ਭਵਾਨੀਗੜ/ਚੰਨੋਂ , 30 ਜੁਲਾਈ (ਇਕਬਾਲ ਬਾਲੀ)- ਅਕਸਰ ਸੁਰਖੀਆਂ ‘ਚ ਰਹਿੰਦਾ ਭਵਾਨੀਗੜ੍ਹ ਨੇੜੇ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਪਿੰਡ ਕਾਲਾਝਾੜ ਨੇੜੇ ਲੱਗਿਆ ਟੋਲ ਪਲਾਜਾ ਮੰਗਲਵਾਰ ਨੂੰ ਇੱਕ ਵਾਰ ਮੁੜ ਚਰਚਾ ਵਿੱਚ ਆ ਗਿਆ। ਇੱਥੇ ਟੋਲ ਬੂਥਾਂ ‘ਤੇ ਕੰਮ ਕਰਦੇ ਟੋਲ ਪਲਾਜਾ ਦੇ ਕਰਮਚਾਰੀਆਂ ਨੇ ਵਾਹਨ ਚਾਲਕਾਂ ਨੂੰ ਮੋੜਨ ਲਈ ਟੋਲ ਪ੍ਰਬੰਧਕਾਂ ਉਪਰ ਨਕਲੀ ਕਰੰਸੀ ਦੇਣ ਦੇ ਦੋਸ਼ ਲਗਾਏ ਹਨ। ਜਿਸ ਨੂੰ ਲੈ ਕੇ ਵਰਕਰਾਂ ਨੇ ਪੁਲਸ ਕਾਰਵਾਈ ਦੀ ਮੰਗ ਕਰਦਿਆਂ ਟੋਲ ਪ੍ਰਬੰਧਕਾਂ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ।ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਟੋਲ ਪਲਾਜਾ ਵਰਕਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਦੱਸਿਆ ਕਿ ਟੋਲ ਪ੍ਰਬੰਧਕ ਇੱਥੇ ਟੋਲ ਬੂਥਾਂ ‘ਚ ਟੋਲ
ਕੂਲੈਕਟ ਕਰਨ ਲਈ ਬੈਠਣ ਵਾਲੇ ਮੁਲਾਜ਼ਮਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਵਾਹਨ ਚਾਲਕਾਂ ਨੂੰ ਮੋੜਨ ਲਈ ਕਥਿਤ ਰੂਪ ਵਿੱਚ ਨਕਲੀ ਸਿੱਕਿਆਂ ਸਮੇਤ ਸੌ, ਦੋ ਸੌ ਤੇ ਪੰਜ ਸੌ ਰੁਪਏ ਦੇ ਨੋਟ ਦੇ ਰਹੇ ਹਨ ਜਿਸ ਬਾਰੇ ਉਨ੍ਹਾਂ ਨੂੰ ਪਤਾ ਲੱਗਾ ਤਾਂ ਵਰਕਰਾਂ ਨੇ ਇਸ ਸਬੰਧੀ ਇੱਕ ਲਿਖਤੀ ਸ਼ਿਕਾਇਤ ਕਾਲਾਝਾੜ ਪੁਲਸ ਚੌਕੀ ਵਿਖੇ ਦਿੱਤੀ। ਟੋਲ ਵਰਕਰਾਂ ਦਾ ਦਾਅਵਾ ਹੈ ਕਿ ਟੋਲ ਪ੍ਰਬੰਧਕ ਜਿਸ ਕਰਮਚਾਰੀ ਰਾਹੀਂ ਦਫ਼ਤਰ ਅੰਦਰੋਂ ਬੂਥਾਂ ‘ਤੇ ਚਲਾਉੰਣ ਲਈ ਕਥਿਤ ਨਕਲੀ ਸਿੱਕੇ ਜਾ ਨੋਟ ਦਿੰਦੇ ਸੀ, ਨੇ ਵੀ ਉਨ੍ਹਾਂ ਕੋਲ ਇਸ ਬਾਰੇ ਮੰਨਿਆ ਹੈ ਜਿਸ ਦੀ ਬਣਾਈ ਵਿਡਿਓ ਉਨ੍ਹਾਂ ਕੋਲ ਮੌਜੂਦ ਹੈ। ਵਰਕਰਾਂ ਨੇ ਰੋਸ ਜਤਾਉੰਦਿਆ ਕਿਹਾ ਕਿ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਪੁਲਸ ਨੇ ਗੰਭੀਰਤਾ ਨਹੀਂ ਦਿਖਾਈ ਤੇ ਜਦੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਮਜਬੂਰ ਹੋ ਕੇ ਉਨ੍ਹਾਂ ਅੱਜ ਪ੍ਰਦਰਸ਼ਨ ਕੀਤਾ ਤਦ ਕੀਤੇ ਜਾ ਕੇ ਪੁਲਸ ਮਾਮਲੇ ਦੀ ਜਾਂਚ ਕਰਨ ਲਈ ਰਾਜ਼ੀ ਹੋਈ। ਓਧਰ, ਦੂਜੇ ਪਾਸੇ ਟੋਲ ਪ੍ਰਬੰਧਕਾਂ ਨੇ ਟੋਲ ਬੂਥਾਂ ‘ਤੇ ਨਕਲੀ ਕਰੰਸੀ ਚਲਾਉੰਣ ਨੂੰ ਦੇਣ ਦੇ ਲਗਾਏ ਜਾ ਰਹੇ ਵਰਕਰਾਂ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਹੋ ਸਕਦਾ ਹੈ ਕਿ ਟੋਲ ਕੂਲੈਕਸ਼ਨ ਦੌਰਾਨ ਬੂਥਾਂ ‘ਤੇ ਕੁੱਝ ਨਕਲੀ ਨੋਟ ਗ੍ਰਾਹਕਾਂ ਵੱਲੋਂ ਹੀ ਉਨ੍ਹਾਂ ਕੋਲ ਆ ਗਏ ਹੋਣ ਜਿਸ ਨੂੰ ਲੈ ਕੇ ਵਰਕਰ ਬੇਵਜਾ ਹੀ ਉਨ੍ਹਾਂ ਖਿਲਾਫ਼ ਮੁੱਦਾ ਬਣਾ ਕੇ ਉਨ੍ਹਾਂ ਨੂੰ ਬਦਨਾਮ ਕਰਨ ‘ਤੇ ਤੁਲੇ ਹਨ।
ਜਾਂਚ ਕੀਤੀ ਜਾਵੇਗੀ : ਪੁਲਿਸ- ਮੌਕੇ ‘ਤੇ ਪਹੁੰਚੇ ਕਾਲਾਝਾੜ ਪੁਲਸ ਚੋਕੀ ਦੇ ਇੰਚਾਰਜ ਐਸ.ਆਈ. ਨਿਰਮਲ ਸਿੰਘ ਨੇ ਕਿਹਾ ਕਿ ਵਰਕਰਾਂ ਦੀ ਇਸ ਸਬੰਧੀ ਸ਼ਿਕਾਇਤ ਕੱਲ ਰਾਤ ਹੀ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ ਤੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਕਲੀ ਅਸਲੀ ਕਰੰਸੀ ਦੀ ਪਛਾਣ ਲਈ ਤਕਨੀਕੀ ਮਾਹਿਰਾਂ ਦੀ ਸਲਾਹ ਲਈ ਜਾਵੇਗੀ ਤੇ ਦੋਸ਼ੀ ਪਾਏ ਜਾਣ ‘ਤੇ ਕਾਰਵਾਈ ਕੀਤੀ ਜਾਵੇਗੀ।