ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾ ਮਰਦ ਸਮਾਜ ਅੰਦਰ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਔਰਤ ਨੂੰ ਉੱਚਾ ਦਰਜਾ ਦੇ ਕੇ ਲੋਕਾਈ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਚੰਗਾ ਸੁਨੇਹਾ ਦਿੱਤਾ “ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ।“ ਜਿਸ ਅਬਲਾ ਨੇ ਰਾਜੇ ਮਹਾਰਾਜਿਆਂ ਯੋਧਿਆ ਸੂਰਮਿਆਂ ਨੂੰ ਜਨਮ ਦਿੱਤਾ ਹੈ ਉਸ ਨੂੰ ਮੰਦਾ ਕਿਉਂ ਆਖਿਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਦਯਾ ਰਾਮ ਤੋਂ ਦਯਾ ਸਿੰਘ ਬਣਾਇਆ ਧਰਮ ਚੰਦ ਤੋਂ ਧਰਮ ਸਿੰਘ ਬਣਾਇਆ ਉਸ ਮੌਕੇ ਔਰਤ ਨੂੰ ਵੀ ਕੌਰ ਦਾ ਦਰਜ਼ਾ ਦਿੱਤਾ ਗਿਆ। ਕੌਰ ਇੱਕ ਰਾਜੇ ਦਾ ਵੱਡਾ ਸਾਹਿਬਜ਼ਾਦਾ ਹੁੰਦਾ ਹੈ ਜੋ ਰਾਜੇ ਦੀ ਕੁੱਲ ਜਾਇਦਾਦ ਦਾ ਮਾਲਕ ਹੁੰਦਾ ਹੈ ਯੁੱਗ ਬਦਲ ਦੇ ਗਏ ਹੁਣ ਫੇਰ ਸਮਾਜ ਔਰਤ ਨੂੰ ਪੈਰ ਦੀ ਜੁੱਤੀ ਸਮਝਣ ਲੱਗ ਪਿਆ ਹੈ ਔਰਤ ਅਬਲਾ ਹੀ ਹੈ, ਜੋ ਜਨਮ ਤੋਂ ਲੈ ਕੇ ਮੌਤ ਤੱਕ ਮਰਦ ਜਾਤ ਦੇ ਤਸੀਹੇ ਸਹਿੰਦੀ ਆਈ ਹੈ ਜਨਮ ਤੋਂ ਪਹਿਲਾਂ ਪਤਾ ਲੱਗ ਜਾਵੇ ਕਿ ਕੁੜੀ ਹੈ ਤਾਂ ਡਾਕਟਰ ਦਾ ਕੁਹਾੜਾ ਚੱਲਦਾ ਹੈ ਤਿੱਖੇ ਔਜ਼ਾਰਾਂ ਨਾਲ ਮਾਤਾ ਦੇ ਉਦਰ ਵਿਚ ਹੀ ਛੋਟਾ ਛੋਟਾ ਕਰ ਕੇ ਕੱਟ ਕੇ ਮਾਰ ਦਿੱਤਾ ਜਾਂਦਾ ਹੈ ਫਿਰ ਜੇ ਕਿਧਰੇ ਜਨਮ ਮਿਲ ਵੀ ਗਿਆ ਤਾਂ ਦੋ ਚਾਰ ਸਾਲ ਦੀ ਉਮਰ ਵਿੱਚ ਹੀ ਬਲਾਤਕਾਰੀ ਭੇੜੀਆਂ ਦਾ ਸ਼ਿਕਾਰ ਬਣ ਜਾਂਦੀ ਹੈ। ਜਵਾਨੀ ਆਈ ਤਾਂ ਜ਼ਮਾਨੇ ਦੀਆਂ ਭੈੜੀਆਂ ਨਜ਼ਰਾਂ ਦਾ ਸ਼ਿਕਾਰ ਹੋਣਾ ਪੈਂਦਾ, ਕਿਸੇ ਨੇ ਇਸ ਨੂੰ ਪਟੋਲਾ ਕਿਸੇ ਨੇ ਮਾਲ ਕਿਸੇ ਨੇ ਪੁਰਜ਼ਾ ਕਹਿ ਕੇ ਬੁਲਾਇਆ ਸ਼ਾਦੀ ਹੋਈ ਤਾਂ ਨਸ਼ੇੜੀ ਪਤੀ ਦੀਆਂ ਮਾਰਾਂ ਝੱਲਣੀਆਂ ਪਈਆਂ ਜੇ ਕਿਧਰੇ ਅੱਧ ਵਿੱਚਕਾਰ ਨਸ਼ੇੜੀ ਪਤੀ ਸਾਥ ਛੱਡ ਦੁਨੀਆਂ ਤੋਂ ਚੱਲਿਆ ਜਾਵੇ ਤਾਂ ਬੱਚੇ ਪਾਲਣ ਖਾਤਰ ਅੋਰਤ ਨੂੰ ਕੀ ਕੀ ਕੁਝ ਨਹੀਂ ਕਰਨਾ ਪੈਂਦਾ ਘਰਾਂ ਦੇ ਜੂਠੇ ਬਰਤਨ ਤੱਕ ਮਾਜਣੇ ਪੈਂਦੇ ਹਨ।ਇਸ ਤੋ ਇਲਾਵਾ ਜੇਕਰ ਕੋਈ ਬੱਚੀ ਗਰੀਬੀ ਦੀ ਮਾਰੀ ਮਜਬੂਰੀ ਵੱਸ ਬਜ਼ੁਰਗ ਮਾਂ ਬਾਪ ਦੀ ਦਵਾਈ ਅਤੇ ਛੋਟੇ ਭੈਣ ਭਰਾਵਾਂ ਦੀ ਪੜ੍ਹਾਈ ਵਾਸਤੇ ਵਿਆਹਾਂ ਵਿੱਚ ਸਟੇਜਾਂ ਤੇ ਨੱਚਣ ਲਈ ਮਜਬੂਰ ਹੋਈ ਤਾਂ ਬਾਪ ਸਮਾਨ ਉਮਰ ਦੇ ਬੰਦਿਆਂ ਵੱਲੋਂ ਅਸ਼ਲੀਲ ਹਰਕਤਾਂ ਕਰਕੇ ਜਲੀਲ ਕੀਤਾ ਜਾਂਦਾ ਹੈ। ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਆਪਣੇ ਘਰ ਵੀ ਕੋਈ ਨੂੰਹ ਧੀ ਹੈ ਪਿਛਲੇ ਦਿਨੀ ਵਾਪਰੀ ਮੁਕਤਸਰ ਦੀ ਘਟਨਾਂ ਨੇ ਸਾਰੇ ਸਮਾਜ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਕਿਸ ਤਰ੍ਹਾਂ ਨਿਹੱਥੀ ਔਰਤ ਨੂੰ ਡੰਗਰਾਂ ਵਾਂਗ ਕੁੱਟਿਆ ਜਾ ਰਿਹਾ ਹੈ ਬਾਬਰ ਦੀ ਜੇਲ੍ਹ ਵਿੱਚ ਬੰਦ ਔਰਤਾਂ ਵਾਂਗ ਰੱਬ ਨੂੰ ਕੋਸਦੀ ਹੋਈ ਕੁਰਲਾ ਰਹੀ ਹੈ ਕਿ “ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ।“ ਇਹ ਕੋਈ ਸਮਾਜ ਵਿੱਚ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਕੁਝ ਦਿਨ ਪਹਿਲਾਂ ਵੀ ਫੇਸਬੁੱਕ ਤੇ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਔਰਤ ਦੇ ਦੋਵੇਂ ਹੱਥ ਉੱਪਰ ਦਰੱਖਤ ਨਾਲ ਬੰਨ੍ਹੇ ਹੋਏ ਹਨ ਅਤੇ ਦੋ ਵਿਅਕਤੀ ਉਸ ਨੂੰ ਬੈਲਟਾਂ ਨਾਲ ਉਦੋਂ ਤੱਕ ਮਾਰ ਰਹੇ ਹਨ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਈ।ਵੱਡੀ ਗਿਣਤੀ ਮਰਦ ਅਤੇ ਔਰਤਾਂ ਇਕੱਠੇ ਹੋ ਕੇ ਤਮਾਸ਼ਗੀਨ ਬਣ ਕੇ ਉਸ ਨੂੰ ਦੇਖ ਰਹੇ ਹਨ ਪਰ ਕਿਸੇ ਦੀ ਹਿੰਮਤ ਨਹੀਂ ਪਈ ਕਿ ਉਨ੍ਹਾਂ ਨੂੰ ਹਟਾ ਦੇਣ। ਜਿਸ ਤਰ੍ਹਾਂ ਬਾਬੇ ਨਾਨਕ ਜੀ ਵੇਲੇ ਕੌਡੇ ਵਰਗੇ ਰਾਖਸ਼ ਸਨ ,ਉਹ ਗੱਲ ਹੁਣ ਵੀ ਸੱਚ ਹੁੰਦੀ ਹੈ ਕਿ “ ਕੌਡੇ ਨਾਲੋਂ ਵੱਧ ਕੇ ਹੁਣ ਵੀ ਰਾਕਸ਼ ਨੇ , ਕੂੜ ਕਮਾਉਂਦੇ ਫਿਰਦੇ ਝੂਠੇ ਆਸ਼ਕ ਨੇ ਸਦਨੇ ਦੇ ਹੱਥ ਮੁੜ ਕੇ ਫੜੀ ਕਟਾਰੀ ਹੈ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ।“ ਹਿੰਦੋਸਤਾਨ ਅੰਦਰ ਹੀ ਇੱਕ ਅਰੁਨਾਚਲ ਪ੍ਰਦੇਸ਼ ਹੈ ਜਿੱਥੇ ਔਰਤ ਪ੍ਰਧਾਨ ਹੈ ਜੋ ਘਰ ਅਤੇ ਸਮਾਜ ਦੇ ਹਰ ਪ੍ਰਕਾਰ ਦੇ ਕੰਮ ਪੈਸੇ ਦਾ ਲੈਣ ਦੇਣ ਤੱਕ ਵੀ ਔਰਤ ਹੀ ਕਰਦੀ ਹੈ ਪਰ ਜੋ ਵੀ ਕੰਮ ਕਰਨਾ ਹੁੰਦਾ ਹੈ ਮਰਦ ਔਰਤਾਂ ਤੋਂ ਪੁੱਛ ਕੇ ਕਰਦੇ ਹਨ ਅਤੇ ਅੱਜ ਤੱਕ ਉੱਥੇ ਕੋਈ ਵੀ ਮਾੜੀ ਘਟਨਾ ਨਹੀਂ ਵਾਪਰੀ। ਸਾਡੇ ਸਮਾਜ ਵਿੱਚ ਵੀ ਭਾਵੇਂ ਕੁੜੀਆਂ ਮੁੰਡਿਆਂ ਨਾਲੋਂ ਹਰ ਖੇਤਰ ਵਿੱਚ ਅੱਗੇ ਹਨ ਚਾਹੇ ਉਹ ਪੜ੍ਹਾਈ ਦਾ ਮਾਮਲਾ ਹੋਵੇ ਚਾਹੇ ਰੇਲ ਅਤੇ ਹਵਾਈ ਪਾਇਲਟ ਦੀ ਗੱਲ ਹੋਵੇ ਫਿਰ ਵੀ ਕਿਤੇ ਨਾ ਕਿਤੇ ਮਾੜੇ ਪ੍ਰਸ਼ਾਸਨ ਦੀ ਦੇਣ ਮਾੜੇ ਸੰਸਕਾਰਾਂ ਦੀ ਦੇਣ ਅੱਜ ਵੀ ਔਰਤ ਉੱਤੇ ਜ਼ੁਲਮ ਜਿਉਂ ਦੀ ਤਿਉਂ ਹੋ ਰਹੇ ਹਨ। ਸਮਾਜ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਇਸ ਨੂੰ ਦੇਖ ਰਿਹਾ ਹੈ।
ਦੂਸਰੇ ਪਾਸੇ ਸਾਡੀਆਂ ਸਰਕਾਰਾਂ ਨੇ ਚੋਣਾ ਵਿਚ ਲਾਹਾ ਲੈਣ ਲਈ ਨਾਮਜਦਗੀਆਂ ਵਿਚ ਚੋਣਾ ਅਤੇ ਹੋਰ ਖੇਤਰਾਂ ਵਿਚ ਅੋਰਤਾਂ ਨੂੰ 33 ਪ੍ਰਤੀਸ਼ਤ ਰਾਖਵਾ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ। ਲੇਕਿਨ ਅੋਰਤਾਂ ਨੂੰ ਰਾਖਵਾ ਕਰਨ ਤੇ ਉਹਨਾ ਦਾ ਬਣਦਾ ਹੱਕ ਵੀ ਨਹੀ ਦਿੱਤਾ ਜਾਂਦਾ ਜਿਸ ਕਰਕੇ ਲਗਦਾ ਹੈ ਕਿ ਇਹ ਸਭ ਇਕ ਚੋਣ ਸਟੰਟ ਬਣਕੇ ਹੀ ਰਹਿ ਗਿਆ।