ਤਲਵੰਡੀ ਸਾਬੋ, 29 ਜੁਲਾਈ (ਰਾਮ ਰੇਸ਼ਮ ਨਥੇਹਾ)- ਇਤਿਹਾਸਿਕ ਅਤੇ ਪਵਿੱਤਰ ਨਗਰ ਤਲਵੰਡੀ ਸਾਬੋ ਵਿੱਚ ਬੀਤੇ ਦਿਨ ਇੱਕ 9 ਸਾਲ੍ਹਾ ਦਲਿਤ ਬੱਚੀ ਨਾਲ ਜਬਰ ਜਨਾਹ ਦੇ ਦੋਸ਼ੀ ਨੂੰ ਘਟਨਾ ਦੇ ਇੱਕ ਹਫਤਾ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਵੱਲੋਂ ਨਾ ਫੜੇ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨ:ਸਕੱ: ਅਤੇ ਹਲਕੇ ਦੇ ਸਾਬਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੇ ਪੁਲਿਸ ਪ੍ਰਸ਼ਾਸਨ ਨੂੰ ਕਰੜੇ ਹੱਥੀਂ ਲਿਆ ਹੈ। ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸਿੱਧੂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਦੀ ਅਣਗਹਿਲੀ ਅਤੇ ਮੌਜੂਦਾ ਸਰਕਾਰ ਦੇ ਆਗੂਆਂ ਦੀ ਕੁੰਭਕਰਨੀ ਨੀਂਦ ਦਾ ਹੀ ਨਤੀਜਾ ਹੈ ਕਿ ਹੁਣ ਨਗਰ ਵਿੱਚ ਮਾਸੂਮ ਬੱਚੀਆਂ ਵੀ ਸੁਰੱਖਿਅਤ ਨਹੀ।ਉਨਾਂ ਕਿਹਾ ਕਿ 9 ਸਾਲ੍ਹਾ ਲੜਕੀ
ਨਾਲ ਵਾਪਰੀ ਇਸ ਅਤਿ ਘਿਨਾਉਣੀ ਘਟਨਾ ਤੋਂ ਬਾਅਦ ਨਗਰ ਦੇ ਮਾਪਿਆਂ ਵਿੱਚ ਆਪਣੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਫਿਕਰਮੰਦੀ ਦੇਖਣ ਨੂੰ ਮਿਲ ਰਹੀ ਹੈ ਤੇ ਜਿੰਨੀ ਜਾਣਕਾਰੀ ਉਨਾਂ ਨੂੰ ਮਿਲੀ ਹੈ ਉਸ ਮੁਤਾਬਿਕ ਦੋਸ਼ੀ ਦੀ ਤਸਵੀਰ ਅਤੇ ਉਸਦੇ ਮੋਟਰਸਾਈਕਲ ਦਾ ਨੰਬਰ ਤੱਕ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਆ ਜਾਣ ਦੇ ਬਾਵਜੂਦ ਇੱਕ ਹਫਤੇ ਤੱਕ ਦੋਸ਼ੀ ਦਾ ਨਾ ਫੜਿਆ ਜਾਣ ਕਈ ਸਵਾਲ ਖੜੇ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦਾ ਇੱਕ ਵਫਦ ਉਨਾਂ ਨੂੰ ਬੀਤੇ ਦਿਨੀ ਮਿਲਿਆ ਸੀ ਜਿਸ ਤੋਂ ਇਹ ਵੀ ਪਤਾ ਲੱਗਾ ਹੈ ਕਿ ਸ਼ਹਿਰ ਵਿੱਚ ਪਿਛਲੇ ਸਮੇਂ ਤੋਂ ਪੁਲਿਸ ਵੱਲੋਂ ਰਾਤ ਦੀ ਗਸ਼ਤ ਵੀ ਠੀਕ ਢੰਗ ਨਾਲ ਨਹੀ ਕੀਤੀ ਜਾ ਰਹੀ ਜਿਸ ਕਾਰਣ ਲੋਕਾਂ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਮਾਹੌਲ ਹੈ।ਉਨਾਂ ਕਿਹਾ ਕਿ ਉਹ ਅਤੇ ਉਨਾਂ ਦੀ ਸਮੁੱਚੀ ਪਾਰਟੀ ਪੀੜਿਤ ਪਰਿਵਾਰ ਦੇ ਨਾਲ ਖੜੀ ਹੈ ਤੇ ਉਹ ਅੱਜ ਹੀ ਇਸ ਮਾਮਲੇ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਉਠਾ ਰਹੇ ਹਨ ਤਾਂਕਿ ਦੋਸ਼ੀ ਨੂੰ ਜਲਦ ਫੜ ਕੇ ਸਖਤ ਤੋਂ ਸਖਤ ਸਜਾ ਦਵਾਈ ਜਾ ਸਕੇ।