ਬਰੇਟਾ, 5 ਮਈ (ਨਛੱਤਰ ਸਿੰਘ ਕਾਹਨਗੜ੍ਹ)-ਬੇਮੌਸਮੀ ਬਾਰਸ਼ ਦੇ ਹੋਣ ਨਾਲ ਕਿਸਾਨਾਂ ਦੇ ਚਿਹਰੇ ਦੀ ਰੌਣਕ ਤਾਂ ਮੁਰਝਾ ਹੀ ਗਈ ਹੈ ਅਤੇ ਨਾਲ ਹੀ ਇਸ ਬਾਰਸ਼ ਦੇ ਨਾਲ ਭਾਰੀ ਝੇੜੇ ਦੇ ਆਉਣ ਨਾਲ ਆਮ ਜਨ ਜੀਵਨ ਵੀ ਭ੍ਰਵਾਵਤ ਹੋਇਆ ਹੈ।ਇਸ ਤੁਫਾਨੀ ਝੱਖੜ ਨਾਲ ਬਰੇਟਾ ਤੋਂ ਜਾਖਲ ਜਰੀਏ ਪਟਿਆਲਾ ਨੂੰ ਜੋੜਦੀ ਮੁੱਖ ਸੜਕ ਜਿਸ ਦੇ ਕੰਡੇ ਲੱਗੇ ਦਰਖਤ ਟੁੱਟ ਗਏ ਜਿਨ੍ਹਾਂ ਨੇ ਸੜਕ ਨੂੰ ਬੰਦ ਕਰ ਦਿੱਤਾ ਜਿਸ ਨਾਲ ਸੜਕ ਦੀ ਆਵਾਜਾਈ ਭਾਰੀ ਭ੍ਰਵਾਵਤ ਹੋਈ ਜਿਸ ਕਰਕੇ ਬੱਸਾਂ ਦੇ ਰੂਟਾਂ ਨੂੰ ਮੁੱਖ ਸੜਕ ਤੋਂ ਹਟਾ ਕੇ ਪਿੰਡਾਂ ਦੇ ਰਸਤਿਆਂ ਰਾਹੀਂ ਲਿਜਾ ਕੇ ਰਾਹ ਗਿਰਾਂ ਨੂੰ ਆਪਣੀ ਮੰਜ਼ਲ ਤੇ ਪੁਚਾਇਆ ਗਿਆ। ਜਦੋਂ ਇਸ ਸੜਕ ਦੇ ਉਪਰ ਡਿੱਗੇ ਦਰਖ਼ਤਾਂ ਨੂੰ ਚੁਕ ਕੇ ਸੜਕ ਨੂੰ ਖਾਲੀ ਕਰਨ ਲਈ ਜੰਗਲਾਤ ਮਹਿਕਮੇ ਦੇ ਬਿਕਰ ਸਿੰਘ ਖੁਡਾਲ ਨਾਲ ਸੰਪਰਕ ਕੀਤਾ ਤਾਂ ਉਨਾਂ ਬਾਰਸ਼ ਦੇ ਰੁਕਣ ਦੀ ਉਡੀਕ ਦੱਸਦਿਆਂ ਕਿਹਾ ਕਿ ਜਲਦ ਹੀ ਟਰੈਕਟਰ ਦੇ ਨਾਲ ਇਨਾਂ ਦਰਖਤਾਂ ਨੂੰ ਪਾਸੇ ਕਰ ਦਿੱਤਾ
ਜਾਵੇਗਾ ਤੇ ਸੜਕ ਖਾਲੀ ਕਰ ਕੇ ਆਵਾਜਾਈ ਫਿਰ ਤੋਂ ਚਾਲੂ ਕਰਵਾ ਦਿੱਤੀ ਜਾਵੇਗੀ। ਪਿੰਡ ਸ਼ੇਖੂਪੁਰ ਖੁਡਾਲ ਦੇ ਕਿਸਾਨ ਨਿਰਮਲ ਸਿੰਘ, ਕਾਹਨਗੜ੍ਹ ਦੇ ਕਿਸਾਨ ਨੰਬਰਦਾਰ ਸਤਪਾਲ ਸਿੰਘ, ਖੁਡਾਲ ਕਲਾਂ ਦੇ ਸਰਪੰਚ ਬੋਘ ਸਿੰਘ, ਦਿਆਲਪੁਰਾ ਦੇ ਕਿਸਾਨ ਨਿਰੰਜਣ ਸਿੰਘ, ਕੁਲਰੀਆਂ ਦੇ ਕਿਸਾਨ ਅਤੇ ਕਲੱਬ ਪ੍ਰਧਾਨ ਹਰਬੰਸ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਕਣਕ ਦੀ ਫਸਲ ਕੱਟ ਕੇ ਜਲਦੀ ਨਾਲ ਨਰਮੇ ਦੀ ਬਿਜਾਈ ਕੀਤੀ ਸੀ ਜਿਸ ਵਿੱਚ ਮਹਿੰਗੇ ਭਾਅ ਦਾ ਬੀਜ ਬੀਜਿਆ ਸੀ ਪਰ ਇਸ ਬੇਮੌਸਮੀ ਬਾਰਸ਼ ਨੇ ਕਿਸਾਨਾਂ ਨੂੰ ਭਾਰੀ ਨੁਕਸਾਨ ਪੁਚਾਇਆ ਹੈ ਜਿਸ ਨਾਲ ਕਿਸਾਨਾਂ ਦੇ ਚਿਹਰੇ ਦੀ ਰੌਣਕ ਫਿਕੀ ਪੈ ਗਈ ਹੈ ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨਾਲ ਹਮਦਰਦੀ ਜਿਤਾਉਂਦਿਆਂ ਮਾਰ ਹੇਠ ਆਏ ਕਿਸਾਨਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ।