June 1, 2026 5:49 am

ਆਸਾਮ ਹਿੰਸਾ ਦਾ ਮੰਤਵ ਫਿਰਕੂ ਭਾਂਬੜ ਮਚਾਉਣਾ-ਸ਼ਿੰਦੇ-ਕੇਂਦਰ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਵਚਨਬੱਧ

image ਨਵੀਂ ਦਿੱਲੀ, 4 ਮਈ (ਪੀ. ਟੀ. ਬਿਊਰੋ)-ਆਸਾਮ ’ਚ 32 ਲੋਕਾਂ ਦੇ ਮਾਰੇ ਜਾਣ ’ਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦਿਆਂ ਕੇਂਦਰ ਨੇ ਕਿਹਾ ਹੈ ਕਿ ਉਹ ਘੱਟ ਗਿਣਤੀਆਂ ’ਤੇ ਹੋ ਰਹੇ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਵਚਨਬੱਧ ਹੈ ਅਤੇ ਨਾਲ ਹੀ ਕਿਹਾ ਕਿ ਆਸਾਮ ’ਚ ਹਿੰਸਾ ਦਾ ਮੰਤਵ ਫਿਰਕੂ ਭਾਂਬੜ ਦੀ ਸ਼ੁਰੂਆਤ ਹੈ। ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਕਿ ਬੀਤੇ ਕੁਝ ਦਿਨਾਂ ਦੌਰਾਨ ਬੇਮੁਹਾਰੀ ਹੋਈ ਮਾਰ ਧਾੜ ਕਾਰਨ 32 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ ਜਿਨ੍ਹਾਂ ਵਿਚੋਂ 31 ਘੱਟ ਗਿਣਤੀ ਨਾਲ ਸੰਬੰਧਿਤ ਹਨ ਅਤੇ ਇਨ੍ਹਾਂ ’ਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ। ਇਨ੍ਹਾਂ ਬੇਕਸੂਰ ਭੋਲੇ ਭਾਲੇ ਲੋਕਾਂ ਦੀਆਂ ਕਿਸੇ ਜਥੇਬੰਦੀ ਦੇ ਕਾਰਕੁਨਾਂ ਨੇ ਜ਼ਿੰਦਗੀਆਂ ਖੋਹ ਲਈਆਂ ਗਈਆਂ ਹਨ। ਬਿਨਾਂ ਐੱਨ. ਡੀ. ਬੀ. ਐੱਫ਼. (ਐੱਸ) ਦਾ ਨਾਂਅ ਲਏ ਗ੍ਰਹਿ ਮੰਤਰੀ ਨੇ ਕਿਹਾ

ਕਿ ਇਹ ਹਿੰਸਾ ਦੀਆਂ ਕਾਰਵਾਈਆਂ ਜਥੇਬੰਦੀ ਦੇ ਕਾਰਕੁਨਾਂ ਵੱਲੋਂ ਧੜਾ ਧੜ ਕੀਤੇ ਜਾ ਰਹੇ ਆਤਮ ਸਮਰਪਣ ਜਾਂ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਮਾਰੇ ਜਾਣ ਕਾਰਨ ਬੁਖਲਾਹਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਹਿੰਸਾ ’ਤੇ ਚੁੱਪ ਨਹੀਂ ਬੈਠ ਸਕਦੀ ਅਤੇ ਬੇਕਸੂਰ ਲੋਕਾਂ ਦੀ ਸੁਰੱਖਿਆ ਅਤੇ ਬਚਾਅ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਦੇ ਹਮਲੇ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਪਹਿਲਾਂ ਹੀ ਉਥੇ 43 ਕੰਪਨੀਆਂ (4300 ਜਵਾਨ) ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਤਾਇਨਾਤ ਕੀਤੇ ਹੋਏ ਹਨ ਅਤੇ ਹੁਣ ਹੋਰ 10 ਕੰਪਨੀਆਂ ਭੇਜ ਦਿੱਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਫੌਜ ਦੇ ਵੀ 1500 ਜਵਾਨ ਉਥੇ ਤਾਇਨਾਤ ਕੀਤੇ ਜਾ ਚੁੱਕੇ ਹਨ ਅਤੇ ਜੇ ਕਰ ਲੋੜ ਪਈ ਤਾਂ ਹੋਰ ਜਵਾਨ ਵੀ ਤਾਇਨਾਤ ਕੀਤੇ ਜਾਣਗੇ।

Send this to a friend