May 28, 2026 1:05 pm

ਕੈਪਟਨ ਅਮਰਿੰਦਰ ਸਿੰਘ ਵੱਲੋਂ 634 ਕਾਲਜਾਂ ਦੇ ਐਸ.ਸੀ. ਸਕਾਲਸ਼ਿਪ ਦਾ ਬੈਕਲਾਗ ਪੂਰਾ ਕਰਨ ਲਈ 118.42 ਕਰੋੜ ਰੁਪਏ ਤੁਰੰਤ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਨਿਰਦੇਸ਼

ਚੰਡੀਗੜ, 25 ਜੂਨ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 634 ਕਾਲਜਾਂ ਵਿੱਚ ਪੜ ਰਹੇ ਐਸ.ਸੀ. ਵਿਦਿਆਰਥੀਆਂ ਦੇ ਲਈ ਲੰਬਿਤ ਪਏ ਸਕਾਲਰਸ਼ਿਪ ਦੇ ਬੈਕਲਾਗ ਨੂੰ ਨਿਪਟਾਉਣ ਲਈ 118.42 ਕਰੋੜ ਰੁਪਏ ਦੇ ਫੰਡ ਤੁਰੰਤ ਜਾਰੀ ਕਰਨ ਦੇ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ। ਬੈਕਲਾਗ ਵਿੱਤੀ ਸਾਲ 2015-16 ਅਤੇ 2016-17 ਦਾ ਹੈ। ਮੁੱਖ ਮੰਤਰੀ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਜਲੰਧਰ ਪੱਛਮੀ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨਾਲ ਮੀਟਿੰਗ ਦੌਰਾਨ ਇਸ ਫੈਸਲੇ ਦਾ ਐਲਾਨ ਕੀਤਾ।
ਡਿਗਰੀ ਕਾਲਜਾਂ, ਤਕਨੀਕੀ ਅਤੇ ਮੈਡੀਕਲ ਸਿੱਖਿਆ ਸੰਸਥਾਵਾਂ ਸਣੇ 312 ਕਾਲਜਾਂ ਵਿੱਚ ਪੜ ਰਹੇ ਐਸ.ਸੀ. ਵਿਦਿਆਰਥੀਆਂ ਦੇ ਲਈ 118.42 ਕਰੋੜ ਰੁਪਏ ਵਿਚੋਂ 67.42 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਇਸੇ ਤਰਾਂ ਹੀ ਬਾਕੀ 51 ਕਰੋੜ ਰੁਪਏ ਸਕੂਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐਸ.ਸੀ.ਈ.ਆਰ.ਟੀ) ਸੰਸਥਾਵਾਂ ਵਿੱਚ ਅਤੇ ਉਪਰੋਕਤ ਸਟ੍ਰੀਮਜ ਦੇ 322 ਕਾਲਜਾਂ ਦੇ ਵਿਦਿਆਰਥੀਆਂ ਲਈ ਜਾਰੀ ਕੀਤੇ ਜਾਣਗੇ। ਐਸ.ਸੀ. ਵਿਦਿਆਰਥੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਸਕਾਲਰਸ਼ਿਪ ਲਾਭਪਾਤਰੀਆਂ ਲਈ ਨਿਯਮਿਤ ਫੰਡ ਪਹਿਲ ਦੇ ਆਧਾਰ ‘ਤੇ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਉਹ ਬਿਨਾਂ ਕਿਸੇ ਅੜਚਨ ਤੋਂ ਆਪਣੀ ਪੜਾਈ ਮੁਕੰਮਲ ਕਰਨ ਲਈ ਸਮਰੱਥ ਹੋ ਸਕਣ।

Send this to a friend