ਨਾਭਾ 15 ਜੁਲਾਈ (ਸਿਕੰਦਰ ਸਿੰਘ) ਇੱਕ ਪਾਸੇ ਪੰਜਾਬ ਸਰਕਾਰ ਸੂਬੇ ‘ਚੋਂ ਨਸ਼ੇ ਦੇ ਖਾਤਮੇ ਦੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਸੂਬੇ ‘ਚ ਨਸ਼ੇ ਦਾ ਦਰਿਆ ਅੱਜ ਵੀ ਬਾਦਸਤੂਰ ਵੱਗ ਰਿਹਾ ਹੈ। ਮੌਜੂਦਾ ਸਮੇਂ ਨਾਭਾ ਰੋਹਟੀ ਪੁੱਲ ਇਲਾਕਾ ਅਤੇ ਸੰਗਰੂਰ ਦਾ ਬਾਗੜੀਆਂ ਪਿੰਡ ਨਸ਼ੇ ਦੇ ਹੱਬ ਬਣ ਗਏ ਹਨ, ਜਿੱਥੇ ‘ਚਿੱਟੇ’ ਦਾ ਨਸ਼ਾ ਖੁੱਲੇਆਮ ਵਿੱਕ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਪੁਲਸ ਨੂੰ ਇਨ੍ਹਾਂ ਠਿਕਾਣਿਆਂ ਦਾ ਪਤਾ ਹੋਣ ਬਾਵਜੂਦ ਇਹ ਠਿਕਾਣੇ ਨਾ ਸਿਰਫ ਬਾਦਸਤੂਰ ਆਪਣਾ ਕੰਮ ਕਰ ਰਹੇ ਹਨ, ਬਲਕਿ ਨਸ਼ੇ ਦੇ ਵਪਾਰ ‘ਚ ਔਰਤਾਂ ਵੀ ਸ਼ਾਮਲ ਹੋ ਕੇ ਵਹਿੰਦੀ ਗੰਗਾ ‘ਚ ਹੱਥ ਧੋ ਰਹੀਆਂ ਹਨ। ਪਿਛਲੇ ਕੁੱਝ ਦਿਨਾਂ ਤੋਂ ਪੁਲਸ ਦੀ ਸਖਤੀ ਕਾਰਨ ਨਸ਼ੇ ਦੇ ਇਸ ਵਪਾਰ ਨੂੰ ਠੱਲ੍ਹ ਪਈ ਸੀ। ਵਰਤਮਾਨ ਸਮੇਂ ਚਿੱਟੇ ਦਾ ਇਹ ਨਸ਼ਾ ਮੁੜ ਵਿਕਣਾ ਚਾਲੂ ਹੋ ਗਿਆ ਹੈ। ‘ਚਿੱਟੇ’ ਦੇ ਇਸ ਮੱਕੜਜਾਲ ‘ਚ ਨੌਜਵਾਨ ਪੀੜੀ ਲਗਾਤਾਰ ਫੱਸਦੀ ਜਾ ਰਹੀ ਹੈ।ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਦੇ ਪਿੰਡ ਅਲੋਹਰਾਂ ਦਾ। ਇੱਥੋਂ ਦੇ ਇਕ ਗਰੀਬ ਪਰਿਵਾਰ ਦਾ ਲਾਡਲਾ ਪੁੱਤਰ ‘ਚਿੱਟੇ’ ਦੀ ਜਕੜਨ ‘ਚ ਅਜਿਹਾ ਆਇਆ ਕਿ ਮਾਪਿਆਂ ਨੂੰ ਉਸ ਨੂੰ ਲੋਹੇ ਦੇ ਸੰਗਲਾਂ ਨਾਲ ਬੰਨਣਾ ਪੈ ਗਿਆ ਹੈ।ਸੰਦੀਪ ਨਾਮੀ ਇਸ ਨੌਜਵਾਨ ਨੇ ਮੰਨਿਆ ਕਿ ਉਹ ‘ਚਿੱਟੇ’ ਦੇ ਇਸ ਨਾਮੁਰਾਦ ਨਸ਼ੇ ਦਾ ਸ਼ਿਕਾਰ ਹੋ ਗਿਆ ਹੈ। ਇਹ ਨਸ਼ਾ ਨਾਭਾ ਦੇ ਰੋਹਟੀ ਪੁੱਲ ਅਤੇ ਸੰਗਰੂਰ ਦੇ ਬਾਗੜੀਆਂ ਪਿੰਡ ਤੋਂ ਖੁੱਲੇਆਮ ਬਿਨਾਂ ਕਿਸੇ ਡਰ ਅਤੇ ਰੋਕਥਾਮ ਦੇ ਆਸਾਨੀ ਨਾਲ ਮਿਲ ਜਾਂਦਾ ਹੈ। ਉਸ ਨੇ ਕਿਹਾ ਕਿ ਉਹ ਨਸ਼ਾ ਛੱਡਣਾ ਚਾਹੁੰਦਾ ਹੈ, ਜਿਸ ਕਾਰਨ ਉਸ ਦੇ ਪਰਿਵਾਰ ਨੇ ਲੋਹੇ ਦੇ ਸੰਗਲਾਂ ਨਾਲ ਉਸ ਨੂੰ ਕੈਦ ਕੀਤਾ ਹੈ।ਪੀੜਤ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਆਪਣੇ ਪੁੱਤਰ ਨੂੰ ਨਸ਼ੇ ਦੀ ਇਸ ਮਾੜੀ ਦੁਨੀਆਂ ਤੋਂ ਆਜ਼ਾਦ ਕਰਾਉਣ ਲਈ ਉਸ ਨੂੰ ਹਰ ਦਿਨ ਪਹਿਰਾ ਦੇਣਾ ਪੈਂਦਾ ਹੈ।ਇਸ ਕਾਰਨ ਉਸ ਦਾ ਰੁਜ਼ਗਾਰ ਵੀ ਹੱਥੋਂ ਖੁੱਸ ਗਿਆ ਹੈ।ਪੀੜਤ ਦੀ ਮਾਂ ਨੇ ਦੱਸਿਆ ਕਿ ਉਹ ਘਰਾਂ ‘ਚ ਭਾਂਡੇ ਮਾਂਜ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਆ ਰਹੀ ਹੈ।ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ‘ਚਿੱਟੇ’ ਨਾਮੀ ਇਸ ਨਸ਼ੇ ਦੀ ਜਕੜਨ ‘ਚੋਂ ਨੌਜਵਾਨ ਪੀੜੀ ਨੂੰ ਬਾਹਰ ਕੱਢਣ ਲਈ ਪੰਜਾਬ ਪੁਲਸ ਕੋਈ ਕਦਮ ਚੁੱਕਦੀ ਹੈ ਜਾਂ ਪਹਿਲਾਂ ਦੀ ਤਰ੍ਹਾਂ ਹੱਥ ‘ਤੇ ਹੱਥ ਧਰ ਕੇ ਬੈਠੀ ਰਹਿੰਦੀ ਹੈ।