ਲਹਿਰਾਗਾਗਾ, 24 ਜੁਲਾਈ (ਜਤਿੰਦਰ ਜਲੂਰ)- ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦੇ 66 ਕੇ ਵੀ ਗਰਿੱਡ ਵਿਖੇ ਇੱਕ ਬਿਜਲੀ ਮੁਲਾਜ਼ਮ ਵੱਲੋਂ ਆਪਣੇ ਸਾਥੀ ਨੂੰ ਗੋਲੀਆਂ ਨਾਲ ਭੁੰਨ ਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਖੰਡੇਬਾਦ ਦੇ 66 ਕੇ ਵੀ ਗਰਿੱਡ ਵਿਖੇ ਗੁਰਮੀਤ ਸਿੰਘ ਬਤੌਰ ਐੱਸ ਐੱਸ ਏ ਬੀਤੀ ਰਾਤ ਤੋਂ ਡਿਊਟੀ ਨਿਭਾ ਰਿਹਾ ਸੀ ਅਤੇ ਅੱਜ ਸਵੇਰ ਸਮੇਂ 8 ਵਜੇ ਉਸਦੇ ਦੂਜੇ ਸਾਥੀ ਨੇ ਡਿਊਟੀ ਸੰਭਾਲਣੀ ਸੀ। ਪਰ ਉਸ ਐੱਸ ਐੱਸ ਏ ਦੇ ਲੇਟ ਆਉਣ ਕਰਕੇ ਗੁਰਮੀਤ ਸਿੰਘ ਦਾ ਡਿਊਟੀ ਦੇ ਸਮੇਂ ਨੂੰ ਲੈ ਕੇ ਉਸ ਨਾਲ ਤਕਰਾਰ ਹੋ ਗਿਆ, ਜਿਸ ਦੇ ਚੱਲਦੇ ਗੁਰਮੀਤ ਸਿੰਘ ਦੇ ਦੂਜੇ ਸਾਥੀ ਨੇ ਉਸ ਦੀ ਗੱਲ ਨਾ ਸਹਾਰਦਿਆਂ ਗੁਰਮੀਤ ਸਿੰਘ ਉੱਪਰ ਗੋਲੀਆਂ ਦੀ ਬੁਛਾੜ ਕਰ ਦਿੱਤੀ ਅਤੇ ਉਸਦੇ ਸੀਨੇ ਉੱਪਰ ਪੰਜ ਗੋਲੀਆਂ ਮਾਰ ਕੇ ਮੌਕੇ ਤੇ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਘਟਨਾ ਦਾ ਪਤਾ ਚੱਲਦੇ ਹੀ ਥਾਣਾ ਸਦਰ ਦੇ ਇੰਚਾਰਜ ਸਰਦਾਰ ਜਸਵੀਰ ਸਿੰਘ ਤੂਰ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ ,ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਸੂਚਨਾ ਮਿਲਣ ਉਪਰੰਤ ਉਹ ਮੌਕੇ ਤੇ ਪਹੁੰਚੇ ਅਤੇ ਜਿੱਥੇ ਕਿ ਗੁਰਮੀਤ ਸਿੰਘ ਐੱਸ ਐੱਸ ਏ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਅਤੇ ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ, ਉਨ੍ਹਾਂ ਕਿਹਾ ਕਿ ਉਕਤ ਘਟਨਾ ਦੀ ਪੁਲਸ ਵੱਲੋਂ ਪੂਰੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।