ਪਾਸਪੋਰਟ ਜਮ੍ਹਾਂ ਕਰਨ ਦਾ ਹੁਕਮ
ਨਵੀਂ ਦਿੱਲੀ, 12 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਚਾਰਾ ਘੁਟਾਲਾ ਮਾਮਲੇ ‘ਚ ਜੇਲ੍ਹ ਵਿੱਚ ਬੰਦ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਮੁਖੀ ਲਾਲੂ ਪ੍ਰਸਾਦ ਨੂੰ ਦੇਵਘਰ ਖਜ਼ਾਨੇ ਤੋਂ ਪਸ਼ੂ ਚਾਰੇ ਦੇ ਨਾਂਅ ‘ਤੇ ਗੈਰ-ਕਾਨੂੰਨੀ ਢੰਗ ਨਾਲ ਨਕਦੀ ਕੱਢਣ ਦੇ ਮਾਮਲੇ ਵਿੱਚ ਝਾਰਖੰਡ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਆਰਜੇਡੀ ਸੁਪਰੀਮੋ ਨੂੰ 50-50 ਹਜ਼ਾਰ ਦੇ ਮੁਚਲਕੇ ਉੱਤੇ ਜ਼ਮਾਨਤ ਦਿੱਤੀ। ਅਦਾਲਤ ਨੇ ਉਸ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਾਉਣ ਦਾ ਵੀ ਹੁਕਮ ਦਿੱਤਾ। ਦੱਸਣਯੋਗ ਹੈ ਕਿ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਨੇ ਚਾਰਾ ਘੁਟਾਲੇ ਵਿੱਚ ਹਾਈ ਕੋਰਟ ਵਿੱਚ 13 ਜੂਨ ਨੂੰ ਜ਼ਮਾਨਤ ਦਾਇਰ ਕੀਤੀ ਸੀ। ਲਾਲੂ ਪ੍ਰਸਾਦ ਨੂੰ ਚਾਰਾ ਘੁਟਾਲੇ ਵਿੱਚ ਸੀ.ਬੀ.ਆਈ. ਨੇ ਸਾਢੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਕੇਸ ਵਿੱਚ ਉਹ ਡੇਢ ਸਾਲ ਤੋਂ ਜੇਲ੍ਹ ਵਿੱਚ ਹਨ। ਕਰੀਬ ਅੱਧੀ ਸਜ਼ਾ ਕੱਟ ਚੁੱਕੇ ਹਨ। ਲਾਲੂ ਪ੍ਰਸਾਦ ਨੇ ਇਸੇ ਆਧਾਰ ‘ਤੇ ਜ਼ਮਾਨਤ ਲੈਣ ਲਈ ਪਟੀਸ਼ਨ ਦਾਇਰ ਕੀਤੀ ਸੀ।