ਪੰਜਾਬੀ ਦਾ ਸਰਵੋਤਮ ਬਹੁਪੱਖੀ ਸਾਹਿਤਕਾਰ ਗੁਰਬਖਸ਼ ਸਿੰਘ ਪ੍ਰੀਤਲੜੀ

ਪੰਜਾਬੀ ਵਾਰਤਕ ਦੀ ਸ਼ੈਲੀ ਵਿਚ ਨਵੀਂ ਰੂਹ ਭਰਨ ਵਾਲਾ ਸਾਹਿਤਕਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਸੀ, ਜਿਸਦੀ ਵਾਰਤਕ ਵੀ ਕਾਵਿਮਈ ਹੁੰਦੀ ਸੀ। ਉਹ ਭਾਵੇਂ ਕਹਾਣੀ, ਕਵਿਤਾ ਜਾਂ ਨਾਵਲ ਲਿਖ ਰਿਹਾ ਹੁੰਦਾ, ਉਸਦੀ ਵਾਰਤਕ ਦੀ ਰਵਾਨਗੀ ਦਰਿਆ ਦੇ ਵਹਿਣ ਦੀ ਤਰ੍ਹਾਂ ਹੁੰਦੀ ਸੀ। ਉਸਦੀ ਵਾਰਤਕ ਦੀ ਲਗਾਤਾਰਤਾ ਕਮਾਲ ਦੀ ਹੁੰਦੀ ਸੀ। ਰੌਚਿਕਤਾ ਇਤਨੀ ਹੁੰਦੀ ਹੈ ਕਿ ਪਾਠਕ ਅੱਧ ਵਿਚਕਾਰ ਛੱਡ ਨਹੀਂ ਸਕਦਾ ਸੀ। ਹੈਰਾਨੀ ਇਸ ਗੱਲ ਦੀ ਕਿ ਹੈ ਕਿ ਉਹ ਸਿਵਲ ਇੰਜਨੀਅਰ ਹੋਣ ਦੇ ਨਾਤੇ ਜਿਸਦੀ ਪੜ੍ਹਾਈ ਅੰਗਰੇਜ਼ੀ ਮਾਧਿਅਮ ਵਿਚ ਸੀ, ਫਿਰ ਵੀ ਪੰਜਾਬੀ ਦੀ ਮੁਹਾਰਤ ਨੇ ਪਾਠਕਾਂ ਦੇ ਦਿਲਾਂ ਨੂੰ ਟੁੰਬ ਲਿਆ ਸੀ। ਜਿਤਨੀ ਦੇਰ ਗੁਰਬਖਖ਼ ਸਿੰਘ ਜਿਉਂਦੇ ਰਹੇ, ਪਾਠਕ ਉਸਦੀ ਹਰ ਅਗਲੀ ਰਚਨਾ ਦੀ ਉਡੀਕ ਕਰਦੇ ਰਹਿੰਦੇ ਸਨ। ਉਸਦੇ ਪ੍ਰੀਤਲੜੀ ਰਸਾਲੇ ਨੇ ਪਾਠਕ ਤਾਂ ਪੈਦਾ ਹੀ ਕੀਤੇ ਪ੍ਰੰਤੂ ਬਹੁਤ ਸਾਰੇ ਨਵੇਂ ਪੁੰਗਰਦੇ ਲੇਖਕਾਂ ਨੂੰ ਵੀ ਉਤਸ਼ਾਹਤ ਕੀਤਾ। ਉਸਦੀ ਸਾਹਿਤਕ ਦੇਣ ਨੂੰ ਮੁੱਖ ਰੱਖਦਿਆਂ ਗੁਰਬਖਖ਼ ਸਿੰਘ ਨੂੰ ਇਕ ਦਾਰਸ਼ਨਿਕ, ਬੁੱਧੀਜੀਵੀ, ਸਾਹਿਤਕਾਰ, ਆਧੁਨਿਕਤਾ ਦਾ ਪੁਜਾਰੀ ,ਚਿੰਤਕ, ਆਦਰਸ਼ਵਾਦੀ ਅਤੇ ਉਪਦੇਸ਼ਕ ਦੇ ਵਿਸੇਸ਼ਣਾ ਨਾਲ ਯਾਦ ਕੀਤਾ ਜਾਂਦਾ ਹੈ। ਉਸਨੇ ਸਾਹਿਤ ਦੇ ਹਰ ਰੂਪ ਤੇ ਹੱਥ ਅਜਮਾਏ ਹੀ ਨਹੀਂ ਸਗੋਂ ਲੋਕਾਂ ਤੋਂ ਵਾਹ ਵਾਹ ਖੱਟੀ। ਉਹ ਕਹਾਣੀਕਾਰ, ਨਾਟਕਕਾਰ, ਨਾਵਲਿਸਟ, ਅਨੁਵਾਦਕ, ਪੱਤਰਕਾਰ ਅਤੇ ਆਤਮ ਕਥਾ ਦਾ ਲੇਖਕ ਸੀ। ਅਸਲ ਵਿਚ ਉਸਨੂੰ ਸ਼ਬਦਾਂ ਦਾ ਜਾਦੂਗਰ ਵੀ ਕਿਹਾ ਜਾ ਸਕਦਾ ਸੀ। ਜਦੋਂ ਉਹ ਲਿਖਣ ਬੈਠਦਾ ਸੀ ਤਾਂ ਸ਼ਬਦ ਉਸਦੇ ਆਲੇ ਦੁਆਲੇ ਮੰਡਰਾਉਣ ਲੱਗ ਜਾਂਦੇ ਸਨ। ਉਨ੍ਹਾਂ ਦਿਨਾਂ ਵਿਚ ਲੋਕ ਵਹਿਮਾ ਭਰਮਾ ਵਿਚ ਗ੍ਰਸੇ ਹੋਏ ਸਨ ਪ੍ਰੰਤੂ ਗੁਰਬਖ਼ਸ਼ ਸਿੰਘ ਦੀਆਂ ਰਚਨਾਵਾਂ ਨੇ ਵਹਿਮਾ ਭਰਮਾ ਦੇ ਵਿਰੁਧ ਲਹਿਰ ਖੜ੍ਹੀ ਕਰ ਦਿੱਤੀ ਸੀ। ਉਸਨੂੰ ਮਨੁਖਤਾਵਾਦੀ ਵੀ ਕਿਹਾ ਜਾ ਸਕਦਾ ਹੈ। ਸਾਹਿਤ ਨੂੰ ਉਸਦੀ ਦੇਣ ਇਕ ਸੰਸਥਾ ਨਾਲੋਂ ਵੀ ਜ਼ਿਆਦਾ ਹੈ। ਇਤਨੇ ਰੁਝੇਵਿਆਂ ਦੇ ਬਾਵਜੂਦ ਉਹ ਪਾਠਕਾਂ ਨਾਲ ਜੁੜਿਆ ਹੋਇਆ ਸੀ। ਉਹ ਪਾਠਕ ਦੇ ਹਰ ਖਤ ਦਾ ਜਵਾਬ ਦਿੰਦਾ ਸੀ। ਉਸ ਉਪਰ ਇਹ ਇਲਜ਼ਾਮ ਵੀ ਲਗਾਇਆ ਜਾਂਦਾ ਹੈ ਕਿ ਉਹ ਸੁਪਨਿਆਂ ਦਾ ਸੰਸਾਰ ਸਿਰਜਦਾ ਰਹਿੰਦਾ ਸੀ, ਜਿਸ ਕਰਕੇ ਉਸਦੇ ਪਾਤਰ ਹਵਾ ਵਿਚ ਲਟਕਦੇ ਰਹਿੰਦੇ ਸਨ। ਆਪਣੇ ਪਾਤਰਾਂ ਨੂੰ ਕਠਪੁਤਲੀਆਂ ਦੀ ਤਰ੍ਹਾਂ ਨਚਾਉਂਦਾ ਰਹਿੰਦਾ ਸੀ। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ 1895 ਵਿਚ ਹੋਇਆ । ਆਪਨੇ ਆਪਣੀ ਮੁੱਢਲੀ ਵਿਦਿਆ ਅੰਮ੍ਰਿਤਸਰ ਤੋਂ ਹੀ ਪ੍ਰਾਪਤ ਕੀਤੀ। ਆਪ ਨੇ ਇੰਜਨੀਅਰਿੰਗ ਦੀ ਡਿਗਰੀ ਥਾਮਸਨ ਇੰਜਨੀਅਰਿੰਗ ਕਾਲਜ ਰੁੜਕੀ ਤੋਂ ਪ੍ਰਾਪਤ ਕੀਤੀ, ਜਿਸ ਨੂੰ ਅੱਜ ਕਲ੍ਹ ਆਈ.ਆਈ.ਟੀ.ਰੁੜਕੀ ਕਿਹਾ ਜਾਂਦਾ ਹੈ। ਪੋਸਟ ਗ੍ਰੈਜੂਏਸ਼ਨ ਲਈ ਆਪ ਅਮਰੀਕਾ ਚਲੇ ਗਏ। ਉਥੇ ਆਪ ਨੇ ਸਿਵਿਲ ਇੰਜਿੰਨੀਅਰਿੰਗ ਵਿਚ ਮਿਸੀਗਨ ਯੂਨੀਵਰਸਿਟੀ ਐਨ.ਆਰਬਰ ਤੋਂ ਡਿਗਰੀ ਪ੍ਰਾਪਤ ਕੀਤੀ। ਅਮਰੀਕਾ ਦੀ ਜ਼ਿੰਦਗੀ ਨੇ ਆਪ ਦੇ ਜੀਵਨ ਤੇ ਗਹਿਰਾ ਪ੍ਰਭਾਵ ਪਾਇਆ, ਜਿਸਦੇ ਸਿੱਟੇ ਵਜੋਂ ਉਨ੍ਹਾਂ ਆਪਣੀਆਂ ਲਿਖਤਾਂ ਦਾ ਆਧਾਰ ਉਥੋਂ ਦਾ ਜੀਵਨ ਬਣਾਇਆ। ਅਸਲ ਵਿਚ ਉਸਨੂੰ ਆਦਰਸ਼ਵਾਦੀ ਲੇਖਕ ਬਣਾਉਣ ਵਿਚ ਅਮਰੀਕਾ ਦੀ ਰਹਿਣੀ ਬਹਿਣੀ ਅਤੇ ਵਰਤਾਰਾ ਹੀ ਸੀ। 1924 ਵਿਚ ਉਹ ਆਪਣੀ ਪੜ੍ਹਾਈ ਖ਼ਤਮ ਕਰਕੇ ਅਮਰੀਕਾ ਤੋਂ ਵਾਪਸ ਭਾਰਤ ਪਰਤ ਆਇਆ। ਆਮ ਤੌਰ ਤੇ ਜਿਹੜੇ ਵੀ ਵਿਦਿਆਰਥੀ ਅਮਰੀਕਾ ਪੜ੍ਹਨ ਜਾਂਦੇ ਸਨ, ਅੱਜ ਕਲ੍ਹ ਦੀ ਤਰ੍ਹਾਂ ਵਾਪਸ ਨਹੀਂ ਆਉਂਦੇ ਸਨ, ਸਗੋਂ ਉਥੇ ਹੀ ਵਸ ਜਾਂਦੇ ਸਨ। ਆਪਨੇ ਆਪਣੀ ਪਹਿਲੀ ਕਹਾਣੀ 1913 ਵਿਚ 18 ਸਾਲ ਦੀ ਉਮਰ ਵਿਚ ਪ੍ਰਤਿਮਾ ਲਿਖੀ। ਇਹ ਵੀ ਹੈਰਾਨੀ ਦੀ ਗੱਲ ਹੈ ਇੱਕ ਇੰਜਿਨੀਅਰ ਨੇ ਪੰਜਾਬੀ ਵਿਚ ਲਿਖਣਾ ਸ਼ੁਰੂ ਕੀਤਾ। ਇਸ ਕਹਾਣੀ ਦੀ ਪ੍ਰਸੰਸਾ ਆਪਨੂੰ ਸਰਬਪੰਖੀ ਸਾਹਿਤਕਾਰ ਬਣਾਉਣ ਵਿਚ ਸਹਾਈ ਹੋਈ। ਆਪ ਨੂੰ ਮਾਡਰਨ ਪੰਜਾਬੀ ਵਾਰਤਕ ਦਾ ਜਨਮ ਦਾਤਾ ਕਿਹਾ ਜਾਂਦਾ ਹੈ। ਆਪ ਨੇ ਪੰਜਾਬੀ ਵਿਚ ਲਗਪਗ 65 ਪੁਸਤਕਾਂ ਨਾਵਲ, ਨਾਟਕ ਤੇ ਕਹਾਣੀਆਂ ਦੀਆਂ ਲਿਖਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ। ਆਪ ਨੇ ਪੰਜਾਬੀ ਸਾਹਿਤ ਨੂੰ ਨਵੀਂ ਸ਼ੈਲੀ ਦਿੱਤੀ। ਇਸ ਤੋਂ ਇਲਾਵਾ ਆਪ ਦੀ ਸਭ ਤੋਂ ਵੱਡੀ ਪੰਜਾਬੀ ਦੇ ਸਾਹਿਤਕਾਰਾਂ ਲਈ ਦੇਣ ਅੰਮ੍ਰਿਤਸਰ ਅਤੇ ਲਾਹੌਰ ਦੇ ਦਰਮਿਆਨ ਪ੍ਰੀਤ ਨਗਰ ਦੀ ਸਥਾਪਨਾ ਕਰਨਾ ਹੈ, ਜਿਸ ਵਿਚ ਭੀਸ਼ਮ ਸਾਹਨੀ, ਬਲਰਾਜ ਸਾਹਨੀ, ਨਾਨਕ ਸਿੰਘ, ਦੀਵਾਨ ਸਿੰਘ, ਸੋਭਾ ਸਿੰਘ ਸਮੇਤ ਮੰਨੇ ਪ੍ਰਮੰਨੇ ਸਾਹਿਤਕਾਰ ਅਤੇ ਕਲਾਕਾਰ ਜਾ ਕੇ ਰਹਿਣ ਲਗ ਪਏ। ਇਕ ਸਮੇਂ ਪ੍ਰੀਤ ਨਗਰ ਲਿਖਾਰੀਆਂ ਦਾ ਮੱਕਾ ਕਿਹਾ ਜਾਂਦਾ ਸੀ। ਪ੍ਰੀਤ ਨਗਰ ਵਿਚ ਸਕੂਲ, ਖੇਡ ਮੈਦਾਨ, ਪਾਰਕ, ਸਾਂਝੀ ਰਸੋਈ ਤੋਂ ਇਲਾਵਾ ਨਾਟਕ ਖੇਡਣ ਲਈ ਥੇਟਰ ਬਣਾਇਆ ਹੋਇਆ ਸੀ। ਪ੍ਰੀਤ ਨਗਰ ਇਕ ਕਿਸਮ ਨਾਲ ਸਭਿਆਚਾਰਕ ਸਰਗਰਮੀਆਂ ਦਾ ਕੇਂਦਰ ਬਣਿਆਂ ਹੋਇਆ ਸੀ। ਗੁਰਬਖ਼ਸ਼ ਸਿੰਘ ਦੀ ਦੋਸਤੀ ਦਾ ਦਾਇਰਾ ਕਾਫੀ ਵੱਡਾ ਸੀ। ਉਨ੍ਹਾਂ ਕੋਲ ਦੀਵਾਨ ਸਿੰਘ ਕਾਲੇਪਾਣੀ, ਪ੍ਰਿੰਸੀਪਲ ਜੋਧ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਕਰਤਾਰ ਸਿੰਘ ਦੁੱਗਲ, ਬਲਵੰਤ ਗਾਰਗੀ, ਫ਼ੈਜ਼ ਅਹਿਮਦ ਫ਼ੈਜ਼, ਓਪੇਂਦਰ ਨਾਥ ਅਸ਼ਕ, ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਆਉਂਦੇ ਰਹਿੰਦੇ ਸਨ। ਦੇਸ਼ ਦੀ ਵੰਡ ਤੋਂ ਬਾਅਦ ਪ੍ਰੀਤ ਨਗਰ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਹੋਣ ਕਰਕੇ ਬਹੁਤੀ ਦੇਰ ਚਲ ਨਹੀਂ ਸਕਿਆ। ਉਥੋਂ ਬਹੁਤੇ ਪਰਿਵਾਰ ਦਿੱਲੀ ਜਾ ਕੇ ਵਸ ਗਏ। ਉਥੇ ਥੋੜ੍ਹੇ ਪਰਿਵਾਰ ਹੀ ਰਹਿ ਗਏ। 1990 ਵਿਚ ਗੁਰਬਖ਼ਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਬਣਾਈ ਗਈ ਜਿਹੜੀ ਸਭਿਆਚਾਰਕ ਸਰਗਰਮੀਆਂ ਕਰਦੀ ਰਹਿੰਦੀ ਸੀ। ਗੁਰਬਖ਼ਸ਼ ਸਿੰਘ ਦੀ ਲੜਕੀ ਉਮਾ ਗੁਰਬਖ਼ਸ਼ ਸਿੰਘ ਉਥੇ ਲਗਪਗ 10 ਸਾਲ ਥੇਟਰ ਕਰਦੀ ਰਹੀ। ਗੁਰਬਖ਼ਸ਼ ਸਿੰਘ ਨੇ ਪ੍ਰੀਤ ਦੇ ਸੰਕਲਪ ਨੂੰ ਉਜਾਗਰ ਕੀਤਾ। ਪ੍ਰੀਤ ਜਿਸਨੂੰ ਪਿਆਰ ਵੀ ਕਿਹਾ ਜਾਂਦਾ ਹੈ, ਉਸਦਾ ਸੰਕਲਪ ਹੀ ਬਦਲਣ ਦੀ ਕੋਸਿਸ਼ ਕੀਤੀ। ਆਪਦੀ ਥਿਓਰੀ ਅਨੁਸਾਰ ਪਿਆਰ ਕਬਜ਼ਾ ਨਹੀਂ ਪਛਾਣ ਹੁੰਦਾ ਹੈ। ਪੰਜਾਬੀ ਸਭਿਆਚਾਰ ਵਿਚ ਪਿਆਰ ਨੂੰ ਕਬਜ਼ਾ ਹੀ ਮੰਨਿਆਂ ਜਾਂਦਾ ਹੈ। ਸੱਸੀ-ਪੁਨੂੰ, ਹੀਰ-ਰਾਂਝਾ, ਮਿਰਜਾ-ਸਾਹਿਬਾਂ, ਲੈਲਾ-ਮਜਨੂੰ ਆਦਿ ਦੇ ਪਿਆਰ ਦੀਆਂ ਕਹਾਣੀਆਂ, ਜਿਹੜੀਆਂ ਸਾਡੇ ਕਿਸਾ ਸਾਹਿਤ ਦਾ ਅਟੁੱਟ ਅੰਗ ਹਨ, ਉਨ੍ਹਾਂ ਵਿਚ ਕਬਜ਼ੇ ਲਈ ਸਾਰੀ ਜ਼ਿੰਦਗੀ ਜਦੋਜਹਿਦ ਹੀ ਹੁੰਦੀ ਰਹੀ ਹੈ। ਇਥੋਂ ਤੱਕ ਕਿ ਕੁਝ ਆਸ਼ਕਾਂ ਨੂੰ ਆਪਣੀ ਜਾਨ ਦੀ ਅਹੂਤੀ ਦੇਣੀ ਪਈ। ਅੱਜ ਦਾ ਪਿਆਰ ਵੀ ਕਬਜ਼ੇ ਤੱਕ ਹੀ ਸੀਮਤ ਹੈ। ਉਸ ਸਮੇਂ ਉਨ੍ਹਾਂ ਦੀ ਇਹ ਥਿਓਰੀ ਕਾਫੀ ਹਰਮਨ ਪਿਆਰੀ ਰਹੀ ਪ੍ਰੰਤੂ ਅਮਲੀ ਰੂਪ ਵਿਚ ਇਹ ਸਫਲ ਨਹੀਂ ਹੋਈ। ਅਸਲ ਵਿਚ ਉਨ੍ਹਾ ਅਮਰੀਕਾ ਵਿਚ ਲਿਵ ਇਨ ਰੀਲੇਸ਼ਨ ਪਰੰਪਰਾ ਤੋਂ ਹੀ ਪਿਆਰ ਕਬਜ਼ਾ ਹੈ, ਪਛਾਣ ਨਹੀਂ ਲਈ ਸੀ।
ਇਸੇ ਕਰਕੇ ਉਨ੍ਹਾਂ ਨੂੰ ਆਦਰਸ਼ਵਾਦੀ ਲੇਖਕ ਕਿਹਾ ਜਾਂਦਾ ਹੈ। ਇਸੇ ਨਾਂ ਤੇ ਆਪ ਨੇ ਮਾਸਕ ਪੇਪਰ ਪ੍ਰੀਤਲੜੀ 1933 ਵਿਚ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ, ਜਿਸਦੇ ਆਪ ਕਾਫੀ ਲੰਮਾ ਸਮਾਂ ਸੰਪਾਦਕ ਰਹੇ ਤੇ ਨਵੇਂ ਉਭਰਦੇ ਤੇ ਪੁੰਗਰਦੇ ਸਾਹਿਤਕਾਰਾਂ ਨੂੰ ਉਤਸ਼ਾਹਤ ਕੀਤਾ। 1950 ਤੋਂ ਬਾਅਦ ਇਸ ਰਸਾਲੇ ਨੂੰ ਆਪਣੇ ਸਪੁਤਰ ਨਵਤੇਜ ਸਿੰਘ ਦੇ ਹਵਾਲੇ ਕਰ ਦਿੱਤਾ ਜਿਹੜਾ 1981 ਤੱਕ ਇਸਦਾ ਸੰਪਾਦਕ ਰਿਹਾ। ਆਪ ਦੀ ਪੰਜਾਬੀ ਸਾਹਿਤ ਨੂੰ ਦੇਣ ਲਈ 1971 ਵਿਚ ਸਾਹਿਤ ਅਕਾਡਮੀ ਦਿੱਲੀ ਨੇ ਲਾਈਫ ਟਾਈਮ ਫੈਲੋਸ਼ਿਪ ਦਿੱਤੀ। ਆਪਨੇ ਚੀਨ, ਜਾਪਾਨ, ਰੂਸ ਅਤੇ ਸੰਸਾਰ ਦੇ ਹੋਰ ਬਹੁਤ ਸਾਰੇ ਦੇਸ਼ਾਂ ਦੀ ਯਾਤਰਾ ਕੀਤੀ। ਆਪਦਾ ਪਰਿਵਾਰ ਵਿਚੋਂ ਪਹਿਲਾਂ ਸੁਮੀਤ ਸਿੰਘ ਪ੍ਰੀਤਲੜੀ ਪ੍ਰਕਾਸ਼ਤ ਕਰਦਾ ਰਿਹਾ ਬਾਅਦ ਵਿਚ ਪੂਨਮ ਸਿੰਘ ਪ੍ਰੀਤਲੜੀ ਪ੍ਰਕਾਸ਼ਤ ਕਰਦੀ ਰਹੀ। ਆਪ ਦੀ 1977 ਵਿਚ ਮੌਤ ਹੋ ਗਈ।

Send this to a friend