ਪੰਜਾਬ ਦੀ ਧਰਤੀ ਨੂੰ ਗੂਰੂਆ ਪੀਰਾ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ। ਇਥੇ ਹਰੀ ਸਿੰਘ ਨਲੂਆ, ਬੰਦ ਸਿੰਘ ਬਹਾਦਰ ਵਰਗੇ ਜਰਨੈਲ ਪੈਦਾ ਹੋਏ ਹਨ ਜਿਨ੍ਹਾਂ ਦੀ ਤਾਕਤ ਦਾ ਕਿਸੇ ਸਮੇਂ ਡੰਕਾਂ ਵੱਜਦਾ ਸੀ। ਦੇਸ਼ ਦੀ ਅਜਾਦੀ ਵਿਚ ਹਿੱਸਾ ਪਾਉਣ ਵਾਲੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੇ ਊਧਮ ਸਿੰਘ ਵਰਗੇ ਵੀ ਇਸ ਪੰਜਾਬ ਦੇ ਸੂਰਬੀਰ ਯੋਧੇ ਸਨ। ਸਾਰੇ ਦੇਸ਼ ਨੂੰ ਜਿੱਤਣ ਵਾਲਾ ਸਿਕੰਦਰ ਵੀ ਪੰਜਾਬ ਤੋਂ ਖਾਲੀ ਹੱਥ ਚਲਾ ਗਿਆ ਸੀ। ਪੰਜਾਬ ਨੂੰ ਸਮੇਂ-ਸਮੇਂ ਤੇ ਮਾਰਾ ਪੈਂਦੀਆਂ ਰਹੀਆਂ ਹਨ ਬੇਸ਼ੱਕ ਉਹ ਅੱਤਵਾਦ ਦਾ ਕਾਲਾ ਦੌਰ ਹੋਵੇ ਪਰ ਫਿਰ ਵੀ ਪੰਜਾਬੀਆਂ ਨੇ ਹਰੇਕ ਸਮੱਸਿਆ ਦਾ ਡੱਟ ਕੇ ਸਾਹਮਣਾ ਕੀਤਾ ਹੈ। ਪੰਜਾਬ ਨੂੰ ਸਭ ਤੋਂ ਵੱਧ ਮਾਰ ਨਸ਼ਿਆ ਦੇ ਵੱਗਦੇ ਦਰਿਆ ਨੇ ਮਾਰੀ ਹੈ ਜਿਸ ਵਿਚ ਅਨੇਕ ਮਾਵਾਂ ਦੇ ਪੁੱਤ, ਭੈਣਾਂ ਦੀਆਂ ਰੱਖੜੀਆ ਬੁਣਾਉਣ ਵਾਲੇ ਹੱਥ, ਅਨੇਕ ਧੀਆਂ ਦੇ ਸੁਹਾਗ ਤੇ ਖੁਦ ਨੋਜਵਾਨਾਂ ਦੇ ਸੁਪਨੇ ਰੁੜ ਗਏ ਹਨ ਇਸ ਦਰਿਆ ਨੂੰ ਅੱਜ ਤੱਕ ਬੰਨ੍ਹ ਨਹੀਂ ਲੱਗਿਆ ਕਿਉਂਕਿ ਇਸ ਦਾ ਵਹਾਅ ਬਹੁਤ ਤੇਜ ਹੈ। ਪੰਜਾਬ ਵਿਚ ਜਿਥੇ ਅਫੀਮ, ਪੋਸਤ, ਸ਼ਰਾਬ ਵਰਗੇ ਰਵਾਇਤੀ ਸਮੇਂ ਬਹੁਤ ਸਮੇਂ ਪਹਿਲਾਂ ਆ ਗਏ ਸਨ ਤੇ ਇਹ ਅੱਜ ਵੀ ਚੱਲ ਰਹੇ ਹਨ। ਬੇਸ਼ੱਕ ਨਸ਼ਾ ਕਹਿੰਦੇ ਚਾਹ ਦਾ ਵੀ ਚੰਗਾ ਨਹੀਂ ਹੁੰਦਾ ਪਰ ਕੁਝ ਹੱਦ ਤੱਕ ਇੰਨਾਂ ਨਸ਼ਿਆ ਦੇ ਇੰਨੇ ਮਾੜੇ ਪ੍ਰਭਾਵ ਨਹੀਂ ਪਏ ਸਨ ਜਿਥੇ ਅਫੀਮ ਦਵਾਈਆਂ ਵਿਚ ਵਰਤੀ ਜਾਂਦੀ ਸੀ ਉਥੇ ਪੋਸਤ ਖਾ ਕੇ ਲੋਕ ਸਰੀਰਕ ਕੰਮ ਵਧੇਰੇ ਕਰਦੇ ਸਨ ਤੇ ਇਸ ਨੂੰ ਆਪਣੇ ਉਪਰ ਹਾਵੀ ਨਹੀਂ ਹੋਣ ਦਿੰਦੇ ਸਨ ਤੇ ਸ਼ਰਾਬ ਮਹਿਮਾਨ ਨਿਵਾਜੀ ਤੇ ਵਿਆਹ ਵਰਗੇ ਖੁਸ਼ੀ ਦੇ ਮੌਕਿਆਂ ਤੇ ਵਰਤੀ ਜਾਂਦੀ ਸੀ। ਉਸ ਸਮੇਂ ਇਕ ਨਾਮਵਰ ਪੰਜਾਬੀ ਕਲਾਕਾਰ ਦਾ ਇਕ ਗੀਤ ਘਰ ਦੀ ਸ਼ਰਾਬ ਹੋਵੇ ਆਪਣਾ ਪੰਜਾਬ ਹੋਵੇ ਇਸ ਗੱਲ ਦਾ ਪ੍ਰਪੱਕ ਪ੍ਰਮਾਣ ਸੀ ਕਿ ਕੋਈ ਵੀ ਸ਼ਰਾਬ ਦੀ ਲੋੜ ਤੋ ਵੱਧ ਵਰਤੋਂ ਨਸ਼ਾ ਬਣਦੀ ਸੀ ਜਦਕਿ ਆਮ ਤੌਰ ਤੇ ਇਹ ਵੀ ਉਸ ਸਮੇਂ ਘਰਾਂ ਵਿਚ ਛੋਟੇ ਬੱਚਿਆਂ ਨੂੰ ਖੰਘ ਦੀ ਦਵਾਈ ਵਜੋਂ ਦਿੱਤੀ ਜਾਂਦੀ ਸੀ। ਫਿਰ ਸਮੈਕ ਤੇ ਸ਼ੀਸ਼ੀਆਂ ਦਾ ਦੌਰ ਆਇਆ ਇੰਨਾਂ ਨਸ਼ਿਆ ਨੇ ਇਕ ਵਾਰ ਫਿਰ ਪੰਜਾਬ ਦੀ ਨੌਜਵਾਨੀ ਲੀਹੋ ਲਾ ਦਿੱਤੀ। ਬੇਸ਼ੱਕ ਅੱਜ ਕੁਝ ਲੋਕ ਅਫੀਮ ਪੋਸਤ ਦੀ ਖੇਤੀ ਦਾ ਸਮਰਥਨ ਕਰ ਰਹੇ ਹਨ ਪਰ ਨਸ਼ਿਆ ਦਾ ਇਸ ਤਰ੍ਹਾਂ ਪੈਦਾ ਹੋਣਾ ਪੰਜਾਬ ਦੇ ਹੱਕ ਵਿਚ ਨਹੀਂ ਹੋਵੇਗਾ। ਸ਼ਰਾਬ ਅੱਜ ਸਰਕਾਰ ਦੀ ਆਮਦਨ ਦਾ ਮੁੱਖ ਸ੍ਰੋਤ ਹੈ ਤੇ ਪੰਜਾਬ ਵਿਚ ਧੜਾਧੜ ਠੇਕੇ ਖੁੱਲ ਰਹੇ ਹਨ। ਕੋਈ ਸ਼ੱਕ ਨਹੀਂ ਕਿ ਇੰਨਾਂ ਨਸ਼ਿਆ ਨਾਲ ਪੀੜਿਤ ਪਰਿਵਾਰਾਂ ਦੇ ਘਰ ਵੀ ਉੱਜੜੇ ਹੋਣਗੇ ਪਰ ਵਰਤਮਾਨ ਸਮੇਂ ਵਿਚ ਜੇਕਰ ਨੋਜਵਾਨੀ ਖਤਮ ਕਰ ਰਿਹਾ ਹੈ ਉਹ ਹੈ ਹੈਰੋਇਨ(ਚਿੱਟਾ) ਅੱਜ ਪੰਜਾਬ ਦੀ ਨੌਜਵਾਨੀ ਵੀ ਚਿੱਟੇ ਦੇ ਨਸ਼ੇ ਦੀ ਗ਼ੁਲਾਮ ਬਣਦੀ ਜਾ ਰਹੀ ਹੈ। ਕਿਸੇ ਸਮੇਂ ਵੱਡੇ-ਵੱਡੇ ਸ਼ਹਿਰਾਂ ਵਿਚ ਸਪਲਾਈ ਹੋਣ ਵਾਲਾ ਇਹ ਨਸ਼ਾ ਪਿੰਡਾਂ ਵਿਚ ਵੀ ਘਰ ਘਰ ਪਹੁੰਚ ਰਿਹਾ ਹੈ। ਪੰਜਾਬੀ ਸੰਗੀਤ ਇੰਡਸਟਰੀ ਵੀ ਇਸ ਨਸ਼ੇ ਤੇ ਖੂਬ ਕਾਰੋਬਾਰ ਕਰ ਰਹੀ ਹੈ। ਅਜਿਹੇ ਗੂੰਜਦੇ ਗੀਤ ਅਕਸਰ ਕੰਨੀਂ ਪੈ ਜਾਂਦੇ ਹਨ ਕਿ’ ਬਾਡਰ ਨੀ ਟੱਪਦਾ ਚਿੱਟਾ ਮੁੰਡਾ ਲੁਧਿਆਣਾ ਉਡੀਕਦਾ, ਪਰ ਹੁਣ ਇਹ ਉਡੀਕ ਖਤਮ ਹੋ ਚੁੱਕੀ ਹੈ ਬਾਡਰੋ ਬਹੁਤ ਦੂਰ ਆ ਗਿਆ ਹੈ। ਰਿਸ਼ਤਿਆ ਸਮੇਂ ਵੀ ਅਕਸਰ ਅਜਿਹਾ ਦੇਖਿਆ ਜਾਂਦਾ ਹੈ ਕਿ’ ਪੈੱਗ ਲਾਉਂਦਾ ਚੱਲ ਜੂ, ਚਿੱਟੇ ਤੋਂ ਪ੍ਰਹੇਜ ਚਾਹੀਦਾ ਹੈ ਇਹ ਅੱਜ ਦੇ ਸਮੇਂ ਦੀ ਸੱਚਾਈ ਵੀ ਹੈ ਕਿ ਮੁੰਡਾ ਚਿੱਟਾ ਨਾਂ ਲਾਉਂਦ ਹੋਹੋਵੇ ਬਾਕੀ ਨਸ਼ਿਆਂ ਦਾ ਕੋਈ ਨਹੀਂ ਇਹ ਤ੍ਰਾਸਦੀ ਹੈ ਸਾਡੀ। ਚਿੱਟਾ ਵਰਤਣ ਦੇ ਢੰਗਾਂ ਵਿਚ ਵੀ ਸਮੇਂ ਦੇ ਨਾਲ ਪਰਿਵਰਤਨ ਆ ਰਿਹਾ ਕਿਸੇ ਸਮੇਂ ਇਹ ਪੰਨੀ ਨਾਲ ਸਾਹ ਰਾਹੀ ਅੰਦਰ ਖਿੱਚਿਆ ਜਾਂਦਾ ਸੀ ਪਰ ਅਜੋਕੇ ਸਮੇਂ ਵਿੱਚ ਟੀਕਿਆਂ ਰਾਹੀਂ ਸਿੱਧਾ ਨਾੜਾਂ ਵਿਚ ਭੇਜਿਆ ਜਾਂਦਾ ਹੈ ਜੋ ਜਲਦੀ ਖੂਨ ਵਿਚ ਮਿਲ ਜਾਂਦਾ ਹੈ। ਖੂਨ ਵਿਚ ਰਚੀ ਕੋਈ ਵੀ ਚੀਜ ਕੱਢਣੀ ਬਹੁਤ ਔਖੀ ਹੈ ਖਾਸ ਕਰਕੇ ਨਸ਼ਾ। ਟੀਕਿਆਂ ਰਾਹੀਂ ਇਸ ਨਸ਼ੇ ਦੀ ਉਵਰਡੋਜ ਹੀ ਮੌਤ ਦਾ ਕਾਰਣ ਬਣਦੀ ਹੈ। ਅੱਜ ਪੰਜਾਬ ਦੀ ਨੌਜਵਾਨੀ ਵੀ ਚਿੱਟੇ ਦੇ ਨਸ਼ੇ ਦੀ ਗ਼ੁਲਾਮ ਬਣਦੀ ਜਾ ਰਹੀ ਹੈ। ਹਾਲ ਹੀ ਵਿਚ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੇ ਅੰਕੜਿਆਂ ਮੁਤਾਬਿਕ ਪੰਜਾਬ ਦੇ 76 ਪ੍ਰਤੀਤ ਲੋਕ, ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਦੇ ਦਰਮਿਆਨ ਹੈ, ਉਹ ਕਿਸੇ ਨਾ ਕਿਸੇ ਨਸ਼ੀਲੇ ਪਦਾਰਥ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਵਿਚੋਂ 53 ਪ੍ਰਤੀਤ ਨੌਜਵਾਨ ਹੈਰੋਇਨ ਦੀ ਵਰਤੋਂ ਕਰ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਹੈਰੋਇਨ ਦੇ ਆਦੀ ਵਿਅਕਤੀ ਇਸ ਨਸ਼ੇ ਨੂੰ ਸਹਿਜ ਹੀ ਛੱਡ ਨਹੀ ਸਕਦੇ। ਪੰਜਾਬ ਅੰਦਰ ਹੈਰੋਇਨ ਦਾ ਨਸ਼ਾ ਛੱਡਣ ਵਾਲੇ ਲੋਕਾਂ ਦੀ ਔਸਤ ਦਰ 1 ਪ੍ਰਤੀਤ ਤੋਂ ਵੀ ਘੱਟ ਹੈ। ਹੈਰੋਇਨ ਵਿਚ ਕਈ ਤਰ੍ਹਾਂ ਦੇ ਰਸਾਇਣਿਕ ਤੱਤਾਂ ਦਾ ਸੁਮੇਲ ਹੁੰਦਾ ਹੈ ਜੋ ਕਿ ਮਨੁੱਖੀ ਸਰੀਰ ਦੀ ਪਾਚਨ ਪ੍ਰਣਾਲੀ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਹੈਰੋਇਨ ਦਾ ਸੇਵਨ ਕਰਨ ਵਾਲਾ ਆਮ ਤੌਰ ‘ਤੇ ਪ੍ਰਤੀ ਦਿਨ ਵਿੱਚ 0.5 ਗ੍ਰਾਮ ਤੋਂ ਦੋ ਗ੍ਰਾਮ ਦੀ ਖਪਤ ਕਰਦਾ ਹੈ। ਪ੍ਰਤੀ ਗ੍ਰਾਮ ਹੈਰੋਇਨ ਦੀ ਕੀਮਤ 4000 ਤੋਂ 6000 ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਮੁਤਾਬਕ ਪੰਜਾਬ ਵਿਚ ਨਸ਼ੇ ਦਾ ਸਾਲਾਨਾ ਕਾਰੋਬਾਰ 7,500 ਕਰੋੜ ਰੁਪਏ ਦਾ ਹੈ।ਇਹ ਅੰਕੜੇ ਘੱਟ ਨਹੀਂ ਦਿਨੋ-ਦਿਨ ਵੱਧ ਰਹੇ ਹਨ। ਸ਼ਾਇਦ ਹੀ ਕਿਸੇ ਅਖਬਾਰ ਦਾ ਕੋਈ ਪੰਨਾ ਅਜਿਹਾ ਹੋਵੇ ਜਿਸ ਵਿਚ ਇਸ ਨਸ਼ੇ ਨਾਲ ਮਰੇ ਨੋਜਵਾਨਾਂ ਦੀ ਖਬਰ ਨਾ ਹੋਵੇ। ਪੰਜਾਬ ਸਰਕਾਰ ਦਾ ਹਮੇਸ਼ਾ ਉਹੀ ਤਰਕ ਕਿ ਇਹ ਨਸ਼ਾ ਬਾਰਡਰ ਤੋਂ ਆਉਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਆਉਂਦਾ ਹੈ ਜਿੱਥੋਂ ਤੱਕ ਸਰਹੱਦੀ ਖ਼ੇਤਰ ਦੀ ਗੱਲ ਹੈ ਤਾਂ ਜੰਮੂ-ਕਸ਼ਮੀਰ ਅਤੇ ਰਾਜਸਥਾਨ ਦਾ ਬਹੁਤ ਸਾਰਾ ਹਿੱਸਾ ਵੀ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ ਪਰ! ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਨੌਜਵਾਨਾਂ ਵਿਚ ‘ਚਿੱਟੇ’ ਦੀ ਆਦਤ ਮਿਲਣ ਦਾ ਰੁਝਾਨ ਸਾਹਮਣੇ ਨਹੀਂ ਆਇਆ। ਫਿਰ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਵਿਚ ਇਸ ਨਸ਼ੇ ਦੇ ਕਾਰੋਬਾਰ ਹਨ ਤਾਂ ਹੀ ਤਾਂ ਸਭ ਤੋਂ ਵੱਧ ਪੰਜਾਬ ਵਿਚ ਆਉਂਦਾ ਹੈ। ਪੰਜਾਬ ਸਰਕਾਰ ਨੇ ਬੇਸ਼ੱਕ ਨਸ਼ਿਆਂ ਦੇ ਖਾਤਮੇ ਲਈ ਐਸ ਟੀ ਐਫ ਦਾ ਗਠਨ ਕੀਤਾ ਸੀ ਪਰ ਜਮੀਨੀ ਪੱਧਰ ਤੇ ਇਸ ਦਾ ਕੋਈ ਨਤੀਜਾ ਨਹੀਂ ਆਇਆ। ਨਸ਼ਾ ਛੁਡਾਊ ਕੇਦਰਾਂ ਦੀ ਗਿਣਤੀ ਵਧਾਉਣ ਦੀ ਲੋੜ ਨਹੀਂ ਨਸ਼ੇ ਵਿਚ ਗਰਕ ਹੁੰਦੀ ਨੌਜਵਾਨਾਂ ਦੀ ਸੰਖਿਆਂ ਘਟਾਉਣ ਦੀ ਲੋੜ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਪੁਲਿਸ ਨੂੰ ਨਿਰਪੱਖਤਾ ਨਾਲ ਕੰਮ ਕਰਨ ਦਿੱਤਾ ਜਾਵੇ ਤਾਂ ਜੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਸਕੇ।ਇਸ ਤੋਂ ਇਲਾਵਾ ਨੋਜਵਾਨਾਂ ਨੂੰ ਰੁਜ਼ਗਾਰ ਤੇ ਖੇਡਾਂ ਨਾਲ ਜੋੜ ਕੇ ਵੀ ਇਸ ਭੈੜੀ ਅਲਾਮਤ ਤੋਂ ਦੂਰ ਕੀਤਾ ਜਾ ਸਕਦਾ ਹੈ। ਨਸ਼ੇ ਪੂਰੀ ਦੇਸ਼ ਦੀ ਸਮੱਸਿਆ ਹਨ ਇਸ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਮਿਲ ਕੇ ਅਜਿਹੀ ਨੀਤੀ ਬੁਣਾਉਣ ਦੀ ਲੋੜ ਹੈ ਕਿ ਸਰਹੱਦਾਂ ਤੋਂ ਹੁੰਦੀ ਨਸ਼ੇ ਦੀ ਸਪਲਾਈ ਬਿਲਕੁਲ ਬੰਦ ਹੋ ਜਾਵੇ।