ਚੰਡੀਗੜ੍ਹ, 5 ਮਈ (ਪੀ.ਟੀ.)-ਸੂਬੇ ਵਿੱਚ ਖੇਤੀ ਵਿਭਿੰਨਤਾ ਨੂੰ ਬੜ੍ਹਾਵਾ ਦੇਣ ਅਤੇ ਨਰਮੇ ਦੀ ਖੇਤੀ ਵਿਚੋਂ ਵੱਧ ਤੋਂ ਵੱਧ ਫਾਇਦਾ ਯਕੀਨੀ ਬਣਾਉਣ ਦੀ ਕੋਸ਼ਿਸ਼ ਵਜੋਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਰਾਜ ਦੀ ਕਪਾਹ ਪੱਟੀ ਵਿੱਚ ‘ਕਾਟਨ ਮੈਕਾਨਾਈਜੇਸ਼ਨ ਪ੍ਰੋਗਰਾਮ’ ਸ਼ੁਰੂ ਕਰਨ ਦੀ ਸਹਿਮਤੀ ਦੇ ਦਿੱਤੀ ਹੈ। ਇਸ ਹੇਠ ਵਿਸ਼ੇਸ਼ ਕਿਸਮ ਦੇ ਪਲਾਂਟਰ, ਨਰਮਾ ਚੁਗਣ ਵਾਲੀਆਂ ਮਸ਼ੀਨਾਂ ਅਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਨਰਮੇ ਦੀ ਖੇਤੀ ਵਿੱਚ ਵਰਤੋਂ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਬਠਿੰਡਾ ਵਿੱਚ ਇੱਕ ‘ਸੈਂਟਰ ਆਫ਼ ਐਕਸੀਲੈਂਸ ਆਫ਼ ਕਾਟਨ’ ਸਥਾਪਤ ਕੀਤਾ ਜਾਵੇਗਾ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਫਾਇਲ ਨੂੰ ਮੁੱਖ ਮੰਤਰੀ ਨੇ ਅੱਜ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਪ੍ਰਾਜੈਕਟ ਦਾ ਉਦੇਸ਼ ਮੁਢਲੇ ਤੌਰ ‘ਤੇ ਕਪਾਹ ਦੀ ਖੇਤੀ ਵਿਚੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਹੈ। ਇਸ ਦੇ ਨਾਲ ਹੀ ਮਹਿੰਗੀ ਮਜ਼ਦੂਰੀ ਦੀ ਸਮੱਸਿਆ ਵਿਚੋਂ ਬਾਹਰ ਨਿਕਲਣਾ ਅਤੇ ਇਸ ਦੀਆਂ ਲਾਗਤਾਂ ਨੂੰ ਘਟਾਉਣਾ ਹੈ। ਇਸ ਦਾ ਉਦੇਸ਼ ਕਪਾਹ ਦੀ ਖੇਤੀ ਦੇ ਸਮੇਂ ਨੂੰ ਘਟਾਉਣਾ ਅਤੇ ਅੱਗੇ ਕਣਕ ਦੀ ਫ਼ਸਲ ਲਈ ਜ਼ਿਆਦਾ ਝਾੜ ਪ੍ਰਾਪਤ ਕਰਨਾ ਹੈ। ਇਸ ਸ਼ਾਨਾਮੱਤੇ ਪ੍ਰੋਗਰਾਮ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਰਾਜ ਖੇਤੀਬਾੜੀ ਵਿਭਾਗ ਨੇ ਜੌਹਨ ਡੀਅਰ, ਬੇਅਰ ਇੰਡੀਆ ਅਤੇ ਹੋਰ ਉਘੀਆਂ ਐਗਰੋ ਕੰਪਨੀਆਂ ਨਾਲ ਮਿਲ ਕੇ ਮਲੋਟ ਦੇ ਪਿੰਡਾਂ ਵਿੱਚ 1500 ਏਕੜ ਰਕਬੇ ਉਤੇ ਤਜਰਬਾ ਕੀਤਾ ਹੈ ਜਿਸ ਉਪਰ ਕਪਾਹ ਦੀ ਸੰਘਣੀ ਖੇਤੀ ਕੀਤੀ ਹੈ। ਇਸ ਵਿੱਚ ਇੱਕ ਏਕੜ ਰਕਬੇ ਵਿੱਚ ਕਪਾਹ ਦੇ ਬੀਜਾਂ ਦੇ 7 ਪੈਕਟ ਬੀਜੇ ਗਏ ਹਨ ਜਦ ਕਿ ਇਸ ਵੇਲੇ ਏਨੇ ਰਕਬੇ ਵਿੱਚ ਦੋ ਪੈਕਟ ਬੀਜੇ ਜਾਂਦੇ ਹਨ। ਮੈਸਰਜ਼ ਜੌਹਨ ਡੀਅਰ ਵਲੋਂ ਇੱਕ ਵਿਸ਼ੇਸ਼ ਪਲਾਂਟਰ ਦੇ ਨਾਲ ਕਪਾਹ ਬੀਜੀ ਜਾਵੇਗੀ ਜਦ ਕਿ ਬੇਅਰ ਇੰਡੀਆ ਗਰੋਥ ਰੈਗੂਲੇਟਰ ਅਤੇ ਡੈਫੋਲੀਐਂਟ ਰਸਾਇਣਾਂ ਨੂੰ ਦਰਾਮਦ ਕਰੇਗਾ ਅਤੇ ਇਹ ਕਿਸਾਨਾਂ ਨੂੰ ਮੁਫ਼ਤ ਸਪਲਾਈ ਕੀਤੇ ਜਾਣਗੇ। ਇਸ ਦੇ ਨਾਲ ਹੀ ਕਪਾਹ ਦੀ ਇੱਕੋ ਵਾਰ ਹੀ ਚੁਗਾਈ ਨੂੰ ਯਕੀਨੀ ਬਣਾਇਆ ਜਾਵੇਗਾ। ਕਿਸਾਨਾਂ ਨੂੰ ਸੰਘਣੀ ਕਪਾਹ ਦੀ ਖੇਤੀ ਵਾਸਤੇ ਉਤਸ਼ਾਹਤ ਕਰਨ ਲਈ ਰਾਜ ਸਰਕਾਰ ਇਸ ਪ੍ਰੋਗਰਾਮ ਹੇਠ ਕਿਸਾਨਾਂ ਨੂੰ ਪ੍ਰਤੀ ਏਕੜ 4000 ਰੁਪਏ ਪ੍ਰਤੀ ਏਕੜ ਸਬਸਿਡੀ ਮੁਹੱਈਆ ਕਰਵਾਏਗੀ।
ਇਸ ਤੋਂ ਇਲਾਵਾ ਮੈਸਰਜ਼ ਜੌਹਨ ਡੀਅਰ ਕਪਾਹ ਦੀ ਚੁਗਾਈ ਲਈ ਛੇ ਮਸ਼ੀਨਾਂ ਮੁਹੱਈਆ ਕਰਵਾਏਗੀ ਤਾਂ ਜੋ ਖੇਤਾਂ ਵਿਚੋਂ ਕਪਾਹ ਦੀ ਬਿਨਾ ਕਿਸੇ ਅੜਚਣ ਤੋਂ ਚੁਗਾਈ ਹੋ ਸਕੇ। ਇਸੇ ਤਰ੍ਹਾਂ ਹੀ ਰਾਜ ਸਰਕਾਰ ਮਲੋਟ ਦੀ ਦਾਣਾ ਮੰਡੀ ਵਿਖੇ ਕਪਾਹ ਦੀ ਸਫ਼ਾਈ ਲਈ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਸਿਸਟਮ ਸਥਾਪਤ ਕਰੇਗੀ। ਮੈਸਰਜ਼ ਮੌਨਸੈਂਟੋ ਦੇ ਨਾਲ ਬਠਿੰਡਾ ਵਿਖੇ ਇੱਕ ਸੈਂਟਰ ਆਫ਼ ਐਕਸੀਲੈਂਸ ਆਫ਼ ਕਾਟਨ ਸਥਾਪਤ ਕਰਨ ਲਈ ਇੱਕ ਸਹਿਮਤੀ ਪੱਤਰ ਉਤੇ ਸਹੀ ਪਾਈ ਜਾਵੇਗੀ ਜਿਸ ਨਾਲ ਕਪਾਹ ਦੀਆਂ ਨਵੀਆਂ ਕਿਸਮਾਂ ਵਿਕਸਤ ਕਰਨ ਨੂੰ ਮਦਦ ਮਿਲੇਗੀ। ਇਸ ਦਾ ਮੁੱਖ ਉਦੇਸ਼ ਕਪਾਹ ਦੀ ਖੇਤੀ ਦੀਆਂ ਨਵੀਆਂ ਤਕਨੀਕਾਂ ਦੀ ਖੋਜ ਕਰਨ ਉਤੇ ਕੇਂਦਰਤ ਹੋਵੇਗਾ। ਇਸੇ ਤਰ੍ਹਾਂ ਹੀ ਕਿਸਾਨਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਾਉਣ ਲਈ ਮੈਸਰਜ਼ ਬੇਅਰ ਇੰਡੀਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੋਜ ਪ੍ਰਾਜੈਕਟਾਂ ਲਈ ਫੰਡ ਮੁਹੱਈਆ ਕਰਵਾਏਗਾ। 20 ਏਕੜ ਜ਼ਮੀਨ ਉਤੇ ਕੀਤੇ ਜਾ ਰਹੇ ਇਹ ਖੋਜ ਪ੍ਰਾਜੈਕਟ ਕਪਾਹ ਦੇ ਨਵੇਂ ਬੀਜਾਂ ਨੂੰ ਵਿਕਸਤ ਕਰਨ ਉਤੇ ਚੱਲ ਰਹੇ ਹਨ ਜੋ ਕਿ ਰਾਜ ਲਈ ਢੁਕਵੇਂ ਹੋਣਗੇ।
ਗੌਰਤਲਬ ਹੈ ਕਿ ਰਾਜ ਸਰਕਾਰ ਨੇ ਇਨ੍ਹਾਂ ਨਿੱਜੀ ਫਰਮਾਂ ਦੇ ਨਾਲ ਪਿਛਲੇ ਸਾਲ ਹੀ ਇਸ ਪ੍ਰੋਗਰਾਮ ਹੇਠ ਟਰਾਇਲ ਸ਼ੁਰੂ ਕੀਤਾ ਸੀ। ਇਹ ਟਰਾਇਲ ਅਬੋਹਰ ਦੇ ਨੇੜੇ 50 ਏਕੜ ਰਕਬੇ ਵਿੱਚ ਕੀਤਾ ਗਿਆ ਜਿਸ ਵਿੱਚ ਕਪਾਹ ਦੀ ਚੁਗਾਈ ਅਤੇ ਇਸ ਦੀ ਸਫ਼ਾਈ ਦਾ ਤਜਰਬਾ ਕੀਤਾ ਗਿਆ। ਇਨ੍ਹਾਂ ਤਜਰਬਿਆਂ ਦੌਰਾਨ ਬਹੁਤ ਵਧੀਆ ਨਤੀਜੇ ਪ੍ਰਾਪਤ ਹੋਏ ਹਨ। ਕਪਾਹ ਦਾ ਝਾੜ 30 ਤੋਂ 70 ਫ਼ੀਸਦੀ ਤੱਕ ਵਧਿਆ ਹੈ ਅਤੇ ਮਜਦੂਰਾਂ ਦੀ ਕਮੀ ਸਬੰਧੀ ਕਪਾਹ ਦੀ ਖੇਤੀ ਦੀ ਪ੍ਰਮੁੱਖ ਸਮੱਸਿਆ ਖਤਮ ਹੋਈ ਹੈ। ਇਸੇ ਤਰ੍ਹਾਂ ਹੀ ਕਪਾਹ ਦੀ ਚੁਗਾਈ ਤੋਂ ਬਾਅਦ ਕਿਸਾਨ ਨਵੰਬਰ ਦੇ ਮਹੀਨੇ ਕਣਕ ਦੀ ਬਿਜਾਈ ਕਰ ਸਕਣਗੇ ਜਿਸ ਨਾਲ ਕਣਕ ਦੇ ਝਾੜ ਵਿੱਚ ਵਾਧਾ ਹੋਵੇਗਾ। ਇਸ ਟਰਾਇਲ ਦੀ ਸਫ਼ਲਤਾ ਤੋਂ ਬਾਅਦ ਕਿਸਾਨ ਵੱਡੀ ਗਿਣਤੀ ਉਤੇ ਇਸ ਤਜਰਬੇ ਨੂੰ ਆਪਣੇ ਹਿੱਤਾਂ ਲਈ ਦੁਹਰਾਉਣ ਲਈ ਉਤਸੁਕ ਹਨ।