April 21, 2026 11:39 pm

ਬੁਰਜ ਮਹਿਮਾ ਵਿਖੇ ਵਿਧਵਾ ਔਰਤ ਦੇ ਘਰ ਦੀ ਛੱਤ ਡਿੱਗੀ

ਦਰਜਨਾਂ ਹੋਰਨਾਂ ਲੋਕਾਂ ਦੇ ਘਰਾਂ ਨੂੰ ਵੀ ਪੁੱਜਾ ਨੁਕਸਾਨ

ਬਠਿੰਡਾ, 18 ਜੁਲਾਈ (ਸੁਖਵਿੰਦਰ ਸਰਾਂ)- ਮੂਸਲੇਧਾਰ ਮੀਂਹ ਦੇ ਇਸ ਕਹਿਰ ਤੋਂ ਕਿਸੇ ਵੀ ਵਰਗ ਦੇ ਲੋਕ ਬਚ ਨਹੀਂ ਸਕੇ ਹਨ। ਲੋਕਾਂ ਨੂੰ ਵੱਡੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।ਇਸ ਮੀਂਹ ਦੀ ਮਾਰ ਦਾ ਸੇਕ ਸਭ ਤੋਂ ਵੱਧ ਗਰੀਬ ਵਰਗ ਦੇ ਲੋਕਾਂ ਨੂੰ ਝੱਲਣਾ ਪਿਆ ਹੈ। ਘਰਾਂ ਦਾ ਨੁਕਸਾਨ ਹੋਣ ਕਰਕੇ ਗਰੀਬ ਵਰਗ ਦੇ ਲੋਕਾਂ ਨੂੰ ਜਾਨੀ ਨੁਕਸਾਨ ਦੇ ਡਰ ਕਾਰਨ ਆਪਣੇ ਘਰੋਂ ਬਾਹਰ ਨਿਕਲਣ ਲਈ ਮਜ਼ਬੂਰ ਹੋਣਾ ਪਿਆ ਹੈ। ਪਿੰਡ ਬੁਰਜ ਮਹਿਮਾ ਵਿਖੇ ਜਿੱਥੇ ਇੱਕ ਵਿਧਵਾ ਔਰਤ ਦੇ ਘਰ ਦੀ ਛੱਤ ਡਿੱਗ ਪਈ ਹੈ ਉੱਥੇ ਦਰਜ਼ਨ ਦੇ ਕਰੀਬ ਹੋਰਨਾਂ ਲੋਕਾਂ ਦੇ ਘਰਾਂ ਦਾ ਵੀ ਨੁਕਸਾਨ ਹੋਇਆ ਹੈ। ਪਿੰਡ ਦੇ ਸਮਾਜਸੇਵੀ ਨੌਜਵਾਨ ਸ਼ਕਤੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ, ਚੇਅਰਮੈਨ ਗੈਵੀ ਮਾਨ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਠਾਣਾ ਸਿੰਘ ਨੇ ਦੱਸਿਆ ਕਿ ਪਿੰਡ ਦੀ ਇੱਕ ਵਿਧਵਾ ਔਰਤ ਸਰਬਜੀਤ ਕੌਰ ਪਤਨੀ ਸਵ: ਗੁਰਮੇਲ ਸਿੰਘ ਦੇ ਘਰ ਦੀ ਛੱਤ ਡਿੱਗ ਪਈ ਹੈ ਉੱਥੇ ਬੇਅੰਤ ਸਿੰਘ, ਭੋਲਾ ਸਿੰਘ, ਜਗਮੋਹਨ ਸਿੰਘ, ਗੁਰਪਾਲ ਸਿੰਘ, ਦਰਬਾਰ ਸਿੰਘ, ਸੁਖਦੇਵ ਸਿੰਘ, ਬਾਦਲ ਸਿੰਘ, ਜਸਵਿੰਦਰ ਸਿੰਘ, ਮਿੰਟੂ ਸਿੰਘ, ਜੱਗਾ ਸਿੰਘ, ਰਾਜਵੀਰ ਸਿੰਘ, ਬਲਵਿੰਦਰ ਸਿੰਘ, ਮੇਜਰ ਸਿੰਘ ਅਤੇ ਨਿਰਮਲ ਸਿੰਘ ਵਗੈਰਾ ਦੇ ਘਰ ਵੀ ਮੀਂਹ ਕਾਰਨ ਕਾਫੀ ਨੁਕਸਾਨੇ ਗਏ ਹਨ ਅਤੇ ਇੰਨ੍ਹਾਂ ਦੇ ਘਰਾਂ ਦੇ ਆਸੇ-ਪਾਸੇ ਅਜੇ ਵੀ ਕਈ ਫੁੱਟ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਹੋਰ ਨੁਕਸਾਨ ਹੋਣ ਦਾ ਖਦਸ਼ਾ ਹੈ। ਪਿੰਡ ਵਾਸੀਆਂ ਨੇ ਮੀਂਹ ਕਾਰਨ ਲੋਕਾਂ ਦੇ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ।

Send this to a friend