੱਥੋਂ ਹੀ ਖਰੀਦ ਲਿਆ ਹੈ ਪਰ ਛਿਤਕੁਲ ਜਾ ਕੇ ਪਤਾ ਚਲਦਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ, ਸਗੋਂ ਹਰ ਚੀਜ ਉੱਥੇ ਵੀ ਉਸੇ ਰੇਟ ਤੇ ਉਪਲਬਧ ਹੁੰਦੀ ਹੈ । ਰੇਟ ਵਿੱਚ ਵੀ ਕੋਈ ਅੰਤਰ ਨਹੀਂ ਹੈ ।
ਸਾਂਗਲਾਂ ਵਿੱਚ ਯਾਤਰੀਆਂ ਦੇ ਦੇਖਣ ਲਈ ਕਾਮਰੂਪ ਕਾਮੱਖਿਆ ਦੇਵੀ ਦਾ ਮੰਦਰ ਹੈ । ਇਸ ਮੰਦਰ ਦੇ ਉਪਰਲੇ ਹਿੱਸੇ ਵਿੱਚ ਇੱਕ ਕਿਲਾ ਦਿਖਾਈ ਦਿੰਦਾ ਹੈ । ਇਸ ਕਿਲੇ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਹਜ਼ਾਰਾਂ ਸਾਲ ਪੁਰਾਣਾ ਹੈ । ਉਹਨਾਂ ਸਮਿਆਂ ਵਿਚ ਜਦੋਂ ਵੀ ਕਿਸੇ ਨਵੇਂ ਰਾਜੇ ਦੀ ਤਾਜਪੋਸ਼ੀ ਕੀਤੀ ਜਾਂਦੀ ਸੀ ਤਾਂ ਉਹ ਇਸ ਕਿਲੇ ਵੀ ਲਿਆ ਕੇ ਕੀਤੀ ਜਾਂਦੀ ਸੀ । ਇਸ ਕਿਲੇ ਦਾ ਗੇਟ ਹੁਣ ਬੰਦ ਹੈ, ਤੁਸੀਂ ਇਸ ਦੇ ਅੰਦਰ ਦਾਖਿਲ ਨਹੀਂ ਹੋ ਸਕਦੇ ਬੱਸ ਇਸਨੂੰ ਬਾਹਰੋਂ ਹੀ ਦੇਖ ਸਕਦੇ ਹੋ । ਇਸ ਕਿਲੇ ਵਿੱਚ ਪਹੁੰਚਣ ਲਈ ਤੁਹਾਨੂੰ ਗੱਡੀ ਪਾਰਕ ਕਰਕੇ ਡੇਢ ਕਿਲੋਮੀਟਰ ਦੀ ਟਰੈਕਿੰਗ ਕਰਕੇ ਜਾਣਾ ਪੈਂਦਾ ਹੈ । ਜਿਉਂ -ਜਿਉਂ ਅਸੀਂ ਕਿਲੇ ਵੱਲ ਨੂੰ ਵਧ ਰਹੇ ਹਾਂ ਸਾਨੂੰ ਆਕਸੀਜੀਨ ਦੀ ਕਮੀ ਮਹਿਸੂਸ ਹੋਣ ਲੱਗਦੀ ਹੈ । ਸਭ ਦਾ ਸਾਂਹ ਉਖੜ ਰਿਹਾ ਹੈ । ਪਰ ਜਿਆਦਾ ਖਤਰੇ ਵਾਲੀ ਕੋਈ ਗੱਲ ਨਹੀਂ ਹੈ, ਇਹ ਸਰੀਰ ਦੇ ਜਿਆਦਾ ਆਕਸੀਜਨ ਵਿੱਚ ਰਹਿਣ ਦਾ ਆਦੀ ਹੋਣ ਕਰਕੇ ਹੈ ।
ਮੰਦਰ ਦਾ ਦਰਵਾਜ਼ਾ ਖੜਕਾਉਣ ਤੇ ਉਥੇ ਆਪਣੀ ਡਿਊਟੀ ਦੇ ਰਹੀ ਔਰਤ ਸਾਡਾ ਖਿੜੇ ਮੱਥੇ ਸਵਾਗਤ ਕਰਦੀ ਹੈ । ਅਸੀਂ ਉਸਤੋਂ ਮੰਦਰ ਅਤੇ ਕਿਲੇ ਦੇ ਇਤਿਹਾਸ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ । ਉਸ ਦੇ ਦੱਸਣ ਮੁਤਾਬਿਕ ਉਹ ਆਪਣੇ ਰੀਤੀ ਰਿਵਾਜ਼ਾ ਦੀ ਬੜੀ ਸ਼ਰਧਾ ਨਾਲ ਪਾਲਣਾ ਕਰਦੇ ਹਨ । ਉਹਨਾਂ ਨੂੰ ਆਪਣੀਆਂ ਪਰੰਪਰਾਵਾਂ ਅਤੇ ਰੀਤੀ ਰਿਵਾਜ਼ਾ ਉਪਰ ਮਾਣ ਹੈ । ਉਹ ਕਿੰਨੇ ਸਾਲਾਂ ਤੋਂ ਹੀ ਇਸਦੀ ਹੂ-ਬ-ਹੂ ਪਾਲਣਾ ਕਰਦੇ ਆਉਂਦੇ ਹਨ । ਮੰਦਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਉਹ ਸਾਨੂੰ ਜੁੱਤੇ ਉਤਾਰਨ , ਲੱਕ ਉਪਰ ਇੱਕ ਰੱਸੀ ਜਿਹੀ ਬੰਨਣ ( ਜਿਵੇਂ ਸਿੱਖ ਧਰਮ ਵਿਚ ਕਮਰਕਸਾ ਬੰਨਿਆ ਜਾਂਦਾ ਹੈ ) ਅਤੇ ਸਿਰਾਂ ਉਪਰ ਆਪਣੀ ਰਵਾਇਤੀ ਹਿਮਾਚਲੀ ਟੋਪੀ ਪਹਿਨਣ ਲਈ ਦਿੰਦੀ ਹੈ । ਅਸੀਂ ਉਹਨਾਂ ਦੀ ਸਰਧਾ ਨੂੰ ਨਤਮਸਤਕ ਹੁੰਦੇ ਹੋਏ ਮੰਦਰ ਵਿੱਚ ਪ੍ਰਵੇਸ਼ ਕਰਦੇ ਹਾਂ । ਮੰਦਰ ਤੇ ਕਿਲਾ ਕਾਫੀ ਉਚਾਈ ਤੇ ਹੋਣ ਕਰਕੇ ਇੱਥੇ ਖੜਕੇ ਆਲੇ ਦੁਆਲੇ ਬੜਾ ਕਮਾਲ ਦਾ ਦ੍ਰਿਸ਼ ਨਜ਼ਰੀਂ ਪੈਂਦਾ ਹੈ । ਉਪਰ ਬਰਫਾਂ ਲੱਦੇ ਪਹਾੜ ਦਿਖਾਈ ਦਿੰਦੇ ਹਨ । ਹੇਠਾਂ ਵੱਲ ਨੂੰ ਸਾਂਗਲਾ ਸ਼ਹਿਰ ਅਤੇ ਸਾਂਗਲਾ ਵੈਲੀ ਤੁਹਾਡੀਆਂ ਨਜ਼ਰਾਂ ਸਾਹਮਣੇ ਵਿਛੀ ਨਜ਼ਰੀਂ ਆਉਂਦੀ ਹੈ । ਇਸ ਖੂਬਸੂਰਤੀ ਦਾ ਅਹਿਸਾਸ ਸਾਡੇ ਸਾਹਾਂ ਨੂੰ ਤਰੋਤਾਜਾ ਕਰ ਦਿੰਦਾ ਹੈ । ਇਹਨਾਂ ਦ੍ਰਿਸ਼ਾ ਨੂੰ ਕੈਮਰਿਆ ਵਿਚ ਕੈਦ ਕਰਦਿਆਂ ਅਸੀਂ ਇੱਥੋਂ ਵਾਪਸੀ ਦੀ ਤਿਆਰੀ ਕਰਦੇ ਹਾਂ ।
ਸਾਂਗਲਾਂ ਤੋਂ ਛਿਤਕੁਲ ਦੇ ਰਸਤੇ ਉਪਰ ਫਿਰ ਤੋਂ ਗੱਡੀਆਂ ਦੌੜਨ ਲੱਗਦੀਆਂ ਹਨ । ਕੁਝ ਹੀ ਪਲਾਂ ਵਿੱਚ ਮੌਸਮ ਮੀਂਹ ਵਾਲਾ ਹੋ ਜਾਂਦਾ ਹੈ । ਭੁੱਖ ਨੇ ਵੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ । ਹਵਾ ਦੀ ਗਤੀ ਕਾਫੀ ਤੇਜ ਹੋ ਗਈ ਹੈ । ਅਸੀਂ ਖਾਣਾ ਬਣਾਉਣ ਲਈ ਓਟ ਆਸਰਾ ਲੱਭਣ ਲੱਗਦੇ ਹਾਂ । ਸੱਪ ਵਾਂਗ ਵਲ ਖਾਂਦੀ ਸੜਕ ਉਪਰ ਚੱਲਦਿਆਂ ਸਾਨੂੰ ਦੂਰੋਂ ਹੀ ਸੜਕ ਦੇ ਇੱਕ ਪਾਸੇ ਬਣੀ ਟੀਨ ਦੀ ਛੱਪਰੀ ਜਿਹੀ ਦਿਖਾਈ ਦਿੰਦੀ ਹੈ । ਇਹ ਸ਼ਾਇਦ ਇੱਥੋਂ ਦਾ ਬੱਸ ਸਟੈਂਡ ਹੈ । ਅਸੀਂ ਇਸਨੂੰ ਹੀ ਆਪਣੀ ਰਸੋਈ ਦੇ ਤੌਰ ਤੇ ਵਰਤਣ ਦਾ ਮਨ ਬਣਾਉਂਦੇ ਹਾਂ । ਸਮਾਨ ਉਤਾਰਦਿਆਂ ਹੀ ਸਭ ਆਪੋ ਆਪਣੇ ਕੰਮਾਂ ਵਿੱਚ ਜੁਟ ਜਾਂਦੇ ਹਨ । ਸਾਨੂੰ ਇਸ ਵਕਤ ਆਪਣੇ ਕੋਲ ਪਾਣੀ ਦੀ ਵੱਡੀ ਕਮੀ ਮਹਿਸੂਸ ਹੋ ਰਹੀ ਹੈ । ਸਾਂਗਲਾਂ ਤੋਂ ਅਸੀਂ ਪਾਣੀ ਦਾ ਰਹਿਬਰ ਭਰਨਾ ਭੁੱਲ ਗਏ ਹਾਂ । ਅੱਗੇ ਸਾਨੂੰ ਅਜੇ ਤੱਕ ਪਾਣੀ ਦਾ ਕੋਈ ਵੀ ਸ੍ਰੋਤ ਨਹੀਂ ਮਿਲਿਆ । ਜਦੋਂ ਕੋਈ ਵੀ ਹੱਲ ਨਹੀਂ ਮਿਲਦਾ ਤਾਂ ਮੈਂ ਤੇ ਹਰਮੀਤ ਹੇਠਾਂ ਦਿਸਦੇ ਪਿੰਡ ਵਿੱਚ ਜਾਣ ਦਾ ਫੈਸਲਾ ਕਰਦੇ ਹਾਂ । ਸਾਨੂੰ ਪਿੰਡ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਗ੍ਰਾਮ ਪੰਚਾਇਤ ਦਾ ਦਫਤਰ ਦਿਖਾਈ ਦਿੰਦਾ ਹੈ ਜਿੱਥੇ ਖੜਾ ਵਿਅਕਤੀ ਸਾਨੂੰ ਪਾਣੀ ਦੇ ਨਲ ਦੀ ਦੱਸ ਪਾਉਂਦਾ ਹੈ । ਅਸੀਂ ਦਸ ਕੁ ਮਿੰਟਾਂ ਦੇ ਵਕਫੇ ਵਿੱਚ ਹੀ ਪਾਣੀ ਭਰਕੇ ਵਾਪਿਸ ਆ ਜਾਂਦੇ ਹਾਂ ।
ਕੁਝ ਹੀ ਮਿੰਟਾਂ ਵਿੱਚ ਮਟਰਾਂ ਦੀ ਸਬਜ਼ੀ ਦੀ ਮਹਿਕ ਆਲੇ ਦੁਆਲੇ ਵਿੱਚ ਫੈਲਰਨ ਲੱਗਦੀ ਹੈ । ਮੌਸ਼ਮ ਦਾ ਮਿਜ਼ਾਜ ਵੀ ਲਗਾਤਾਰ ਵਿਗੜ ਰਿਹਾ ਹੈ । ਇੱਕ ਬੱਸ ਤੋਂ ਉਤਰਿਆ ਯਾਤਰੀ ਸਾਡੇ ਕੋਲ ਆ ਕੇ ਖੜਾ ਹੁੰਦਾ ਹੈ । ਉਹ ਆਪਣੇ ਲਟੌਰੀਪੁਣੇ ਦੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰਦਾ ਹੈ । ਉਸ ਦੀਆਂ ਗੱਲਾਂ ਦੇ ਸੁਆਦ ਵਿੱਚ ਖਾਣੇ ਦਾ ਸੁਆਦ ਵੀ ਘੁਲ ਰਿਹਾ ਹੈ । ਹਵਾ ਦੇ ਵਹਾਅ ਦੇ ਤੇਜ ਹੋਣ ਕਰਕੇ ਖਾਣਾ ਬਣਾਉਣ ਲਈ ਸਮਾਂ ਵੀ ਕੁਝ ਵਧੇਰੇ ਲੱਗਦਾ ਹੈ । ਪੱਥਰਾਂ ਅਤੇ ਹੋਰ ਸਮਾਨ ਦੀ ਵਰਤੋਂ ਕਰਕੇ ਅਸੀਂ ਆਪਣੇ ਸਿਲੰਡਰ ਚੁੱਲ੍ਹੇ ਲਈ ਓਟੇ ਦਾ ਪ੍ਰਬੰਧ ਕਰਦੇ ਹਾਂ ।
ਇੱਥੋਂ ਅਸੀਂ ਅਜੇ ਕੁਝ ਥੋੜ੍ਹੀ ਦੂਰੀ ਹੀ ਤੈਅ ਕਰਦੇ ਹਾਂ ਕਿ ਵਾਰਿਸ਼ ਸ਼ੁਰੂ ਹੋ ਜਾਂਦੀ ਹੈ । ਕੁਦਰਤ ਦਾ ਇੱਕ ਹੋਰ ਰੰਗ ਸਾਡੀਆਂ ਅੱਖਾਂ ਮੂਹਰੇ ਨੱਚਣ ਲੱਗਦਾ ਹੈ । ਹਵਾ ਦੀ ਸਰ-ਸਰਾਹਟ ਘੁੰਮਦੇ ਘੱਗਰੇ ਦੀ ਆਵਾਜ਼ ਵਾਂਗ ਸਾਡੇ ਕੰਨਾ ਵਿੱਚ ਰਸ ਘੋਲਣ ਲੱਗਦੀ ਹੈ । ਕਾਰ ਦੇ ਸ਼ੀਸ਼ੇ ਤੇ ਡਿੱਗਦੀਆਂ ਕਣੀਆਂ ਸਾਡੇ ਅੰਦਰਲੇ ਨੂੰ ਤਰੋਤਾਜਾ ਕਰਦੀਆਂ ਹਨ । ਜਿਵੇਂ-ਜਿਵੇਂ ਚੜ੍ਹਾਈ ਵਧ ਰਹੀ ਰਸਤਾ ਚੌੜਾ ਅਤੇ ਸਮਤਲ ਹੁੰਦਾ ਜਾ ਰਿਹਾ ਹੈ । ਆਲੇ ਦੁਆਲੇ ਵਗਦੇ ਝਰਨਿਆਂ ਦਾ ਸੰਗੀਤ ਕੰਨਾਂ ਵਿੱਚ ਗੂੰਝਣ ਲੱਗਦਾ ਹੈ । ਚਾਰ ਚੁਫੇਰੇ ਬੜੇ ਹੀ ਅਲੌਕਿਕ ਦ੍ਰਿਸ਼ ਦਿਖਾਈ ਦਿੰਦੇ ਹਨ । ਪਰ ਵਾਰਿਸ਼ ਹੋਣ ਕਰਕੇ ਸਾਰੀਆਂ ਥਾਵਾਂ ਉਪਰ ਰੁਕਣ ਦਾ ਮੌਕਾ ਨਹੀਂ ਮਿਲ ਰਿਹਾ । ਕੁਝ ਥਾਵਾਂ ਜਿੰਨਾਂ ਨੂੰ ਕਿਸੇ ਵੀ ਹਾਲਤ ਵਿੱਚ ਦੇਖਣ ਦੇ ਪੱਖ ਤੋਂ ਛੱਡਿਆ ਨਹੀਂ ਜਾ ਸਕਦਾ ਸੀ ਉੱਥੇ ਅਸੀਂ ਰੁਕ ਫੋਟੋ ਅਤੇ ਵੀਡੀਓਗ੍ਰਾਫੀ ਕਰਦੇ ਹਾਂ । ਬਾਕੀ ਥਾਵਾਂ ਤੇ ਵਾਪਸੀ ਤੇ ਰੁਕਣ ਦਾ ਫੈਸਲਾ ਕਰਦੇ ਹਾਂ ।
ਕੁਝ ਸਮੇਂ ਦੇ ਹੋਰ ਸਫਰ ਤੋਂ ਬਾਅਦ ਸਾਹਮਣੇ ਛਿਤਕੁਲ ਪਿੰਡ ਦਿਖਾਈ ਦੇਣ ਲੱਗਦਾ ਹੈ । ਪਹਾੜੀ ਦੀ ਨੁੱਕਰ ਉਪਰ ਲੱਗਿਆ ਬੋਰਡ ਤੁਹਾਡਾ ਇਹ ਦੱਸਦਿਆਂ ਸਵਾਗਤ ਕਰਦਾ ਹੈ ਕਿ ਛਿਤਕੁਲ ਹਿੰਦੋਸਤਾਨ ਦਾ ਆਖਰੀ ਪਿੰਡ ਹੈ …ਇਸ ਤੋਂ ਅੱਗੇ ਨੋ ਮੈਨ ਲੈਂਡ ਏਰੀਆ ਸ਼ੁਰੂ ਹੋ ਜਾਂਦਾ ਹੈ ….ਇਸਦੀ ਉਚਾਈ ਸਮੁੰਦਰੀ ਤਲ ਤੋਂ 11320 ਫੁੱਟ ਹੈ ।
ਹਨੇਰਾ ਵਧ ਰਿਹਾ ਹੈ । ਵਾਰਿਸ਼ ਲਗਾਤਾਰ ਤੇਜ ਹੋ ਰਹੀ ਹੈ । ਅਸੀਂ ਇਸ ਕੋਲ ਰੁਕਣ ਦਾ ਇਰਾਦਾ ਵਾਪਸੀ ਤੇ ਛੱਡਦੇ ਹਾਂ । ਕੁਝ ਹੀ ਮਿੰਟਾਂ ਦੇ ਸਫਰ ਉਪਰੰਤ ਅਸੀਂ ਛਿਤਕੁਲ ਵਿੱਚ ਪ੍ਰਵੇਸ਼ ਕਰਦੇ ਹਾਂ । ਸ਼ਾਮ ਦਾ ਸਮਾਂ ਹੋਣ ਕਰਕੇ ਅਤੇ ਵਾਰਿਸ਼ ਦੇ ਤੇਜ ਹੋਣ ਕਰਕੇ ਕਮਰੇ ਲੱਭਣ ਦੀ ਹਫੜਾ ਦਫੜੀ ਮੱਚੀ ਹੋਈ ਹੈ । ਹੋਟਲਾਂ ਵਾਲੇ ਇਸ ਸਮੇਂ ਦਾ ਲਾਹਾ ਖੱਟ ਰਹੇ ਹਨ । ਰੇਟ ਦੁੱਗਣੇ ਹੋ ਗਏ ਹਨ । ਕਾਫੀ ਸਮੇਂ ਦੀ ਜੱਦੋ ਜਹਿਦ ਤੋਂ ਬਾਅਦ ਹਰਮੀਤ ਅਤੇ ਜਗਦੇਵ ਇੱਕ ਬੱਚੇ ਦੀ ਮੱਦਦ ਨਾਲ ਹੋਮ ਸਟੇਅ ਵਿਚ ਰੁਕਣ ਦਾ ਟਿਕਾਣਾ ਲੱਭਣ ਵਿੱਚ ਕਾਮਯਾਬ ਹੋ ਜਾਂਦੇ ਹਨ । ਅਸੀਂ ਬਿਨਾਂ ਕਿਸੇ ਦੇਰੀ ਤੋਂ ਕਮਰਿਆਂ ਵਿੱਚ ਲੋੜੀਂਦਾ ਸਮਾਨ ਲੈ ਕੇ ਪਹੁੰਚਦੇ ਹਾਂ ।
ਛਿਤਕੁਲ ਉਚਾਈ ਤੇ ਹੋਣ ਕਰਕੇ ਇੱਥੇ ਆਕਸੀਜਨ ਦੀ ਕੁਝ ਕਮੀ ਹੈ । ਇਸ ਦਾ ਪ੍ਰਬੰਧ ਖਾਸਕਰ ਇਸ ਤੋਂ ਪ੍ਰਭਾਵਿਤ ਮਰੀਜਾਂ ਨੂੰ ਜ਼ਰੂਰ ਕਰਕੇ ਲੈ ਕੇ ਜਾਣਾ ਚਾਹੀਦਾ ਹੈ । ਅਸੀਂ ਕਈ ਵਾਰੀ ਸਰਦੀਆਂ ਵਾਲੇ ਕੱਪੜੇ ਵੀ ਨਾਲ ਘੱਟ ਲੈਂਦੇ ਹਾਂ । ਸਾਡਾ ਸੋਚਣਾ ਹੁੰਦਾ ਹੈ ਕਿ ਇਸਦੀ ਇੰਨੀ ਲੋੜ ਕਿੱਥੇ ਪਏਗੀ ? ਪਰ ਵਾਰਿਸ਼ ਦੇ ਪੈਣ ਕਰਕੇ ਤਾਪਮਾਨ ਇੱਕ ਦਮ ਹੀ ਕਾਫੀ ਘਟ ਜਾਂਦਾ ਹੈ । ਸਾਡੇ ਪਹੁੰਚਣ ਤੇ ਛਿਤਕੁਲ ਦਾ ਤਾਪਮਾਨ 4 ਤੋਂ 5 ਡਿਗਰੀ ਰਹਿ ਜਾਂਦਾ ਹੈ ਤੇ ਸਾਨੂੰ ਪਹੁੰਚਦਿਆਂ ਹੀ ਠੰਢ ਝੰਬ ਸੁੱਟਦੀ ਹੈ ਇਸ ਗੱਲ ਦਾ ਖਮਿਆਜਾ ਸਾਨੂੰ ਅਗਲਾ ਪੂਰਾ ਦਿਨ ਭੁਗਤਣਾ ਪੈਂਦਾ ਹੈ ।
ਸਮਾਨ ਰੱਖ । ਟਿਕਾਣੇ ਉਪਰ ਬੈਠ । ਅਸੀਂ ਆਪਣੇ ਸੰਵਾਦ ਰਾਹੀਂ ਪੂਰੇ ਦਿਨ ਦੇ ਸਫਰ ਦਾ ਵਿਸ਼ਲੇਸ਼ਣ ਕਰਨ ਲੱਗ ਪੈਂਦੇ ਹਾਂ । ਤੇ ਇਹ ਸੰਵਾਦ ਸੌਂ ਜਾਣ ਦੇ ਆਖਰੀ ਪਲਾਂ ਤੱਕ ਜ਼ਾਰੀ ਰਹਿੰਦਾ ਹੈ ………

ਗੁਰਨੈਬ ਸਿੰਘ ਮਘਾਣੀਆਂ
98158-45405

Send this to a friend