May 28, 2026 11:14 am

ਸੂਬਾ ਸਰਹੰਦ ਦੀ ਇੱਟ ਨਾਲ ਇੱਟ ਵਜਾਉਣ ਵਾਲਾ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ

ਸਿੱਖ ਕੌਮ ਦੇ ਇਤਹਾਸ ਵਿੱਚ ਕਈ ਮਹਾਨ ਸ਼ਹਾਦਤਾਂ ਹੋਈਆਂ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵੀ ਸਿੱਖ ਕੌਮ ਵਿੱਚ ਅਹਿਮ ਸਥਾਨ ਰੱਖਦੀ ਹੈ। ਉਹ ਇੱਕ ਬਹਾਦਰ ਯੋਧਾ ਤੇ ਪਵਿੱਤਰ ਜੀਵਨ ਬਤੀਤ ਕਰਨ ਵਾਲਾ ਮਨੁੱਖ ਸੀ।ਬੰਦਾ ਸਿੰਘ ਦਾ ਜਨਮ ਕੱਤਕ ਸੁਦੀ 13 ਸੰਮਤ 1727 ਬਿ: 27 ਅਕਤੂਬਰ 1670 ਰਾਜਪੂਤ ਘਰਾਣੇ ਵਿੱਚ ਪਿਤਾ ਰਾਮ ਦੇਵ ਰਾਜਪੂਤ ਦੇ ਘਰ ਪਿੰਡ ਰਜੌਰੀ ਪੁਣਛ ਕਸ਼ਮੀਰ ਵਿੱਚ ਹੋਇਆ। ਬਚਪਨ ਦਾ ਨਾਂ ਲਛਮਣ ਦੇਵ ਸੀ। ਲਛਮਣ ਦੇਵ ਬਚਪਨ ਸਮੇਂ ਖੁੱਲੇ-ਡੁੱਲੇ ਸਰੀਰ ਦੇ ਮਾਲਿਕ ਤੇ ਰੱਜ ਕੇ ਮਿਹਨਤੀ ਸਨ। ਘੋੜ ਸਵਾਰੀ ਤੇ ਤੀਰ ਅੰਦਾਜ਼ੀ ਦਾ ਸ਼ੌਕ ਵੀ ਰੱਖਦੇ ਸਨ। ਜੰਗਲ ਵਿੱਚ ਸ਼ਿਕਾਰ ਖੇਡਣ ਵੀ ਜਾਇਆ ਕਰਦੇ ਸਨ। ਇਹਨੀਂ ਦਿਨੀਂ ਹੀ ਆਪ ਨਾਲ ਇੱਕ ਘਟਨਾ ਘਟੀ, ਜਿਸ ਨੇ ਆਪ ਦੀ ਸਾਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਇੱਕ ਦਿਨ ਆਪ ਸ਼ਿਕਾਰ ਖੇਡਣ ਜੰਗਲ ਵਿੱਚ ਗਏ। ਆਪ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ। ਉਸ ਹਿਰਨੀ ਦੇ ਪੇਟ ਵਿੱਚੋਂ ਦੋ ਬੱਚੇ ਨਿਕਲ ਕੇ ਤੜਫ-ਤੜਫ ਕੇ ਮਰ ਗਏ। ਆਪ ਵੇਖ ਕੇ ਬਹੁਤ ਮਯੂਸ ਹੋਏ ਤੇ ਅੱਗੋਂ ਤੋਂ ਸ਼ਿਕਾਰ ਨਾ ਖੇਡਣ ਦਾ ਤੁਹੱਈਆ ਕਰ ਲਿਆ। ਆਪ ਵੈਰਾਗੀ ਬਣ ਗਏ ਤੇ ਵੈਸ਼ਨਵ ‘ਜਾਨਕੀ ਪ੍ਰਸਾਦ’ ਸਾਧੂ ਦੇ ਚੇਲੇ ਬਣ ਗਏ। ਨਾਮ ‘ਮਾਧੋ ਦਾਸ’ ਹੋ ਗਿਆ। ਮਾਧੋ ਦਾਸ ਫਿਰਦੇ-ਫਿਰਦੇ ਇੱਕ ਦਿਨ ਗੋਦਾਵਰੀ ਦੇ ਕੰਢੇ ਨਾਸਿਕ ਪੁੱਜ ਗਏ। ਇੱਥੇ ਆਪ ਦਾ ਮੇਲ ‘ਅੱਘੜ ਨਾਥ’ ਜੋਗੀ ਨਾਲ ਹੋਇਆ। ਅੱਘੜ ਨਾਥ ਨੇ ਸੇਵਾ ਤੋਂ ਖੁਸ਼ ਹੋ ਕੇ ਆਪ ਨੂੰ ਰਿੱਧੀਆਂ ਸਿੱਧੀਆਂ ਦੀ ਬਖਸ਼ਿਸ਼ ਕਰ ਦਿੱਤੀ। ਕੁੱਝ ਚਿਰ ਮਗਰੋਂ ‘ਅੱਘੜ ਨਾਥ’ ਇਸ ਜਹਾਨੋਂ ਕੂਚ ਕਰ ਗਿਆ। ਅੱਘੜ ਨਾਥ ਦੀ ਮੌਤ ਮਗਰੋਂ ਮਾਧੋਦਾਸ ਨਾਂਦੇੜ ਚਲੇ ਗਏ। ਉੱੱਥੇ ਜਾ ਕੇ ਆਪਣਾ ਮੱਠ ਸਥਾਪਿਤ ਕਰ ਲਿਆ। ਜੋ ਵੀ ਆਪ ਦੇ ਡੇਰੇ ਤੇ ਆ ਜਾਂਦਾ ਤਾਂ ਆਪ ਆਪਣੀ ਕਰਾਮਾਤੀ ਸ਼ਕਤੀ ਨਾਲ ਉਸਦਾ ਨਿਰਾਦਰ, ਬੇਇੱਜ਼ਤੀ ਕਰ ਖੁਸ਼ੀ ਮਹਿਸੂਸ ਕਰਦੇ। ਉਸਨੂੰ ਸਿੱਧੇ ਰਾਹੇ ਪਾਉਣ ਲਈ ਇੱਕ ਸਵੇਰ ਗੁਰੂ ਗੋਬਿੰਦ ਸਿੰਘ ਜੀ ਮਾਧੋ ਦਾਸ ਦੇ ਡੇਰੇ ਪਹੁੰਚ ਗਏ। ਉਸਦੇ ਪਲੰਘ ਤੇ ਬਿਰਾਜਮਾਨ ਹੋ ਗਏ।
ਸ੍ਰੀ ਗੁਰ ਪੰਥ ਪ੍ਰਕਾਸ਼ ਵਿੱਚ ‘ਰਤਨ ਸਿੰਘ ਭੰਗ’ੂ ਇਸ ਸਮੇਂ ਦੀ ਗਵਾਹੀ ਭਰਦੇ ਲਿੱਖਦੇ ਹਨ ਕਿ:
ਪਹੁੰਚਯੋ ਸਤਿਗੁਰ ਜਿਹ ਸਮੈਂ, ਗਯੋ ਬੰਦੋ ਕਹੂੰ ਅੋਰ।
ਪਲੰਘ ਸ਼ਿੰਗਾਰਯੋ ਦੇਖਿ ਕੈ ਗੁਰ ਚੜ੍ਹ ਬੈਠੇ ਦੌਰ।
ਮਾਧੋ ਦਾਸ ਉਸ ਵਕਤ ਡੇਰੇ ਵਿੱਚ ਨਹੀ ਸੀ। ਮਾਧੋ ਦਾਸ ਦੇ ਪੰਜ ਬੀਰ ਆਪਣੀ ਕਰਾਮਾਤੀ ਸ਼ਕਤੀ ਫੇਲ ਹੁੰਦੀ ਵੇਖ ਕੇ ਮਾਧੋ ਦਾਸ ਕੋਲ ਪਹੁੰਚ ਗਏ ਤੇ ਸਾਰੀ ਕਹਾਣੀ ਦੱਸੀ। ਮਾਧੋ ਦਾਸ ਅੱਗ ਬਬੂਲਾ ਹੋ ਉੱੱਠਿਆ ਤੇ ਡੇਰੇ ਪਹੁੰਚ ਕੇ ਆਪਣੀਆਂ ਰਿੱਧੀਆਂ-ਸਿੱਧੀਆਂ ਦੀ ਵਰਤੋਂ ਕੀਤੀ, ਪਰ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਅੱਗੇ ਸਭ ਫੇਲ ਹੋ ਗਈਆਂ। ਅੰਤ ਢਹਿ ਕੇ ਪੈਰੀਂ ਪੈ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਥਾਂ ਅੰਮ੍ਰਿਤ ਛਕਾ ਕੇ, ਸਿੰਘ ਸਜਾ ਕੇ ਮਾਧੋ ਦਾਸ ਤੋਂ ਬੰਦਾ ਸਿੰਘ ਬਣਾ ਦਿੱਤਾ। ਬੰਦਾ ਸਿੰਘ ਨੂੰ ਗੁਰੂ ਨਾਨਕ ਦੇਵ ਜੀ ਤੋਂ ਸਿੰਘਾਂ ਸਿੰਘਣੀਆਂ ਤੱਕ ਸ਼ਹੀਦੀਆਂ ਦਾ ਇਤਹਾਸ ਸੁਣਾਇਆ ਗਿਆ। ਸੁਣ ਕੇ ਬੰਦਾ ਸਿੰਘ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਡੌਲੇ ਫੜਕ ਉੱਠੇ। ਬੰਦਾ ਸਿੰਘ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਭੱਥੇ ਵਿੱਚੋਂ ਪੰਜ ਤੀਰ, ਇੱਕ ਨਗਾਰਾ, ਇੱਕ ਨਿਸ਼ਾਨ ਸਹਿਬ, ਪੰਜ ਪ੍ਰਮੁੱਖ ਸਿੰਘ, ਹੁਕਮਨਾਮਾ, ਪੱਚੀ ਸਿੰਘਾਂ ਦਾ ਜਥਾ ਤੇ ਥਾਪੜਾ ਦੇ ਕੇ ਸਿੱਖ ਜਰਨੈਲ ਥਾਪ ਕੇ ਪੰਜਾਬ ਦੀ ਧਰਤੀ ਵੱਲ ਤੋਰਿਆ ਤੇ ਨਾਲ ਨਸੀਹਤਾਂ ਦਿੱਤੀਆਂ ਕਿ ਆਪਾ ਨਹੀ ਭੁੱਲਣਾ, ਜਤ ਸਤ ਦੇ ਪੱਕੇ ਰਹਿਣਾ, ਖਾਲਸੇ ਨੂੰ ਹਮੇਸ਼ਾ ਖੁਸ਼ ਰੱਖਣਾ ਤੇ ਗਰੀਬ ਮਾਰ ਨਹੀ ਕਰਨੀ। ਆਪ ਦੀ ਸਦਾ ਚੜ੍ਹਦੀ ਕਲਾ ਹੋਵੇਗੀ। ਨਾਂਦੇੜ ਤੋਂ ਚੱਲਣ ਸਮੇਂ ਬੰਦਾ ਸਿੰਘ ਨੇ ਖਾਲਸੇ ਦੀ ਖਿੰਡਰੀ-ਪੁੰਡਰੀ ਸ਼ਕਤੀ ਨੂੰ ਦੁਬਾਰਾ ਤੋਂ ਇੱਕ ਝੰਡੇ ਥੱਲੇ ਇੱਕਠੀ ਕਰਨ ਦੀ ਸ਼ੁਰੂਆਤ ਕੀਤੀ। ਸਿੱਖ ਕੌਮ ਨੂੰ ਜਥੇਬੰਦ ਕਰਕੇ ਉਨਾਂ ਵਿੱਚ ਹੌਂਸਲਾ ਭਰਿਆ। ਮਾਰੋ-ਮਾਰ ਕਰਦਾ ਹੋਇਆ ਬਾਬਾ ਬੰਦਾ ਸਿੰਘ ਖਰਖੌਡੇ ਦੇ ਪਰਗਣੇ ਜਾ ਪੁੱਜਾ ਤੇ ਖੰਡਾਂ ਪਿੰਡਾਂ ਵਿੱਚ ਜਾ ਡੇਰੇ ਲਾਏ। ਇੱਥੋਂ ਉਸਨੇ ਮਾਝੇ, ਮਾਲਵੇ ਤੇ ਦੁਆਬੇ ਦੇ ਸਿੰਘਾਂ ਦੇ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਭੇਜੇ। ਹੁਕਮਨਾਮੇ ਮਿਲਦੇ ਸਾਰ ਹੀ ਸਿੰਘ ਤਿਆਰੀਆਂ ਵਿੱਚ ਜੁੱਟ ਗਏ। 26 ਨਵੰਬਰ 1709 ਨੂੰ ਸਮਾਣੇ ਤੇ ਹਮਲਾ ਕੀਤਾ ਗਿਆ, ਕਿਉਂਕਿ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਜਲਾਲ-ਉਦ-ਦੀਨ ਸਮਾਣੇ ਦਾ ਰਹਿਣ ਵਾਲਾ ਸੀ। ਇਸ ਤੋਂ ਬਾਅਦ ਸਢੋਰਾ ਨੂੰ ਮਲੀਆਮੇਟ ਕੀਤਾ ਗਿਆ, ਕਿਉਂਕਿ ਗੁਰੂ ਘਰ ਦੇ ਅਨਿੰਨ ਸੇਵਕ ਪੀਰ ਬੁੱਧੂ ਸ਼ਾਹ ਨੂੰ ਸਢੋਰੇ ਦੇ ਹਾਕਮ ਉਸਮਾਨ ਖਾਂ ਨੇ ਸ਼ਹੀਦ ਕੀਤਾ ਸੀ। ਫਿਰ ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਬੜੀ ਭਿਅੰਕਰ ਲੜਾਈ ਹੋਈ। ਮੁਗਲ ਸੈਨਾ ਵਿੱਚ ਭਾਜੜਾਂ ਪੈ ਗਈਆਂ। ਫਿਰ ਵਾਰੀ ਆਈ ਸਰਹਿੰਦ ਸ਼ਹਿਰ ਦੀ ਜਿੱਥੇ ਛੋਟੇ ਸਾਹਿਬਜਾਦਿਆ ਨੂੰ ਬੜੀ ਬੇਰਹਿਮੀ ਨਾਲ ਨੀਹਾਂ ਵਿੱਚ ਚਿਣਵਾਂ ਕੇ ਸ਼ਹੀਦ ਕੀਤਾ ਗਿਆ ਸੀ। 24 ਮਈ ਨੂੰ ਸਿੱਖ ਸੈਨਾਵਾਂ ਸਰਹੰਦ ਪਹੁੰਚੀਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਬੰਦਾ ਸਿੰਘ ਨੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਤੇ ਸਿੱਕਾ ਜਾਰੀ ਕੀਤਾ। ਮੋਹਰ ਵੀ ਜਾਰੀ ਕੀਤੀ। ਮੋਹਰ ਉੱਤੇ ਇਹ ਉੱਕਰਿਆ ਹੋਇਆ ਸੀ:
ਦੇਗ਼ੋ ਤੇਗ਼ੋ ਫ਼ਤਹਿ ਨੁਸਰਤ ਬੇਦਰੰਗ।
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
ਬੰਦਾ ਸਿੰਘ ਬਹਾਦਰ ਨੇ ਆਪਣੇ ਜਿੱਤੇ ਹੋਏ ਪ੍ਰਦੇਸ਼ਾ ਵਿੱਚ ਖਾਲਸਾਈ ਸ਼ਾਨ ਦੇ ਅਨੁਸਾਰ ਸ਼ਾਸਨ ਪ੍ਰਬੰਧ ਕਾਇਮ ਕੀਤਾ। ਉਸਨੇ ਸਦੀਆਂ ਤੋਂ ਲਿਤਾੜੇ ਜਾ ਰਹੇ ਗਰੀਬਾਂ ਨੂੰ ਪਹਿਲੀ ਵਾਰ ਉੱਚ ਅਹੁਦਿਆਂ ਤੇ ਨਿਯੁਕਤ ਕੀਤਾ। ਉਹ ਨਿਆਂ ਕਰਨ ਸਮੇਂ ਕਿਸੇ ਊਚ-ਨੀਚ ਦਾ ਵਿਤਕਰਾ ਨਹੀ ਕਰਦਾ ਸੀ। ਉਸਨੇ ਕਿਸਾਨਾਂ ਦਾ ਖੂਨ ਨਿਚੋੜਨ ਵਾਲੀ ਜ਼ਿਮੀਦਾਰੀ ਪ੍ਰਥਾ ਦਾ ਅੰਤ ਕਰ ਕੇ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵਿੱਚ ਸਾਰੇ ਧਰਮਾਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਸੀ। ਉਸਨੇ ਕਿਸਾਨਾਂ ਨੂੰ ਉਹਨਾਂ ਦੇ ਮਾਲੀਕਾਨਾ ਹੱਕ ਦਿਵਾਏ। ਹਰ ਗਰੀਬ ਦੀ ਖੁੱਲ ਕੇ ਮਦਦ ਕੀਤੀ। ਬੰਦਾ ਸਿੰਘ ਦੀ ਵੱਧਦੀ ਹੋਈ ਸ਼ਕਤੀ ਨੂੰ ਕੁੱਚਲਣ ਲਈ ਬਹਾਦਰ ਸ਼ਾਹ ਨੇ ਪੂਰੀ ਤਿਆਰੀ ਆਰੰਭ ਕਰ ਦਿੱਤੀ। ਬਹਾਦਰ ਸ਼ਾਹ ਨੇ 60,000 ਹਜ਼ਾਰ ਦੀ ਭਾਰੀ ਭਰਕਮ ਫੌਜ਼ ਨੂੰ ਪੰਜਾਬ ਵੱਲ ਤੋਰ ਦਿੱਤਾ। ਫੌਜ਼ ਨੇ ਸਿੱਧਾ ਲੋਹਗੜ੍ਹ ਦੇ ਕਿਲੇ ਨੂੰ ਘੇਰਾ ਪਾ ਲਿਆ। ਲੋਹਗੜ੍ਹ ਬੰਦਾ ਸਿੰਘ ਦੀ ਰਾਜਧਾਨੀ ਸੀ। ਸਿੱਖਾਂ ਕਿਲੇ ਅੰਦਰੋਂ ਡੱਟ ਕੇ ਮੁਕਾਬਲਾ ਕੀਤਾ। ਘੇਰਾ ਪੈ ਜਾਣ ਕਾਰਨ 30 ਨਵੰਬਰ 1710 ਤੱਕ ਖਾਲਸਾ ਫੌਜ਼ਾਂ ਪੂਰੀ ਤਰਾਂ੍ਹ ਮੁਕਾਬਲਾ ਕਰਦੀਆਂ ਰਹੀਆਂ, ਪਰ ਸ਼ਾਹੀ ਫੌਜ਼ਾਂ ਦਾ ਲਸ਼ਕਰ ਜ਼ਿਆਦਾ ਹੋਣ ਕਾਰਨ ਜ਼ਿਆਦਾ ਦੇਰ ਤੱਕ ਮੁਕਾਬਲਾ ਕਰਨਾ ਕਠਿਨ ਹੀ ਨਹੀ ਨਾ ਮੁਮਕਿਨ ਸੀ, ਇਸ ਲਈ ਪਹਿਲੀ ਦਸੰਬਰ 1710 ਨੂੰ ਖਾਲਸਾ, ਸ਼ਾਹੀ ਫੌਜਾਂ ਨੂੰ ਚਕਾਨੀ ਦੇ ਕੇ ਨਿਕਲਣ ਵਿੱਚ ਕਾਮਯਾਬ ਹੋ ਗਈਆਂ ਤੇ ਬੰਦਾ ਸਿੰਘ ਪਹਾੜਾਂ ਵੱਲ ਨਿਕਲ ਗਿਆ। ਚੰਬਾ ਪਹੁੰਚ ਕੇ ਫਰਵਰੀ 1711 ਵਿੱਚ ਆਪ ਨੇ ਚੰਬੇ ਦੀ ਰਾਜਕੁਮਾਰੀ ਨਾਲ ਗੁਰੂ ਮਰਿਆਦਾ ਅਨੁਸਾਰ ਵਿਆਹ ਕੀਤਾ। ਇਸੇ ਹੀ ਸਾਲ ਦੇ ਅਖੀਰ ਵਿੱਚ ਆਪ ਦੇ ਘਰ ਇੱਕ ਬੇਟੇ ਦਾ ਜਨਮ ਹੋਇਆ, ਜਿਸਦਾ ਨਾਮ ਅਜੈ ਸਿੰਘ ਰੱਖਿਆ ਗਿਆ। 1712 ਵਿੱਚ ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ ਜਹਾਂਦਾਰ ਸ਼ਾਹ ਗੱਦੀ ਤੇ ਬੈਠਾ। ਇਸੇ ਹੀ ਸਾਲ ਇਸ ਦੇ ਭਤੀਜੇ ਫਰੁੱਖਸ਼ੀਅਰ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਕੇ ਗੱਦੀ ਸੰਭਾਲ ਲਈ। ਬੰਦਾ ਸਿੰਘ ਨੇ ਇੱਕ ਵਾਰ ਫਿਰ ਪੰਜਾਬ ਵੱਲ ਮੁਹਾਰਾਂ ਮੋੜੀਆਂ। ਉਸਨੇ ਆਪਣੀ ਪੂਰੀ ਤਾਕਤ ਨਾਲ ਬਹਿਰਾਮਪੁਰ, ਕਲਾਨੌਰ ਅਤੇ ਬਟਾਲਾ ਤੇ ਕਬਜ਼ਾ ਕਰ ਲਿਆ। ਸਿੰਘਾਂ ਦੀ ਵੱਧਦੀ ਹੋਈ ਤਾਕਤ ਨੂੰ ਵੇਖ ਕੇ ਬਾਦਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਦੀ ਵਿਉਂਤ ਬਣਾਈ। ਅਬਦੁਸ ਸੱਮਦ ਖਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰਕੇ ਸਿੱਖਾਂ ਵਿਰੁੱਧ ਸਖਤ ਕਾਰਵਾਈ ਦਾ ਹੁਕਮ ਦੇ ਦਿੱਤਾ। ਇਸ ਵਿਸ਼ਾਲ ਸੈਨਾ ਨੇ ਗੁਰਦਾਸ ਨੰਗਲ ਦੇ ਕਿਲੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾ ਲਿਆ। ਪ੍ਰਿੰ. ਗੰਗਾ ਸਿੰਘ ਤੇ ਪ੍ਰੋ. ਗੰਡਾ ਸਿੰਘ ਲਿੱਖਦੇ ਹਨ ਕਿ: ਗੁਰਦਾਸ ਨੰਗਲ ਇਹ ਡੇਰਾ ਦਰਿਆ ਚਨਾਬ ਦੇ ਕੰਢੇ ਤੇ ਸਥਿੱਤ ਹੈ। ਇਹ ਜੰਮੂ ਤੋਂ ਉੱਤਰ ਪੱਛਮ ਵੱਲ 28 ਮੀਲਾਂ ਦੀ ਵਿੱਥ ਤੇ ਹੈ। ਇਹ ਕੱਟੜਾ ਤੋਂ ਦੱਖਣ ਪੱਛਮ ਵੱਲ 14 ਮੀਲਾਂ ਤੇ ਅਤੇ ਰਿਆਸੀ ਤੋਂ ਦੱਖਣ ਵੱਲ 7 ਮੀਲਾਂ ਦੇ ਫਾਸਲੇ ਤੇ ਹੈ। ਇੱਥੇ ਬੰਦਾ ਸਿੰਘ ਬਹਾਦਰ ਇੱਕ ਸਾਲ ਤੋਂ ਜ਼ਿਆਦਾ ਸਮਾਂ ਰਹੇ। ਇਸਨੂੰ ਦੁਨੀਚੰਦ ਦੀ ਹਵੇਲੀ ਵੀ ਕਹਿੰਦੇ ਹਨ। ਇੱਥੇ ਹੀ ਬੰਦਾ ਸਿੰਘ ਨੇ ਵਜ਼ੀਰਾਬਾਦ ਦੇ ਇੱਕ ਖੱਤਰੀ ਦੀ ਧੀ ਨਾਲ ਦੂਜਾ ਵਿਆਹ ਕੀਤਾ ਸੀ। ਉਸ ਤੋਂ ਇੱਕ ਪੁੱਤਰ ਪੈਦਾ ਹੋਇਆ, ਜਿਸਦਾ ਨਾਮ ਰਣਜੀਤ ਸਿੰਘ ਰੱਖਿਆ ਗਿਆ, ਜੋ ਬੰਦਾ ਸਿੰਘ ਦੇ ਖਾਨਦਾਨ ਦੇ ਉੱਤਰਾਧਿਕਾਰੀ ਦਾ ਵੱਡਾ ਵਡੇਰਾ ਸੀ। ਇਸ ਪਿੰਡ ਦਾ ਅਸਲ ਥਾਂ ਉਜਾੜ ਹੋਏ ਢੇਰ ਦੀ ਸ਼ਕਲ ਵਿੱਚ ਦਿੱਸਦਾ ਹੈ, ਜਿਸਨੂੰ ‘ਬੰਦੇ ਵਾਲੀ ਥੇਹ’ ਕਹਿੰਦੇ ਹਨ। ਇਹ ਅਜੋਕੇ ਗੁਰਦਾਸ ਨੰਗਲ ਪਿੰਡ ਤੋਂ ਇੱਕ ਮੀਲ ਦੀ ਵਿੱਥ ਤੇ ਹੈ। ਬੰਦਾ ਸਿੰਘ ਬਹਾਦਰ ਨੇ ਦੁਨੀ ਚੰਦ ਦੀ ਹਵੇਲੀ ਤੋਂ ਮੁਕਾਬਲਾ ਜਾਰੀ ਰੱਖਿਆ। ਸਿੰਘ ਜਾਨ ਹੀਲ ਕੇ ਲੜੇ। ਸ਼ਾਹੀ ਫੌਜ਼ਾਂ ਘੇਰਾ ਤੰਗ ਕਰਦੀਆਂ ਗਈਆਂ ਤੇ ਕਿਲੇ ਦੀਆਂ ਕੰਧਾਂ ਤੱਕ ਪਹੁੰਚ ਕੇ ਬਾਹਰੀ ਮਦਦ ਬੰਦ ਕੀਤੀ ਗਈ। ਸਿੰਘ 8 ਮਹੀਨੇ ਤੱਕ ਭੁੱਖੇ ਲੜਦੇ ਰਹੇ। ਬਾਹਰੋਂ ਰਸਦ ਪਾਣੀ ਆਉਣਾ ਬੰਦ ਹੋ ਗਿਆ। ਕਹਿੰਦੇ ਹਨ ਕਿ ਮੋਤੋਂ ਭੁੱਖ ਬੁਰੀ। ਅੰਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ।ਤਜ਼ਾਕਿਰਾਤੁਸ ਸਲਾਤੀਨ ਦੇ ਪੰਨਾ 178 ਏ, 179 ਬੀ ਤੇ ਲਿਖਿਆ ਹੈ ਕਿ ਜਦੋ ਸਿੱਖ ਗ੍ਰਿਫਤਾਰ ਕੀਤੇ ਗਏ ਤੇ ਸ਼ਹੀਦ ਹੋਏ ਸਿੰਘਾਂ ਦੇ ਸਰੀਰਾਂ ਨੂੰ ਸੋਨੇ ਦੇ ਸਿੱਕਿਆਂ ਦੇ ਲਾਲਚ ਵਿੱਚ ਚੀਰ ਫਾੜ ਦਿੱਤਾ ਗਿਆ, ਕਿਉਂਕਿ ਇਹ ਸਮਝਿਆ ਜਾਂਦਾ ਸੀ ਕਿ ਸਿੱਖਾਂ ਨੇ ਸੋਨੇ ਦੇ ਸਿੱਕੇ ਨਿਗਲ ਲਏ ਹਨ। ਸਿੱਖਾਂ ਦੇ ਸਿਰਾਂ ਵਿੱਚ ਤੂੜੀ ਭਰ ਕੇ ਨੇਜ਼ਿਆਂ ਉੱਪਰ ਟੰਗਿਆ ਗਿਆ।ਗ੍ਰਿਫਤਾਰ ਕਰਕੇ ਇੱਕ ਵਿਸ਼ਾਲ ਜਲੂਸ ਦੀ ਸ਼ਕਲ ਵਿੱਚ ਸਿੰਘਾਂ ਨੂੰ ਦਿੱਲੀ ਲਿਜਾਣ ਦੀ ਤਿਆਰੀ ਸ਼ੁਰੂ ਕੀਤੀ। ਬੰਦਾ ਸਿੰਘ ਨੂੰ ਹਾਥੀ ਉੱਪਰ ਰੱਖੇ ਪਿੰਜਰੇ ਵਿੱਚ ਬੰਦ ਕਰਕੇ ਸਾਰੇ ਸ਼ਹਿਰ ਚੋਂ ਲੰਘਾਇਆਂ ਗਿਆ। ਲੋਕਾਂ ਨੇ ਰਸਤੇ ਵਿੱਚ ਸਿੰਘਾਂ ਦਾ ਮਖੋਲ ਵੀ ਉਡਾਇਆ, ਪਰ ਸਿੰਘ ਸ਼ਾਤ ਚਿੱਤ ਬਾਣੀ ਪੜ੍ਹਦੇ ਜਾ ਰਹੇ ਸਨ। ਜਾਨ ਸਰਮਨ ਅਤੇ ਐਡਵਰਡ ਸਟੀਫਨਸਨ ਜੋ ਫਰੁੱਖਸੀਅਰ ਦੇ ਦਰਬਾਰ ਵਿੱਚ ਐਮਰਜੈਂਸੀ ਸਿਫਾਰਤਖਾਨੇ ਦੇ ਮੈਂਬਰ ਸਨ ਨੇ ਫੋਰਟ ਵਿਲੀਅਮ ਦੇ ਗਵਰਨਰ ਅਤੇ ਪ੍ਰੈਜ਼ੀਡੈਂਟ ਨੂੰ 10 ਮਾਰਚ 1716 ਨੂੰ ਪੱਤਰ ਲਿਖਿਆ ਸੀ ਕਿ ‘ਸਿੰਘਾਂ ਨੂੰ ਇਸਲਾਮ ਕਬੂਲ ਕਰਨ ਲਈ ਪੇਸ਼ਕਸ਼ ਕੀਤੀ ਗਈ। ਕਿਸੇ ਇੱਕ ਵੀ ਸਿੰਘ ਨੇ ਹਾਮੀ ਨਾ ਭਰੀ।’ ‘ਅਖਬਰਾਤਿ ਦਰਬਾਰਿ ਮੁਅਲਾ’ ਵਿੱਚ ਦਰਜ਼ ਹੈ ਕਿ ਦਰਗਾਹ ਖਵਾਜ਼ਾ ਬਖਤਿਆਰ ਕਾਕੀ ਨੇੜੇ ਬਹਾਦਰ ਸਾਹ ਦੇ ਮਕਬਰੇ, ਜਿਸਨੂੰ ਖੁਲਦ ਮੰਜ਼ਿਲ ਕਹਿੰਦੇ ਹਨ, ਲਿਆਦਾ ਅਤੇ ਉਸਦੀ ਜ਼ੁਬਾਨ, ਅੱਖਾਂ ਕੱਢਣ, ਖੱਲੜੀ ਨਾਲੋਂ ਹੱਡੀਆਂ ਦਾ ਮਾਸ ਉਤਾਰਨ ਅਤੇ ਉਸਦੇ ਬੇਟੇ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਗਿਆ। ਡਾ: ਗੰਡਾ ਸਿੰਘ ਅਨੁਸਾਰ ਕੁੱਝ ਸਿੰਘਾਂ ਨੂੰ ਪਹਿਲਾਂ ਸ਼ਹੀਦ ਕੀਤਾ ਜਾਂਦਾ ਰਿਹਾ ਤੇ ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਨੂੰ 26 ਸਿੰਘਾਂ ਸਮੇਤ ਜਲੂਸ ਦੀ ਸ਼ਕਲ ਵਿੱਚ ਬਾਹਰ ਲਿਜਾਇਆ ਗਿਆ। ਕੁੱਤਬ ਮੀਨਾਰ ਦੇ ਨੇੜੇ ਬਹਾਦਰ ਸ਼ਾਹ ਦੀ ਕਬਰ ਤੇ ਪ੍ਰਕਰਮਾ ਕਰਵਾਈ ਗਈ ਤੇ ਬੰਦਾ ਸਿੰਘ ਨੂੰ ਮੁਸਲਮਾਨ ਹੋ ਜਾਣ ਲਈ ਪੇਸ਼ਕਸ਼ ਕੀਤੀ ਜੋ ਉਹਨਾਂ ਨੇ ਠੁਕਰਾ ਦਿੱਤੀ। ਫਿਰ ਉਸਦੇ ਪੁੱਤਰ ਅਜੈ ਸਿੰਘ ਨੂੰ ਉਸ ਦੀ ਗੋਦੀ ਵਿੱਚ ਬੈਠਾ ਕੇ ਕਤਲ ਕਰਨ ਲਈ ਕਿਹਾ ਗਿਆ, ਪਰ ਉਸਨੇ ਇਨਕਾਰ ਕਰ ਦਿੱਤਾ ਤਾਂ ਜੱਲਾਦ ਨੇ ਬੱਚੇ ਦੇ ਟੁੱਕੜੇ-ਟੁੱਕੜੇ ਕਰ ਕੇ ਤੜਫਦਾ ਕਲੇਜਾ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿੱਚ ਤੁੰਨਿਆ, ਪਰ ਬੰਦਾ ਸਿੰਘ ਅਡੋਲ ਸ਼ਾਤ ਚਿੱਤ ਰਹੇ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲਾਂ ਸੱਜੀ ਅੱਖ ਕੱਢੀ ਗਈ, ਫਿਰ ਖੱਬੀ ਅੱਖ ਕੱਢੀ ਗਈ। ਇਸ ਤੋਂ ਬਾਂਅਦ ਹੱਥ ਕੱਟੇ ਗਏ, ਫਿਰ ਪੈਰ ਕੱਟੇ ਗਏ, ਫਿਰ ਗਰਮ ਜਮੂਰਾਂ ਨਾਲ ਮਾਸ ਨੋਚਿਆ ਗਿਆ ਤੇ ਅੰਤ ਸੀਸ ਧੜ ਤੋਂ ਅਲੱਗ ਕਰਕੇ ਬਾਬਾ ਬੰਦਾ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਬਾ ਜੀ ਡੋਲੇ ਨਹੀ। ਉਸ ਅਕਾਲ ਪੁਰਖ ਦਾ ਭਾਣਾ ਸੱਤ ਕਰਕੇ ਮੰਨਿਆ ਤੇ ਆਪਣੇ ਗੁਰੂ ਦੀ ਪਰਖ ਤੇ ਖਰੇ ਉੱੱਤਰੇ। ਗੁਰੂ ਰਜ਼ਾ ਵਿੱਚ ਰਹਿ ਕੇ ਸ਼ਹੀਦੀ ਪ੍ਰਾਪਤ ਕੀਤੀ। ਗਿਆਨੀ ਸੋਹਣ ਸਿੰਘ ਸੀਤਲ ਲਿੱਖਦੇ ਹਨ ਕਿ ਰਹਿਤ ਮਰਿਯਾਦਾ ਅਨੁਸਾਰ ਬੰਦਾ ਸਿੰਘ ਪੂਰਨ ਸਿੱਖ ਸੀ। ਉਹ ਅੰਮ੍ਰਿਤਧਾਰੀ, ਬਾਣੀ ਦਾ ਨਿਤਨੇਮੀ ਤੇ ਰਹਿਤ ਵਿੱਚ ਪੂਰਾ ਸੀ। ਗੁਰੂ ਮਹਾਰਾਜ ਉੱਤੇ ਉਸਦਾ ਪੂਰਾ ਭਰੋਸਾ ਸੀ। ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ‘ਮਹਾਂਪੁਰਖ’ ਜਾਂ ‘ਸੱਚਾ ਸਾਹਿਬ’ ਕਹਿੰਦਾ ਸੀ। ਹਰ ਕੰਮ ਉਹ ਅਰਦਾਸਾ ਕਰਕੇ ਕਰਦਾ ਸੀ, ਜੋ ਤਾਕਤ ਉਸਨੇ ਹਾਸਲ ਕੀਤੀ, ਉਹ ਸਭ ਗੁਰੂ ਗੋਬਿੰਦ ਸਿੰਘ ਜੀ ਦੀ ਮੇਹਰ ਕਰਕੇ ਸਮਝਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਨੂੰ ਪ੍ਰਣਾਮ।

Send this to a friend