ਜਲੰਧਰ, 16 ਜੂਨ- ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਡਾਕਟਰਾਂ ਨੂੰ ਪੰਜਾਬ ਤੋ ਭਰੂਣ ਹੱਤਿਆ ਨੂੰ ਖਤਮ ਕਰਨ ਲਈ ਸਰਕਾਰ ਦੇ ਮੋਡੇ ਨਾਲ ਮੋਡਾ ਜੋੜ ਕੇ ਸਰਗਰਮ ਭੁਮਿਕਾ ਨਿਭਾਉਣ ਦੀ ਅਪੀਲ ਕੀਤੀ। ਇੰਡੀਅਨ ਰੇਡੀਓਲੌਜੀਕਲ ਐਂਡ ਇਮੇਜਿੰਗ ਐਸੋਸੀਏਸ਼ਨ ਪੰਜਾਬ ਦੁਆਰਾ ਦਿਵਿਆ ਜਯੋਤੀ ਜਗਰੀਤੀ ਸੰਸਥਾ ਦੇ ਸਹਿਯੋਗ ਨਾਲ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ ਇਕ ਵਰਗਸ਼ਾਪ ਦੀ ਪ੍ਰਧਾਨਗੀ ਕਰਦੀਆਂ ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਪੀ.ਸੀ ਪੀ.ਐਨ.ਡੀ.ਟੀ. ਐਕਟ ਨੂੰ ਸ਼ਖਤੀ ਨਾਲ ਲਾਗੂ ਕਰ ਰਹੀ ਹੈ, ਪਰ ਪੰਜਾਬ ਵਿਚ ਘੱਟ ਰਹੇ ਲਿੰਗ ਅਨੁਪਾਤ ਵਿਚ ਸੁਧਾਰ ਲਈ ਡਾਕਟਰਾਂ ਦੀ ਮਦਦ ਦੀ ਜ਼ਰੂਰਤ ਹੈ। ਸ੍ਰੀ ਮਹਿੰਦਰਾ ਨੇ ਕਿਹਾ ਕਿ ਪੰਜਾਬ ਵਿਚ ਘੱਟਦਾ ਲਿੰਗ ਅਨੁਪਾਤ ਇਕ ਧੱਬਾ ਹੈ, ਅਤੇ ਦੱਸਿਆ ਕਿ ਪੰਜਾਬ ਵਿਚ ਇਸ ਸਮੇ 1000 ਲੜਕਿਆਂ ਦੇ ਮੁਕਾਬਲੇ 895 ਲੜਕੀਆਂ ਹਨ । ਉਨਾਂ ਨੇ ਡਾਕਟਰਾਂ ਨੂੰ ਪ੍ਰਣ ਲੈਣ ਲਈ ਕਿਹਾ ਕਿ ਅਗਲੇ ਇਕ ਸਾਲ ਦੌਰਾਨ ਲੜਕਿਆਂ ਤੋਂ ਲੜਕੀਆਂ ਦੇ ਲਿੰਗ ਅਨੁਪਾਤ ਨੂੰ ਵਧਾਉਣ ਲਈ ਲਗਤਾਰ ਯਤਨ ਕਰਨ ਲਈ ਕਿਹਾ ਤਾਂ ਜੋ ਭਰੂਣ ਹੱਤਿਆ ਨੂੰ ਜੜੋਂ ਖਤਮ ਕੀਤਾ ਜਾ ਸਕੇ ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਰੂਣ ਹੱਤਿਆ ਦੇ ਖਿਲਾਫ ਜਾਗਰੂਕਤਾ ਫੈਲਾਉਣ ਅਤੇ ਲੜਕੀਆਂ ਦੇ ਜਨਮ ਦਿਹਾੜੇ ਨੂੰ ਮਨਾਉਣ ਲਈ ਲੋਕਾਂ ਨੂੰ ਉਤਸਾਹਿਤ ਕਰਨ ਲਈ ਸਾਂਝੇ ਯਤਨ ਕਰ ਰਹੀ ਹੈ ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਲੜਕੀਆਂ ਹਰ ਖੇਤਰ ਵਿੱਚ ਆਪਣੀ ਯੋਗਤਾ ਸਾਬਤ ਕਰ ਰਹੀਆਂ ਹਨ।