ਕਾਦੀਆਂ, 30 ਅਪ੍ਰੈਲ (ਪੀ.ਟੀ.ਬਿਊਰੋ)-ਅੱਜ ਸਵੇਰੇ ਬੂਥ ਨੰਬਰ 140 ਵਿੱਚ ਅਕਾਲੀ ਦਲ (ਬਾਦਲ) ਦੇ ਆਗੂ ਅਤੇ ਕਾਂਗਰਸੀ ਆਗੂ ਜੋ ਕਿ ਪੋਲਿੰਗ ਏਜੰਟ ਸਨ ਦੀ ਆਪਿਸ ਵਿੱਚ ਤਕਰਾਰ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ ਅਕਾਲੀ ਆਗੂ ਵੋਟ ਪਾਉਣ ਆਈ ਇੱਕ ਬੁਜ਼ਰਗ ਮਹਿਲਾ ਦੀ ਵੋਟ ਪਾਉਣ ਵਿੱਚ ਮਦਦ ਦੇਣਾ ਚਾਹੁੰਦਾ ਸੀ ਜਦਕਿ ਕਾਂਗਰਸੀ ਆਗੂ ਨੂੰ ਉਸ ਨੂੰ ਰੋਕਦੇ ਹੋਏ ਬਜ਼ੁਰਗ ਮਹਿਲਾ ਦੇ ਨਾਲ ਆਏ ਪਰਿਵਾਰਿਕ ਮੈਂਬਰ ਦੀ ਮੱਦਦ ਨਾਲ ਵੋਟ ਪਾਉਣ ਦੀ ਗੱਲ ਆਖੀ। ਏਨੀ ਗੱਲ ਤੋਂ ਦੋਵਾਂ ਵਿੱਚ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ ਅਤੇ ਦੋਵੇਂ ਆਪਸ ਵਿੱਚ ਭਿੜ ਗਏ, ਜਿਸ ਕਾਰਨ ਦੋਵਾਂ ਦੀਆਂ ਪੱਗਾਂ ਲੱਥ ਗਈਆਂ। ਥੋੜੀ ਦੇਰ ਲਈ ਉਥੇ ਵੋਟਾਂ ਰੁਕ ਗਈਆਂ। ਮੌਕੇ ’ਤੇ ਤਾਇਨਾਤ ਸੁਰੱਖਿਆ ਦਸਤਿਆਂ ਨੇ ਆਪਣੇ ਹਥਿਆਰ ਸਿਧੇ ਕਰ ਲਏ ਅਤੇ
ਟਕਰਾਅ ਨੂੰ ਵਧਣ ਤੋਂ ਰੋਕ ਦਿੱਤਾ। ਕੁਝ ਦੇਰ ਬਾਅਦ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਪੁਤਰ ਜਗਰੂਪ ਸੇਖਵਾਂ ਮੌਕੇ ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਣਕਾਰੀ ਹਾਸਿਲ ਕੀਤੀ। ਕਾਂਗਰਸੀ ਨੇਤਾ ਵੀ ਮੌਕੇ ’ਤੇ ਪਹੁੰਚ ਗਏ ਅਤੇ ਬੜੀ ਸੂਝ ਬੂਝ ਨਾਲ ਮਾਮਲੇ ਮਾਹੌਲ ਨੂੰ ਤਣਾਅਪੂਰਨ ਹੋਣ ਤੋਂ ਬਚਾ ਲਿਆ। ਇਸੇ ਤਰ੍ਹਾਂ ਪਿੰਡ ਕਾਹਲਵਾਂ ਦੇ ਬੂਥ ਨੰਬਰ 155 ਅਤੇ 156 ਵਿੱਚ ਵੀ ਅਕਾਲੀ ਅਤੇ ਕਾਂਗਰਸੀ ਆਗੂ ਇੱਕ ਦੂਜੇ ਗਰਮ ਹੋ ਗਏ ਅਤੇ ਸਥਿਤੀ ਕਾਫ਼ੀ ਤਣਾਅਪੂਰਨ ਹੋ ਗਈ। ਪੁਲਿਸ ਨੇ ਮਾਮਲਾ ਸ਼ਾਂਤ ਕਰਨ ਲਈ ਹਲਕਾ ਲਾਠੀ ਚਾਰਜ ਕਰਕੇ ਹਾਲਾਤ ’ਤੇ ਕਾਬੂ ਪਾ ਲਿਆ। ਇੱਥੇ ਵੀ ਵੋਟਾਂ ਪੈਣ ਦਾ ਕੰਮ 5 ਮਿੰਟ ਤੱਕ ਰੁਕਿਆ ਰਿਹਾ। ਕਾਦੀਆਂ ਅਤੇ ਇਸਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਸਵੇਰੇ ਤਾਂ ਲੋਕ ਵੋਟਾਂ ਪਾਉਣ ਲਈ ਆਏ ਸਨ ਪਰ ਦੁਪਹਿਰ ਤੱਕ ਬੂਥਾਂ ’ਤੇ ਬਹੁਤ ਹੀ ਘੱਟ ਵੋਟਰਾਂ ਦੀ ਤਾਦਾਦ ਵੇਖਣ ਨੂੰ ਮਿਲੀ।



