April 22, 2026 11:15 am

ਦਾਖਲੇ ਨਾ ਮਿਲਣ ‘ਤੇ ਗੁਰੂ ਕਾਸ਼ੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ

ਸੀਟਾਂ ਪਈਆਂ ਹੋਣ ਦੇ ਬਾਵਜੂਦ ਦਾਖਿਲੇ ਨਾ ਦੇਣ ਦੇ ਲਾਏ ਦੋਸ਼, ਪ੍ਰਬੰਧਕਾਂ ਨੇ ਦੋਸ਼ ਨਕਾਰੇ

ਤਲਵੰਡੀ ਸਾਬੋ, 22 ਜੁਲਾਈ (ਰਾਮ ਰੇਸ਼ਮ ਨਥੇਹਾ)- ਸਥਾਨਕ ਗੁਰੁ ਕਾਸ਼ੀ ਕਾਲਜ ਵਿੱਚ ਬੀ.ਏ ਵਿੱਚ ਦਾਖਲਿਆਂ ਲਈ ਸੀਟਾਂ ਹੋਣ ਦੇ ਬਾਵਜੂਦ ਵੀ ਦਾਖਿਲੇ ਨਾ ਦੇਣ ਦੇ ਕਥਿਤ ਦੋਸ਼ ਲਾਂਉਦਿਆਂ ਅੱਜ ਵਿਦਿਆਰਥੀਆਂ ਨੇ ਤਲਵੰਡੀ ਸਾਬੋ ਰਾਮਾਂ ਮੰਡੀ ਰੋਡ ਤੇ ਕਾਲਜ ਦੇ ਗੇਟ ਤੇ ਜਾਮ ਲਾ ਕੇ ਕਾਲਜ ਪ੍ਰਬੰਧਕਾਂ ਖਿਲਾਫ ਜੰਮ ਕੇ ਨਾਅਰੇਬਾਜੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ।ਹਾਲਾਂਕਿ ਬਾਅਦ ਦੁਪਹਿਰ ਕਾਲਜ ਪ੍ਰਬੰਧਕਾਂ ਨਾਲ ਮੀਟਿੰਗ ਉਪਰੰਤ ਵਿਦਿਆਰਥੀਆਂ ਨੇ ਧਰਨਾ ਖਤਮ ਕਰ ਦਿੱਤਾ।ਅੱਜ ਧਰਨਾ ਦੇ ਰਹੇ ਵਿਦਿਆਰਥੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਵਾਰ ਬੀ.ਏ ਦੀਆਂ ਉਕਤ ਕਾਲਜ ਵਿੱਚ 470 ਸੀਟਾਂ ਭਰੀਆਂ ਗਈਆਂ ਸਨ ਪਰ ਇਸ ਵਾਰ 300 ਦੇ ਕਰੀਬ ਵਿਦਿਆਰਥੀਆਂ ਨੂੰ ਦਾਖਿਲੇ ਦੇ ਕੇ ਹੀ ਇਹ ਕਹਿ ਦਿੱਤਾ ਗਿਆ ਹੈ ਕਿ ਸੀਟਾਂ ਭਰ ਗਈਆਂ ਹਨ। ਉਨਾਂ ਕਥਿਤ ਦੋਸ਼ ਲਾਏ ਕਿ ਕਾਲਜ ਵਿੱਚ ਸੀਟਾਂ ਪਈਆਂ ਹਨ ਪਰ ਪ੍ਰਬੰਧਕ ਜਾਣਬੁੱਝ ਕੇ ਉਕਤ ਇਲਾਕੇ ਦੇ ਵਿਦਿਆਰਥੀਆਂ ਨੂੰ ਦਾਖਿਲੇ ਨਹੀ ਦੇ ਰਹੇ ਤੇ ਵੱਡੇ ਸ਼ਹਿਰਾਂ ਦੇ ਕਾਲਿਜਾਂ ਦੀ ਮੈਰਿਟ ਵੱਧ ਹੋਣ ਕਾਰਣ ਉਨਾਂ ਨੂੰ ਦਾਖਿਲੇ ਮਿਲਦੇ ਨਹੀ ਜਿਸ ਕਾਰਣ ਉਨਾਂ ਦਾ ਭਵਿੱਖ ਖਤਰੇ ਵਿੱਚ ਹੈ।ਵਿਦਿਆਰਥੀਆਂ ਨੇ ਮੰਗ ਕੀਤੀ ਕਿ ਪਿਛਲੇ ਸਾਲ ਵਾਂਗ 470 ਸੀਟਾਂ ਹੀ ਭਰੀਆਂ ਜਾਣ।ਉੱਧਰ ਰੋਡ ਜਾਮ ਦੀ ਸੂਚਨਾ ਮਿਲਦਿਆਂ ਹੀ ਤਲਵੰਡੀ ਸਾਬੋ ਥਾਣਾ ਮੁਖੀ ਗੁਰਵਿੰਦਰ ਸਿੰਘ ਸਰਾਂ ਮੌਕੇ ਤੇ ਪੁੱਜੇ ਤੇ ਉਨਾਂ ਵਿਦਿਆਰਥੀਆਂ ਨੂੰ ਮਨਾਉਣ ਦੀ ਕੋਸ਼ਿਸ ਕੀਤੀ ਪਰ ਵਿਦਿਆਰਥੀ ਆਪਣੀ ਮੰਗ ਤੇ ਅੜੇ ਰਹੇ।ਦੂਜੇ ਪਾਸੇ ਕਾਲਜ ਪ੍ਰਿੰਸੀਪਲ ਪ੍ਰੋ. ਆਨੰਦ ਬਾਂਸਲ ਦਾ ਕਹਿਣਾ ਹੈ ਕਿ ਕਾਲਜ ਵਿੱਚ 330 ਦੇ ਕਰੀਬ ਹੀ ਸੀਟਾਂ ਹਨ ਜਿਸ ਲਈ ਕੌਂਸਲਿੰਗ ਚੱਲ ਰਹੀ ਹੈ ਤੇ ਜਿਨਾਂ ਵਿਦਿਆਰਥੀਆਂ ਨੇ ਫਾਰਮ ਭਰੇ ਹਨ ਉਨਾਂ ਨੂੰ ਦਾਖਿਲੇ ਦੇਵਾਂਗੇ।ਉੱਧਰ ਵਿਦਿਆਰਥੀਆਂ ਦੇ ਸੰਘਰਸ਼ ਦੀ ਹਿਮਾਇਤ ਵਿੱਚ ਉੱਤਰਦਿਆਂ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ 2015 ਵਿੱਚ ਸਭ ਤੋਂ ਪਹਿਲਾਂ ਕਾਲਜ ਪ੍ਰਬੰਧਕਾਂ ਨੇ ਹਲਕੇ ਦੇ ਵਿਦਿਆਰਥੀਆਂ ਨੂੰ ਦਾਖਿਲੇ ਨਾ ਦੇਣ ਦੀ ਵਜ੍ਹਾ ਇਮਾਰਤ ਨਾ ਹੋਣਾ ਦੱਸਿਆ ਤਾਂ ਉਨਾਂ ਨੇ ਤਤਕਾਲੀ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦਾ ਦੌਰਾ ਕਰਵਾਕੇ 6 ਕਰੋੜ ਰੁਪਏ ਦਵਾ ਕੇ ਇਮਾਰਤ ਬਣਵਾਈ।ਫਿਰ ਵਿਦਿਆਰਥੀਆਂ ਦੀ ਮੰਗ ਤੇ ਉਨਾਂ ਨੇ ਬੀ.ਏ ਦੀਆਂ 100 ਸੀਟਾਂ ਯੂਨੀਵਰਸਿਟੀ ਤੋਂ ਵਧਵਾ ਦਿੱਤੀਆਂ ਸਨ।ਉਨ੍ਹਾਂ ਕਿਹਾ ਕਿ ਹੁਣ ਸੀਟਾਂ ਖਾਲੀ ਪਈਆਂ ਹੋਣ ਦੇ ਬਾਵਜੂਦ ਇਲਾਕੇ ਦੇ ਵਿਦਿਆਰਥੀਆਂ ਨੂੰ ਜਾਣਬੁੱਝ ਕੇ ਖੱਜਲਖੁਆਰ ਕੀਤਾ ਜਾ ਰਿਹਾ ਹੈ ਪ੍ਰੰਤੂ ਅਜਿਹਾ ਹੋਣ ਨਹੀ ਦਿੱਤਾ ਜਾਵੇਗਾ। ਬਾਅਦ ਦੁਪਹਿਰ ਥਾਣਾ ਮੁਖੀ ਗੁਰਵਿੰਦਰ ਸਿੰਘ ਸਰਾਂ ਵੱਲੋਂ ਵਿਦਿਆਰਥੀਆਂ ਦੀ ਪ੍ਰਿੰਸੀਪਲ ਨਾਲ ਮੀਟਿੰਗ ਕਰਵਾਉਣ ਉਪਰੰਤ ਦਾਖਿਲੇ ਦੀ ਸਹਿਮਤੀ ਮਿਲਣ ਤੇ ਵਿਦਿਆਰਥੀਆਂ ਨੇ ਵਕਤੀ ਤੌਰ ਤੇ ਧਰਨਾ ਚੁੱਕ ਲਿਆ।

Send this to a friend