April 24, 2026 6:04 am

ਅਧਿਆਪਨ ਅਤੇ ਪ੍ਰਬੰਧਨ ਦਾ ਬੇਮਿਸਾਲ ਸੁਮੇਲ ਪ੍ਰੋਫੈਸਰ (ਡਾ.) ਦਲਜੀਤ ਸਿੰਘ

ਮੇਰੀ ਮੁਲਾਕਾਤ ਪ੍ਰੋਫੈਸਰ ਦਲਜੀਤ ਸਿੰਘ ਨਾਲ ਲੱਗਭਗ ਛੇ ਮਹੀਨੇ ਪਹਿਲਾਂ ਰਾਯਤ ਬਾਹਰਾ ਯੂਨੀਵਰਿਸਟੀ ਮੌਹਾਲੀ ਵਿਖੇ ਹੋਈ, ਪਹਿਲੀ ਮਿਲਣੀ ਵਿੱਚ ਉਹ ਮੈਨੂੰ ਇੱਕ ਰੁੱਖੇ ਜਿਹੇ ਸੁਭਾਅ ਦੇ ਸਖਤ ਆਫ਼ਿਸਰ ਜਾਪੇ, ਪਰ ਜਿੰਵੇ ਜਿੰਵੇ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੇਰੇ ਜ਼ਹਿਨ ਵਿੱਚ ਬਣੀ ਉਹਨਾਂ ਦੀ ਪਹਿਲੀ ਤਸਵੀਰ ਬਿਲਕੁਲ ਹੀ ਗਲਤ ਹੁੰਦੀ ਜਾਪੀ। ਇਨਸਾਨੀਅਤ ਪ੍ਰਤੀ ਅਤੇ ਕੰਮ ਪ੍ਰਤੀ ਜੋ ਵਫ਼ਾਦਾਰੀ ਉਹਨਾਂ ਦੇ ਕਿਰਦਾਰ ਵਿੱਚ ਹੈ ਬਹੁਤ ਘੱਟ ਗਿਣਤੀ ਲੋਕਾਂ ਵਿੱਚ ਹੁੰਦੀ ਹੈ।
ਅੱਜ ਦੇ ਸਮੇਂ ਜਦੋਂ ਪ੍ਰਾਈਵੇਟ ਕਾਲੇਜ ਅਤੇ ਯੂਨੀਵਰਿਸਟੀਆਂ ਇੱਕ ਲਾਲਾ ਫਰਮ ਦੀ ਤਰਾਂ ਸਿੱਖਿਆ ਬਿਜਨਸ ਵਿੱਚ ਸਿਰਫ ਮੁਨਾਫ਼ਾ ਕਮਾਉਣ ਲਈ ਇੱਕ ਮਾਲਿਕ ਦੇ ਹਿੱਤਾਂ ਨੂੰ ਪੂਰਾ ਕਰਨ ਦੀ ਦੌੜ ਲੱਗੀ ਹੋਈ ਹੈ ਓਥੇ ਡਾਕਟਰ ਦਲਜੀਤ ਸਿੰਘ ਆਪਣੇ ਅਸੂਲਾਂ ਨਾਲ ਕੋਈ ਸਮਝੌਤਾ ਨਾ ਕਰਦੇ ਹੋਏ ਰਾਯਤ ਬਾਹਰਾ ਯੂਨੀਵਰਸਿਟੀ ਨੂੰ ਭਾਰਤ ਵਿੱਚ ਉੱਚ ਸਿੱਖਿਆ ਦਾ ਅਕਾਦਮਿਕ ਕੇਂਦਰਬਣਾਉਣ ਲਈ ਬਜਿੱਦ ਹਨ। ਹੁਣ ਜਦੋਂ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਿਸਟੀਆਂ ਵਿੱਚ ਵੱਧ ਤੋਂ ਵੱਧ ਦਾਖਲੇ ਕਰਨ ਦੀ ਦੌੜ ਲੱਗੀ ਹੋਵੇ ਚਾਹੇ ਉਹ 75 ਪ੍ਰਤੀਸ਼ਤ ਹਾਜਰੀ ਦਾ ਮਾਮਲਾ ਹੋਵੇ ਜਾਂ ਫਿਰ ਦਾਖਲਾ ਦੇਣ ਲੱਗੇ ਵਿਦਿਆਰਥੀਆਂ ਦੀ ਵਿੱਦਿਅਕ ਯੋਗਤਾ, ਬਤੌਰ ਯੂਨੀਵਰਿਸਟੀ ਦੇ ਉੱਪ ਕੁਲਪਤੀ ਪ੍ਰੋਫੈਸਰ ਦਲਜੀਤ ਸਿੰਘ ਸਮਝੌਤਾ ਨਹੀਂ ਕਰਦੇ।
ਉਹਨਾਂ ਦੀ ਸ਼ਖਸ਼ੀਅਤ ਦਾ ਇਹ ਸਕਰਾਤਮਕ ਪੱਖ ਕੋਈ ਇਤਫ਼ਾਕ ਨਹੀਂ ਹੈ ਬਲਕਿ ਪੰਜਾਬ ਦੀਆਂ ਸਭ ਤੋਂ ਉੱਚ ਸਿੱਖਿਆ ਸੰਸਥਾਵਾਂ ਦੇ ਪ੍ਰਬੰਧਨ ਦੇ ਤੋਰ ਤੇ ਕੀਤੇ ਉਹਨਾਂ ਦੇ ਕਾਰਜ ਦਾ ਨਤੀਜਾ ਹੈ। ਜਿੱਥੇ ਇੱਕ ਪਾਸੇ ਡਾਕਟਰ ਦਲਜੀਤ ਸਿੰਘ ਨੇ ਭਾਰਤ ਪੱਧਰ ਤੇ ਮਸ਼ਹੂਰ ਖਾਲਸਾ ਕਾਲੇਜ ਅਮ੍ਰਿਤਸਰ ਦੇ ਪ੍ਰਿੰਸੀਪਲ ਵਜੋਂ ਪੂਰੀ ਦੁਨੀਆਂ ਵਿੱਚ ਨਾਮਣਾ ਖੱਟਿਆ ਹੈ। ਓਥੇ ਦੂਸਰੇ ਪਾਸੇ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਕਾਨੂੰਨ ਵਿਭਾਗ ਵਿੱਚ ਬਤੌਰ ਪ੍ਰੋਫੈਸਰ ਇੱਕ ਦਹਾਕੇ ਤੋਂ ਉੱਪਰ ਸੇਵਾਵਾਂ ਦਿੱਤੀਆਂ ਹਨ। ਇਸਦੇ ਨਾਲ ਨਾਲ ਭਾਰਤੀ ਫੌਜ ਦੇ ਕਾਨੂੰਨ ਵਿਸ਼ੇ ਨਾਲ ਸਬੰਧਿਤ ਸੰਸਥਾਨ “ਆਰਮੀ ਇੰਸਟੀਟਿਊਟਸ ਆਫ ਲਾਅ“ ਮੌਹਾਲੀ ਅਤੇ ਪਟਿਆਲਾ ਵਿਖੇ ਬਤੌਰ ਨਿਰਦੇਸ਼ਕ ਡਾ. ਸਾਹਿਬ ਨੇ ਇਸ ਸੰਸਥਾਨ ਨੂੰ ਵਿਸ਼ਵ ਪੱਧਰੀ ਬਨਾਉਂਣ ਲਈ ਵੀ ਅਣਥੱਕ ਮਿਹਨਤ ਕੀਤੀ ਹੈ। ਦੇਸ਼ ਦੇ ਉਪਰੋਕਤ ਮੋਹਰੀ ਸੰਸਥਾਨਾਂ ਤੋਂ ਇਲਾਵਾ ਯੂ, ਐਸ, ਏ ਵਰਗੇ ਵਿਕਸਿਤ ਦੇਸ਼ਾਂ ਦੀਆਂ ਕਾਨੂੰਨ ਨਾਲ ਸਬੰਧਿਤ ਯੂਨੀਵਰਿਸਟੀਆਂ ਅਤੇ ਕਾਲਜਾਂ ਵਿੱਚ ਵੀ ਪ੍ਰੋਫੈਸਰ ਸਾਹਿਬ ਸਮੇਂ ਸਮੇਂ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵਿਚਰਦੇ ਰਹਿੰਦੇ ਹਨ ਅਤੇ ਕਾਨੂੰਨ ਅਤੇ ਪ੍ਰਬੰਧਨ ਨਾਲ ਸਬੰਧਿਤ ਆਪਣਾ ਤਜ਼ੁਰਬਾ ਸਾਂਝਾ ਕਰਦੇ ਰਹਿੰਦੇ ਹਨ। ਇੱਕ ਯੂਨੀਵਰਿਸਟੀ ਦੇ “ਉੱਪ ਕੁਲਪਤੀ“ ਵਰਗੇ ਵਕਾਰੀ ਅਹੁਦੇ ਵਜੋਂ ਸ਼ੁਰੂਆਤ ਪ੍ਰੋਫੈਸਰ ਸਾਹਿਬ ਨੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਖੇ ਸਤਿਥ ਬਾਹਰਾ ਯੂਨੀਵਰਿਸਟੀ ਤੋਂ ਕੀਤੀ ਅਤੇ ਉੱਪ ਕੁਲਪਤੀ ਵੱਜੋਂ ਆਪਣੀ ਪਹਿਲੀ ਪਾਰੀ ਦੌਰਾਨ ਐਨੇ ਸਾਲਾਂ ਦੇ ਪ੍ਰਬੰਧਨ ਦੇ ਤਜ਼ੁਰਬੇ ਅਤੇ ਕਦੇ ਹਾਰ ਨਾ ਮੰਨਣ ਵਾਲੇ ਜ਼ਜਬੇ ਨਾਲ, ਪ੍ਰਤੀਕੂਲ ਹਾਲਾਤਾਂ ਦੇ ਬਾਵਜੂਦ ਬਾਹਰਾ ਯੂਨੀਵਰਿਸਟੀ ਨੂੰ ਦੇਸ਼ ਦੀਆਂ ਮੌਹਰੀ ਪ੍ਰਾਈਵੇਟ ਯੂਨੀਵਰਿਸਟੀਆਂ ਵਿੱਚ ਲਿਆ ਖੜ੍ਹਾ ਕੀਤਾ। ਯੂ, ਐਸ, ਏ ਵਰਗੇ ਵਿਕਸਿਤ ਮੁਲਖ਼ ਦੀ ਨਾਗਰਿਕਤਾ ਹੋਣ ਦੇ ਬਾਵਜੂਦ ਆਪਣੇ ਦੇਸ਼ ਅਤੇ ਸਿੱਖਿਆ ਪ੍ਰਬੰਧ ਪ੍ਰਤੀ ਉਹਨਾਂ ਦਾ ਸਮਰਪਣ ਹੀ ਸੀ ਜਿਸਨੇ ਉੱਤਰੀ ਭਾਰਤ ਦੇ ਮੌਹਰੀ ਸਿੱਖਿਆ ਸੰਸਥਾਨ ਰਾਯਤ ਬਾਹਰਾ ਦੀ ਮੌਹਾਲੀ ਵਿੱਖੇ ਸਤਿਥ ਯੂਨੀਵਰਿਸਟੀ ਵਿੱਚ ਉੱਪ ਕੁਲਪਤੀ ਵਜੋਂ ਨਿਯੁਕਤੀ ਦੀ ਬੇਨਤੀ ਸਵੀਕਾਰ ਕਰਨ ਲਈ ਮਜਬੂਰ ਕੀਤਾ। ਇੱਕ ਦੋ ਵਾਰ ਪ੍ਰੋਫੈਸਰ ਸਾਹਿਬ ਨਾਲ ਇਸ ਵਿਸ਼ੇ ਤੇ ਗੱਲ ਵੀ ਹੋਈ ਤੇ ਉਹ ਹਮੇਸ਼ਾ ਹੀ ਸਹਿਜਤਾ ਨਾਲ ਅਤੇ ਹਾਸੇ ਨਾਲ ਉੱਤਰ ਦਿੰਦੇ ਹਨ ਕਿ ਵਾਹਿਗੁਰੂ ਜੀ ਨੇ ਮੇਰੀ ਡਿਊਟੀ ਤਾਂ ਤਾਅ-ਉਮਰ ਭਾਰਤੀ ਸਿੱਖਿਆ ਦੀ ਸੇਵਾ ਦੀ ਲਗਾਈ ਹੈ।
ਯੂਨੀਵਰਿਸਟੀ ਵਰਗੇ ਵੱਡੇ ਅਦਾਰੇ, ਜਿੱਥੇ ਨਿੱਤ ਵੱਖ ਵੱਖ ਪ੍ਰਸਤਿਥੀਆਂ, ਅਤੇ ਸਮੱਸਿਆਵਾਂ ਦਰਪੇਸ਼ ਰਹਿੰਦੀਆਂ ਹਨ। ਜੇ ਤੁਸੀਂ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨ ਅਤੇ ਨਿਰਪੱਖ ਰਹਿੰਦੇ ਹੋਏ ਮੁੱਦਿਆਂ ਦਾ ਨਿਪਟਾਰਾ ਕਰਨ ਵਿੱਚਲੀ ਸਰਲਤਾ, ਸਹਿਜਤਾ, ਅਤੇ ਪਾਰਦਰਸ਼ਿਤਾ ਦਾ ਗਵਾਹ ਬਣਨਾ ਹੋਵੇ ਤਾਂ ਪ੍ਰੋਫੈਸਰ (ਡਾ) ਦਲਜੀਤ ਸਿੰਘ ਤੋਂ ਵਧੀਆ ਉਦਾਹਰਣ ਤੁਹਾਂਨੂੰ ਘੱਟ ਹੀ ਮਿਲ ਸਕਦੀ ਹੈ। ਜਿੱਥੇ ਪ੍ਰੋਫੈਸਰ ਸਾਹਿਬ ਇੱਕ ਪਾਸੇ ਕਨੂੰਨ ਦੇ ਵਿਦਿਆਰਥੀ ਅਤੇ ਲੰਬਾ ਸਮਾਂ ਕਾਨੂੰਨ ਦੇ ਅਧਿਆਪਕ ਹੋਣ ਕਾਰਣ ਭਾਰਤੀ ਕਾਨੂੰਨ ਦੀਆਂ ਬਾਰੀਕੀਆਂ ਤੋਂ ਜਾਣੂ ਹਨ,ਅਤੇ ਦੇਸ਼,ਵਿਦੇਸ਼ ਵਿੱਚ ਕਾਨੂੰਨ ਨਾਲ ਸਬੰਧਿਤ ਵੱਖ ਕਾਨਫਰੰਸਾਂ ਅਤੇ ਸੈਮੀਨਾਰਾਂ ਵਿੱਚ ਬੋਲਣ ਦਾ ਤਜ਼ੁਰਬਾ ਰੱਖਦੇ ਹਨ ਉਸੇ ਨਾਲ ਹੀ ਕਾਨੂੰਨ ਤੋਂ ਇਲਾਵਾ ਜ਼ਿੰਦਗੀ ਨਾਲ ਸਬੰਧਿਤ ਕਿਸੇ ਵੀ ਵਿਸ਼ੇ ਬਾਰੇ ਘੰਟਿਆਂ ਬੱਧੀ ਬੋਲਣ ਦੀ ਸਮਰੱਥਾ ਰੱਖਦੇ ਹਨ।
ਡਾਕਟਰ ਸਾਹਿਬ ਨਾਲ ਜਦੋਂ ਕਦੇ ਵੀ ਥੋੜੇ ਵਿਹਲੇ ਸਮੇਂ ਵਖਤ ਬਿਤਾਉਣ ਦਾ ਅਤੇ ਗੱਲਾਂ ਕਰਨ ਦਾ ਵਖਤ ਮਿਲਦਾ ਹੈ ਤਾਂ ਗੱਲਾਂ ਗੱਲਾਂ ਵਿੱਚ ਉਹਨਾਂ ਦੀ ਜਵਾਨੀ ਅਤੇ ਪੜ੍ਹਾਈ ਦੇ ਦਿਨਾਂ ਦੀ ਗੱਲ ਚੱਲ ਪੈਂਦੀ ਹੈ ਅਤੇ ਉਹ ਹਸਦੇ ਬੜੇ ਸਹਿਜ ਨਾਲ ਦੱਸਦੇ ਹਨ ਕਿ ਕਿਵੇਂ ਖੰਨਾ ਸ਼ਿਹਰ ਵਿਖੇ ਉਹਨਾਂ ਦੇ ਘਰ ਦੇ ਬਾਹਰ ਲੱਗੇ ਬਿਜਲੀ ਦੇ ਖੰਭੇ ਦੀ ਬਦੌਲਤ ਘਰ ਬਿਜਲੀ ਗੁੱਲ ਹੋਣ ਤੇ ਵੀ ਪੜ੍ਹਾਈ ਕਰਨ ਲਈ ਸਟਰੀਟ ਲਾਈਟ ਦਾ ਫਾਇਦਾ ਲਿਆ। ਪ੍ਰੋਫੈਸਰ ਸਾਹਿਬ ਨਾਲ ਹਲਕੀ ਫੁਲਕੀ ਗੱਲ ਕਰਦੇ ਵੀ ਉਹਨਾਂ ਦਾ ਅਧਿਆਤਮਕ, ਅਧਿਆਪਨ ਗਿਆਨ ਅਤੇ ਐਨੀ ਪ੍ਰਾਪਤੀ ਦੇ ਬਾਵਜੂਦ ਫੱਕਰ ਸੁਭਾਅ ਤੁਸੀਂ ਸਹਿਜੇ ਹੀ ਮਹਿਸੂਸ ਕਰ ਸਕਦੇ ਹੋ।
ਪ੍ਰੋਫੈਸਰ ਸਾਹਿਬ ਦੀਆਂ ਆਪਣੀਆਂ ਅਕਾਦਮਿਕ ਪ੍ਰਾਪਤੀਆਂ ਤੋਂ ਇਲਾਵਾ ਪਰਿਵਾਰਿਕ ਤੌਰ ਤੇ ਵੀ ਇੱਕ ਮਿਸਾਲ ਹਨ, ਜਿੱਥੇ ਉਹਨਾਂ ਦਾ ਪੁੱਤਰ ਅਮਰੀਕਾ ਦਾ ਪ੍ਰਸਿੱਧ ਯੂਨੀਵਰਸਟੀ ਵਿੱਚ ਪ੍ਰਬੰਧਨ ਨਿਰਦੇਸ਼ਕ ਦੇ ਤੌਰ ਤੇ ਕੰਮ ਕਰ ਰਿਹਾ ਹੈ ਤੇ ਉਹਨਾਂ ਦੀ ਬੇਟੀ ਇਕ ਪ੍ਰੋਫੈਸਰ ਦੇ ਤੌਰ ਤੇ ਸਿੱਖਿਆ ਦੇ ਖੇਤਰ ਵਿੱਚ ਸੇਵਾ ਨਿਭਾਅ ਰਹੇ ਹਨ।
ਮੈਂ ਲੱਗਭਗ ਦੱਸ ਸਾਲ ਤੋਂ ਉੱਪਰ ਪ੍ਰਾਈਵੇਟ ਸਿੱਖਿਆ ਵਿਭਾਗ ਨਾਲ ਜੁੜਿਆ ਹੋਇਆ ਹਾਂ ਅਤੇ ਕਾਲੇਜ ਅਤੇ ਯੂਨੀਵਰਸਟੀ ਦੋਨੋਂ ਪੱਧਰਾਂ ਉੱਪਰ ਨੌਕਰੀ ਕੀਤੀ ਹੈ ਅਤੇ ਸਭ ਜਗ੍ਹਾ ਉੱਪਰ ਮੁੱਖੀ ਜਾਂ ਤਾਂ ਵਿਦਿਆਰਥੀ ਪੱਖੀ ਕਹਾਉਣ ਨੂੰ ਸਟਾਫ ਨੂੰ ਤੰਗ ਕਰਨ ਵਾਲੇ ਮਿਲੇ ਜਾਂ ਫਿਰ ਪ੍ਰਬੰਧਕਾਂ ਨੂੰ ਖੁਸ਼ ਕਰਨ ਲਈ ਬੱਚਿਆਂ ਨੂੰ ਤੰਗ ਕਰਨ ਵਾਲੇ ਮਿਲੇ, ਪਰ ਪ੍ਰੋਫੈਸਰ ਦਲਜੀਤ ਸਿੰਘ ਦੀ ਤੱਕੜੀ ਸਬ੍ਹ ਪਾਸੇ ਬਰਾਬਰ ਬਰਾਬਰ ਤੋਲਦੀ ਹੈ, ਜਿੰਨਾ ਦੇ ਨਾਲ ਕੰਮ ਕਰਕੇ ਸਟਾਫ ਵੀ ਖੁਸ਼ ਹੈ, ਜਿਨ੍ਹਾਂ ਨੂੰ ਬੱਚੇ ਵੀ ਮਾਪਿਆਂ ਵਾਂਗ ਪਿਆਰ ਕਰਦੇ ਹਨ ਅਤੇ ਪ੍ਰਬੰਧਕ ਵੀ ਉਹਨਾਂ ਦੀ ਅਕਾਦਮਿਕ ਅਤੇ ਪ੍ਰਬੰਧਨ ਕੌਸ਼ਲ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਨ। ਇਹੀ ਦੁਆ ਹੈ ਕਿ ਹਰ ਸੰਸਥਾ ਨੂੰ ਪ੍ਰੋਫੈਸਰ ਡਾ ਦਲਜੀਤ ਸਿੰਘ ਵਰਗਾ ਮੁਖੀ ਮਿਲੇ।

Send this to a friend