ਸਰੀ (ਕੈਨੇਡਾ), 5 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਭਵਨ ਸਰੀ ਕੈਨੇਡਾ ਆਪਣੀਂ ਸਥਾਪਨਾ ਦੀ ਤੀਜੀ ਵਰ੍ਹੇਗੰਢ 21/22 ਸਤੰਬਰ 2019 ਨੂੰ ਮਨਾਉਣ ਜਾ ਰਿਹਾ ਹੈ ।ਪੰਜਾਬ ਭਵਨ ਦੇ ਬਾਨੀ ਅਤੇ ਉੱਘੇ ਪੰਜਾਬੀ ਸ੍ਰੀ ਸੁੱਖੀ ਬਾਠ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਦੁਨੀਆਂ ਭਰ ਵਿੱਚੋਂ ਸਾਹਿਤਕਾਰ ਇਸ ਵਿੱਚ ਹਿੱਸਾ ਲੈਣਗੇ ਅਤੇ ਅੱਡ ਅੱਡ ਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਉੱਪਰ ਵਿਚਾਰ ਵਟਾਂਦਰਾ ਕੀਤਾ ਜਾਵੇਗਾ।ਇਹ ਸੰਮੇਲਨ ਪੂਰੀ ਤਰ੍ਹਾਂ ਸਾਹਿਤ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਸ਼ਖਸੀਅਤਾਂ ਅਤੇ ਸੰਸਥਾਵਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਪੰਜਾਬੀਆਂ ਅਤੇ ਲੇਖਕਾਂ ਨੂੰ ਇਸ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ।