April 24, 2026 1:07 am

ਭਾਈ ਮਰਦਾਨਾ ਜੀ ਦੇ ਵੰਸ਼ਜ਼ ਭਾਈ ਸਰਫਰਾਜ਼ ਦੇ ਜਥੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮਾਸਿਕ ਸਹਾਇਤਾ ਦੀ ਪਹਿਲੀ ਕਿਸ਼ਤ ਭਾਈ ਲੌਂਗੋਵਾਲ ਨੇ ਦਿੱਤੀ

ਸ੍ਰੀ ਨਨਕਾਣਾ ਸਾਹਿਬ 31 ਜੁਲਾਈ-ਸ੍ਰੀ ਨਨਕਾਣਾ ਸਾਹਿਬ ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਦੀ ਆਰੰਭਤਾ ਸਮੇਂ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਈ ਮਰਦਾਨਾ ਜੀ ਦੇ ਵੰਸ਼ਜ਼ ਭਾਈ ਲਾਲ ਜੀ ਦੇ ਪੋਤਰੇ ਭਾਈ ਸਰਫਰਾਜ਼ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮਾਸਿਕ ਸਹਾਇਤਾ ਦੀ ਪਹਿਲੀ ਕਿਸ਼ਤ 21 ਹਜ਼ਾਰ ਪ੍ਰਦਾਨ ਕੀਤੀ ਗਈ। ਸਹਾਇਤਾ ਰਾਸ਼ੀ ਦੇਣ ਸਮੇਂ ਭਾਈ ਲੌਂਗੋਵਾਲ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਮਰਦਾਨਾ ਜੀ ਦੇ ਵੰਸ਼ਜ਼ ਨੂੰ ਮਾਸਿਕ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਸੀ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸਜੇ ਸ਼ਾਮ ਦੇ ਦੀਵਾਨ ਸਮੇਂ ਇਹ ਪ੍ਰਵਾਨਿਤ ਸਬੰਧਤਾਂ ਨੂੰ ਦਿੱਤੀ ਗਈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ 21 ਹਜ਼ਾਰ ਰੁਪਏ ਦੀ ਇਹ ਸਹਾਇਤਾ ਹਰ ਮਹੀਨੇ ਭਾਈ ਸਰਫਰਾਜ਼ ਦੇ ਜਥੇ ਨੂੰ ਦਿੱਤੀ ਜਾਇਆ ਕਰੇਗੀ। ਇਸ ਤੋਂ ਇਲਾਵਾ ਭਾਈ ਸਰਫਰਾਜ਼ ਦੀ ਮਾਤਾ ਦੇ ਇਲਾਜ਼ ਲਈ 11 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਵੀ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਗਈ।

Send this to a friend