May 28, 2026 1:59 am

ਸੁਣਵਾਈ ਨਾ ਹੋਣ ‘ਤੇ ਤਹਿਸੀਲ ਕੰਪਲੈਕਸ ਮੌੜ ਵਿਖੇ ਔਰਤ ਨੇ ਪੀਤੀ ਸਪਰੇਅ

ਮਾਮਲਾ ਅਧਿਕਾਰੀਆਂ ਵੱਲੋਂ ਕਬਜ਼ਾ ਕਾਰਵਾਈ ਨੂੰ ਲਮਕਾਉਣ ਦਾ

ਮੌੜ ਮੰਡੀ, 20 ਜੂਨ (ਹਰਮਿੰਦਰ ਸਿੰਘ ਅਵਿਨਾਸ਼, ਸੰਜੀਵ ਕੁਮਾਰ ਨੌਟੀ)- ਕੁਝ ਦਿਨ ਪਹਿਲਾ ਮੌੜ ਪ੍ਰਸ਼ਾਸ਼ਨ ਵੱਲੋਂ ਇਨਸਾਫ ਨਾ ਦਿੱਤੇ ਜਾਣ ਕਾਰਨ ਇੱਕ ਔਰਤ ਵੱਲੋਂ ਤਹਿਸੀਲ ਕੰਪਲੈਕਸ ਦੀ ਛੱਤ ‘ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੇ ਕੀਤੇ ਯਤਨਾਂ ਦਾ ਮਾਮਲਾ ਅਜੇ ਠੰਡਾ ਨਹੀ ਸੀ ਹੋਇਆ, ਪੰ੍ਰਤੂ ਅੱਜ ਫਿਰ ਸਥਾਨਕ ਪ੍ਰਸ਼ਾਸ਼ਨ ਤੋ ਤੰਗ ਆ ਕੇ ਪਿੰਡ ਮੌੜ ਚੜ੍ਹਤ ਸਿੰਘ ਵਾਲਾ ਦੀ ਔਰਤ ਵੱਲੋਂ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵੀਰਪਾਲ ਕੌਰ ਪੁੱਤਰੀ ਸਵ: ਮੱਖਣ ਸਿੰਘ ਵਾਸੀ ਮੌੜ ਚੜਤ ਸਿੰਘ ਦੀ ਮਾਤਾ ਚਰਨਜੀਤ ਕੌਰ ਦਾ ਆਪਣੇ ਹੀ ਸਕੇ ਪਰਿਵਾਰਕ ਮੈਂਬਰਾਂ ਨਾਲ ਜਮੀਨ ਦੀ ਤਕਸੀਮ ਦਾ
ਕੇਸ ਚਲਦਾ ਸੀ ਪ੍ਰੰਤੂ ਫੈਸਲਾ ਹੋਣ ਤੋ ਬਾਅਦ ਜਿਲਾ ਪ੍ਰਸ਼ਾਸ਼ਨ ਨੇ ਕਬਜ਼ਾ ਕਾਰਵਾਈ ਕਰਨ ਲਈ ਮਿਸਲ ਤਹਿਸੀਲ ਮੌੜ ਅੰਦਰ ਭੇਜ ਦਿੱਤੀ ਸੀ, ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਈ, ਅੱਜ ਫਿਰ ਵੀਰਪਾਲ ਕੌਰ ਪਰਿਵਾਰਕ ਮੈਂਬਰਾਂ ਨਾਲ ਤਹਿਸੀਲ ਕੰਪਲੈਕਸ ਮੌੜ ਵਿਖੇ ਇਨਸਾਫ ਦੀ ਗੁਹਾਰ ਲਗਾਉਣ ਲਈ ਪੁੱਜੇ ਤਾਂ ਨਾਇਬ ਤਹਿਸੀਲਦਾਰ ਦੇ ਰੀਡਰ ਪਹਿਲਾਂ ਵਾਂਗ ਹੀ ਖੜੇ ਘੜਾਏ ਲਾਰੇ ਲਗਾਉਂਣੇ ਸ਼ੁਰੂ ਕਰ ਦਿੱਤੇ ਤਾਂ ਇਹਨਾਂ ਲਾਰਿਆਂ ਤੋਂ ਦੁਖੀ ਹੋਈ ਔਰਤ ਨੇ ਕੀਟਨਾਸ਼ਕ ਦਵਾਈ ਨਿਗ੍ਹਲ ਲਈ। ਜਿਸ ਦੇ ਚਲਦੇ ਪੀੜਿਤ ਔਰਤ ਨਾਲ ਆਏ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਪਾਰਟੀ ਨੇ ਪਹਿਲਾਂ ਤਾਂ ਸਿਵਲ ਹਸਪਤਾਲ ਮੌੜ ਵਿਖੇ ਔਰਤ ਨੂੰ ਇਲਾਜ਼ ਲਈ ਦਾਖਲ ਕਰਵਾਉਣਾ ਚਾਹਿਆ ਪ੍ਰੰਤੂ ਡਾ. ਮੌਜੂਦ ਨਾ ਹੋਣ ਕਾਰਨ ਉਸ ਨੂੰ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਜਿਸ ਦਾ ਇਲਾਜ਼ ਚੱਲ ਰਿਹਾ ਹੈ। ਇਸ ਮੌਕੇ ਜੇਰੇ ਇਲਾਜ਼ ਔਰਤ ਦੇ ਚਾਚਾ ਜਗਜੀਤ ਸਿੰਘ ਨੇ ਕਿਹਾ ਕਿ ਸਾਡਾ ਜਮੀਨ ਸਬੰਧੀ ਤਕਸੀਮ ਦਾ ਕੇਸ ਚੱਲ ਰਿਹਾ ਸੀ, ਜਿਸ ਦਾ ਫੈਸਲਾ ਸਾਡੇ ਹੱਕ ‘ਚ ਹੋ ਚੁੱਕਾ ਹੈ। ਜਿਸ ਦੇ ਤਹਿਤ ਜਿਲਾ ਪ੍ਰਸ਼ਾਸ਼ਨ ਵਲੋਂ ਕਬਜ਼ਾ ਕਾਰਵਾਈ ਕਰਵਾਉਣ ਲਈ ਮਿਸਲ ਭੇਜੀ ਸੀ ਪ੍ਰੰਤੂ ਤਹਿਸੀਲ ਪ੍ਰਸ਼ਾਸ਼ਨ ਸਮੇਤ ਰੀਡਰ ਦੀ ਮਿਲੀ ਭੁਗਤ ਕਾਰਨ ਸਾਨੂੰ ਇਨਸਾਫ਼ ਨਹੀ ਮਿਲ ਰਿਹਾ । ਇਸੇ ਪ੍ਰੇਸ਼ਾਨੀ ਦੇ ਚੱਲਦੇ ਮੇਰੀ ਭਤੀਜ਼ੀ ਨੂੰ ਸਪਰੇਅ ਪੀਣ ਲਈ ਮਜ਼ਬੂਰ ਹੋਣਾ ਪਿਆ। ਇਸ ਸਬੰਧੀ ਨਾਇਬ ਤਹਿਸੀਲਦਾਰ ਰਾਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਸਟਾਫ਼ ਦੀ ਹੜਤਾਲ ਚੱਲ ਰਹੀ ਹੈ ਜਿਸ ਕਾਰਨ ਕਬਜ਼ਾ ਕਾਰਵਾਈ ਦੀ ਮਿਸਲ ਅੱਗੇ ਨਹੀ ਜਾ ਸਕੀ। ਇਸ ਤੋਂ ਪਹਿਲਾ ਕਾਨੂੰਗੋ ਛੁੱਟੀ ਤੇ ਚੱਲ ਰਹੇ ਸਨ ਪ੍ਰੰਤ ਹੁਣ ਹੜਤਾਲ ਖੁੱਲ੍ਹਣ ਤੋਂ ਬਾਅਦ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਇਸ ਸਬੰਧੀ ਜਦ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆਂ ਨਹੀ ਜਾਵੇਗਾ।

Send this to a friend