ਬੇਅਦਬੀ ਮਾਮਲਿਆਂ ‘ਚ ਮੁੱਖ ਦੋਸ਼ੀ ਸੀ ਮਹਿੰਦਰਪਾਲ ਬਿੱਟੂ
ਕੋਟਕਪੂਰਾ, 24 ਜੂਨ- ਡੇਰਾ ਪ੍ਰੇਮੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਆਪਸੀ ਸਮਝੋਤੇ ਤੋਂ ਬਾਅਦ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਅੰਤਿਮ ਸੰਸਕਾਰ ਸ਼ਾਮ ਕਰੀਬ 5:30 ਵਜੇ ਕੀਤਾ ਗਿਆ। ਡੇਰਾ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਫਰੀਦਕੋਟ ਦੇ ਡੀ.ਸੀ. ਨੇ ਕਿਹਾ ਕਿ ਮਹਿੰਦਰਪਾਲ ਦੇ ਕਤਲ ਦੀ ਜਾਂਚ ਉੱਚ ਪੱਧਰੀ ਕਮੇਟੀ ਵੱਲੋਂ ਕੀਤੀ ਜਾਵੇਗੀ। ਬਿੱਟੂ ਦੇ ਵੱਡੇ ਪੁੱਤਰ ਅਮਰਿੰਦਰ ਨੇ ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਭੇਟ ਕੀਤੀ। ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਡੇਰਾ ਪ੍ਰੇਮੀਆਂ ਦੀ ਬਣੀ ਕਮੇਟੀ ਦੀ ਆਪਸ ‘ਚ ਹੋਈ ਗੱਲਬਾਤ ਤੋਂ ਬਾਅਦ ਡੇਰਾ ਪ੍ਰੇਮੀ ਅੰਤਿਮ ਸੰਸਕਾਰ ਲਈ ਰਾਜ਼ੀ ਹੋ ਗਏ ਸਨ।ਡੇਰਾ ਪ੍ਰੇਮੀਆਂ ਦੀਆਂ ਇਹ ਮੰਗਾਂ ਸਨ ਕਿ ਦੋਸ਼ੀਆਂ ਵੱਲੋਂ ਮਹਿੰਦਰਪਾਲ ਬਿੱਟੂ ਨੂੰ ਕਤਲ ਕੀਤੇ ਜਾਣ ਦਾ ਕਾਰਨ ਸਪੱਸ਼ਟ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦੀ ਇਹ ਵੀ ਮੰਗ ਸੀ ਕਿ ਡੇਰਾ ਪ੍ਰੇਮੀਆਂ ‘ਤੇ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਜਾਵੇ। ਇਸ ਸੰਬੰਧੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਮੈਮੋਰੰਡਮ ਦੇ ਦੇਣ, ਉਹ ਅੱਗੋਂ ਸਰਕਾਰ ਨੂੰ ਭੇਜ ਦੇਣਗੇ। ਡੀ.ਸੀ. ਨੇ ਐਲਾਨ ਕੀਤਾ ਕਿ ਬਿੱਟੂ ਦੇ ਕਤਲ ਦੀ ਉੱਚ–ਪੱਧਰੀ ਜਾਂਚ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਜਾਵੇਗੀ ਤੇ ਉਹ ਆਪਣੀ ਜਾਂਚ–ਰਿਪੋਰਟ ਜਿੱਥੇ ਪੰਜਾਬ ਸਰਕਾਰ ਨੂੰ ਭੇਜਣਗੇ, ਉੱਥੇ ਉਹ ਨਾਲ ਹੀ ਆਪਣੀ ਰਿਪੋਰਟ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਸੌਂਪਣਗੇ।ਦੱਸ ਦੇਈਏ ਕਿ ਲੰਘੀ 22 ਜੂਨ ਦਿਨ ਸ਼ਨਿੱਚਰਵਾਰ ਨੂੰ ਸ਼ਾਮ 5 ਵਜੇ ਦੇ ਕਰੀਬ ਬਰਗਾੜੀ ਕਾਂਡ ਦਾ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਜਦੋਂ ਆਪਣੀ ਬੈਰਕ ਤੋਂ ਬਾਹਰ ਆਇਆ ਤਾਂ ਪਹਿਲਾਂ ਤੋਂ ਹੀ ਕਤਲ ਕੇਸ ਦੇ ਮਾਮਲਿਆਂ ‘ਚ ਜੇਲ ਅੰਦਰ ਬੰਦ 2 ਕੈਦੀਆਂ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਨੇ ਬਿੱਟੂ ਦੇ ਸਿਰ ਅਤੇ ਮੂੰਹ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਇਸ ਹਮਕੇ ਕਾਰਨ ਉਹ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ, ਜਿਸ ਕਾਰਨ ਜੇਲ੍ਹ ਪ੍ਰਸ਼ਾਸਨ ਉਸ ਨੂੰ ਸਿਵਲ ਹਸਪਤਾਲ ਨਾਭਾ ਲੈ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਦੋਵਾਂ ਕੈਦੀਆਂ ਮਨਿੰਦਰ ਸਿੰਘ ਵਾਸੀ ਪਿੰਡ ਭਗੜਾਣਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੇ ਗੁਰਸੇਵਕ ਸਿੰਘ ਪਿੰਡ ਝਿਊਰਹੇੜੀ ਜ਼ਿਲ੍ਹਾ ਮੁਹਾਲੀ ਖ਼ਿਲਾਫ਼ ਮਹਿੰਦਰਪਾਲ ਬਿੱਟੂ ਦੇ ਕਤਲ ਦਾ ਕੇਸ ਦਰਜ ਕਰ ਦਿੱਤਾ। ਜ਼ਿਕਰਯੋਗ ਹੈ ਕਿ ਮਹਿੰਦਰਪਾਲ ਬਿੱਟੂ ਡੇਰਾ ਸਿਰਸਾ ਦੀ ਉੱਚ ਪੱਧਰੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ। ਬਰਗਾੜੀ ਕਾਂਡ ਦੇ ਮਾਮਲੇ ‘ਚ ਪੰਜਾਬ ਪੁਲਿਸ ਦੀ ਸਪੈਸ਼ਲ ਜਾਂਚ ਟੀਮ ਵੱਲੋਂ ਮਹਿੰਦਰਪਾਲ ਬਿੱਟੂ ਕੋਟਕਪੂਰਾ ਦਾ ਨਾਂਅ ਮੁੱਖ ਮੁਲਜ਼ਮ ਵਜੋਂ ਸ਼ਾਮਿਲ ਕੀਤਾ ਗਿਆ ਸੀ, ਜਿਸ ਨੂੰ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਇੱਕ ਸਾਲ ਪਹਿਲਾਂ ਕਾਬੂ ਕਰ ਲਿਆ ਸੀ। ਪੁਲਿਸ ਰਿਮਾਂਡ ਤੋਂ ਬਾਅਦ ਮਹਿੰਦਰਪਾਲ ਪਿਛਲੇ ਕਰੀਬ 7 ਮਹੀਨਿਆਂ ਤੋਂ ਨਾਭਾ ਜੇਲ੍ਹ ‘ਚ ਹਵਾਲਾਤੀ ਦੇ ਤੌਰ ‘ਤੇ ਬੰਦ ਸੀ