ਅਮਿਤ ਸ਼ਾਹ ਨੇ ਸਪਾ ’ਤੇ ਲਗਾਇਆ ਬੂਥ ਲੁੱਟਣ ਦਾ ਇਲਜ਼ਾਮ
ਨਵੀਂ ਦਿੱਲੀ, 3 ਮਈ (ਪੀ.ਟੀ.ਬਿਊਰੋ)-ਦਿੱਲੀ ਤੱਕ ਦੀ ਲੜਾਈ ਹੁਣ ਉੱਤਰ ਪ੍ਰਦੇਸ਼ ਵਿੱਚ ਪਹੁੰਚ ਗਈ ਹੈ। ਪ੍ਰਮੁੱਖ ਸਿਆਸੀ ਧਿਰਾਂ ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦਰਮਿਆਣ ਸਿਆਸੀ ਲੜਾਈ ਤੇਜ਼ ਹੁੰਦੀ ਜਾ ਰਹੀ ਹੈ। ਸਾਰੀਆਂ ਹੀ ਧਿਰਾਂ ਇੱਕ ਦੂਜੇ ਉੱਪਰ ਗੰਭੀਰ ਇਲਜ਼ਾਮਬਾਜ਼ੀ ਕਰ ਰਹਿਆਂ ਹਨ। ਭਾਜਪਾ ਨੇਤਾ ਤੇ ਪਾਰਟੀ ਦੇ ਉੱਤਰ ਪ੍ਰਦੇਸ਼ ਇੰਚਾਰਜ ਅਮਿਤ ਸ਼ਾਹ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਸਮਾਜਵਾਦੀ ਪਾਰਟੀ ’ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਦੇ ਦੌਰਾਨ ਸਪਾ ਦੇ ਲੋਕ ਬੂਥ ਲੁੱਟਣ ਦਾ ਕੰਮ ਕਰਦੇ ਹਨ। ਇਸ ਲਈ ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਆਉਣ ਵਾਲੇ ਦੋ ਚਰਣਾਂ ਦੇ ਚੋਣ ’ਚ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਹਰ ਬੂਥ ’ਚ ਕੇਂਦਰੀ ਸੁਰੱਖਿਆ ਬਲ ਤੈਨਾਤ ਕਰਨ ਦੀ
ਮੰਗ ਕੀਤੀ ਹੈ, ਨਾਲ ਹੀ ਉਨ੍ਹਾਂ ਨੇ ਸੰਵੇਦਨਸ਼ੀਲ ਬੂਥਾਂ ’ਤੇ ਵੀਡੀਓ ਰਿਕਾਰਡਿੰਗ ਕਰਾਉਣ ਤੇ ਆਬਜਰਵਰ ਨਿਯੁਕਤ ਕਰਨ ਦੀ ਮੰਗ ਵੀ ਕੀਤੀ ਹੈ। ਸ਼ਾਹ ਦੇ ਇਸ ਇਲਜ਼ਾਮ ’ਤੇ ਪ੍ਰਤੀਕਿਰਆ ਦਿੰਦੇ ਹੋਏ ਸਪਾ ਜਨਰਲ ਸਕੱਤਰ ਰਾਮਗੋਪਾਲ ਯਾਦਵ ਨੇ ਕਿਹਾ ਭਾਜਪਾ ਹਾਰ ਦੇ ਡਰ ਤੋਂ ਅਜਿਹੇ ਇਲਜ਼ਾਮ ਲਗਾ ਰਹੀ ਹੈ। ਇਥੇ ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ 33 ਲੋਕ ਸਭਾ ਹਲਕਿਆਂ ਲਈ ਹਾਲੇ ਚੋਣਾਂ ਹੋਣੀਆਂ ਬਾਕੀ ਹਨ। 3 ਹਲਕਿਆਂ ਲਈ ਅੰਤਲੇ ਦੋ ਪੜਾਅ ਦੌਰਾਨ ਵੋਟਾਂ ਪੈਣਗੀਆਂ।
ਇਸੇ ਦੌਰਾਨ ਕੇਂਦਰ ਸਰਕਾਰ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁੱਦੇ ਦੇ ਉਮੀਦਵਾਰ ਨਰਿੰਦਰ ਮੋਦੀ ਉੱਪਰ ਤਿੱਖਾ ਹਮਲਿਆਂ ਬੋਲਦਿਆਂ ਉਸ ਨੂੰ ਅਸਾਮ ਦੀ ਫਿਰਕੂ ਹਿੰਸਾ ਲਈ ਦੋਸ਼ੀ ਠਹਿਰਾਇਆ ਹੈ।
ਕੇਂਦਰੀ ਮੰਤਰੀ ਸ੍ਰੀ ਕਪਿਲ ਸਿੰਬਲ ਨੇ ਅੱਜ ਇੱਕ ਪੱਤਰਕਾਰ ਸਮੇਲਨ ਵਿੱਚ ਆਖਿਆ ਹੈ ਕਿ ਮੋਦੀ ਵੱਲੋਂ ਦੇਸ਼ ਭਰ ਵਿੱਚ ਬਣਾਏ ਗਏ ਫਿਰਕੂ ਮਾਹੋਲ ਕਾਰਨ ਹੀ ਅਸਾਮ ਵਿੱਚ ਹਿੰਸਾ ਹੋਈ ਹੈ। ਅਸਾਮ ਦੇ ਦੋ ਜ਼ਿਲ੍ਹਿਆਂ ਵਿੱਚ ਪਿਛਲੇ ਦਿਨੀਂ ਫਿਰਕੂ ਹਿੰਸਾ ਦੌਰਾਨ ਮੁਸਲਿਮ ਫਿਰਕੇ ਦੇ 27 ਮੈਂਬਰ ਮਾਰੇ ਗਏ ਹਨ। ਸ੍ਰੀ ਸਿੰਬਲ ਦਾ ਕਹਿਣਾ ਹੈ ਕਿ ਮੋਦੀ ਦੇਸ਼ ਨੂੰ ਤੋੜਨ ਵਾਲੇ ਸਖਸ਼ ਹਨ ਅਤੇ ਉਨ੍ਹਾਂ ਦੀ ਵਜਾਹ ਕਾਰਨ ਦੇਸ਼ ਦਾ ਮਾਹੌਲ ਬਿਗੜ ਰਿਹਾ ਹੈ।