ਦਰਿਆਈ ਪਾਣੀਆਂ ਦੇ ਲਗਾਤਾਰ ਪੰਜਾਬੋਂ ਬਾਹਰ ਜਾਣ ਕਾਰਨ ਧਰਤੀ ਹੇਠਲਾ ਪਾਣੀ ਵਰਤਣ ਨੂੰ ਲੋਕ ਮਜ਼ਬੂਰ * ਕਿਸਾਨਾਂ ਨੂੰ ਝੋਨਾ ਲਾਉਣ ਵਰਗੇ ਦੋਸ਼ ਲਾ ਕੇ, ਅਸਲੀ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ
ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿੱਚ ਹੈ। ਪਹਿਲੀ ਪਰਤ 10 ਤੋਂ 20 ਫੁੱਟ ਤੱਕ ਹੈ। ਇਸ ਵਿਚਲਾ ਪਾਣੀ ਕਈ ਦਹਾਕੇ ਪਹਿਲਾਂ ਖਤਮ ਹੋ ਚੁੱਕਾ ਹੈ। ਦੂਜੀ ਪਰਤ ਲੱਗਭੱਗ 100 ਤੋਂ 200 ਫੁੱਟ ਉੱਤੇ ਹੈ ਇਹ ਵੀ 10 ਸਾਲ ਪਹਿਲਾਂ ਸੁੱਕ ਗਈ ਸੀ। ਹੁੱਣ ਪੰਜਾਬ ਤੀਜੀ ਪਰਤ, ਜੋ ਕਿ 350 ਫੁੱਟ ਤੋਂ ਵੱਧ ਡੂੰਘੀ ਹੈ, ਨੂੰ ਵਰਤ ਰਿਹਾ ਹੈ ਜੋ ਕਿ ਅਗਲੇ ਦਹਾਕੇ ਤੱਕ ਖਾਲ਼ੀ ਹੋ ਜਾਵੇਗੀ। ਇਸ ਪਰਤ ਵਿਚਲੇ ਪਾਣੀ ਦੇ ਖਤਮ ਹੋਣ ਨਾਲ ਪੰਜਾਬ ਦੇ ਪਾਣੀ ਦੀਆਂ ਆਖਰੀ ਘੁੱਟਾਂ ਵੀ ਖਤਮ ਹੋ ਜਾਣਗੀਆਂ। ਕਰੋੜਾਂ ਤੋਂ ਲੱਖਾਂ ਦੀ ਹੋਈ ਜ਼ਮੀਨ 2 ਦਹਾਕਿਆਂ ਵਿੱਚ ਹਜ਼ਾਰਾਂ ਦੀ ਵੀ ਨਹੀਂ ਹੋਵੇਗੀ। ਸਾਇੰਸ ਦੱਸਦੀ ਹੈ ਕਿ ਤਿੰਨਾਂ ਪਰਤਾਂ ਵਿੱਚੋ ਕੇਵਲ ਉਪਰਲੀ ਪਰਤ ਹੀ ਮੀਂਹ ਅਤੇ ਦਰਿਆਈ ਪਾਣੀ ਨਾਲ ਕੁੱਝ – ਕੁੱਝ ਭਰ ਸਕਦੀ ਹੈ। ਜੇ ਪਾਣੀ ਭਰ ਵੀ ਜਾਵੇ ਇਹ ਪਾਣੀ ਕਈ ਸਦੀਆਂ ਪੀਣ ਯੋਗ ਨਹੀਂ ਹੋਵੇਗਾ ਦੂਜੀ ਅਤੇ ਤੀਜੀ ਪਰਤ ਵਿੱਚ ਪਾਣੀ ਲੱਖਾਂ ਸਾਲਾਂ ਵਿੱਚ ਪਹੁੰਚਦਾ ਹੈ। ਇਸ ਵਿਚਲਾ ਤੁਬਕਾ ਤੁਬਕਾ ਪਾਣੀ ਬੇਹੱਦ ਕੀਮਤੀ ਅਤੇ ਕੁਦਰਤ ਦਾ ਪੰਜਾਬ ਨੂੰ ਤੋਹਫ਼ਾ ਹੈ। ਪਰ ਮਨੁੱਖ ਵਿਕਾਸ ਦੇ ਨਾਂ ਤੇ ਸ਼ੁਰੂ ਤੋਂ ਹੀ ਕੁਦਰਤ ਨਾਲ ਖਿਲਵਾੜ ਕਰਦਾ ਆ ਰਿਹਾ ਹੈ । ਜਿਸ ਦੇ ਨਤੀਜੇ ਵਜੋਂ ਕਿਤੇ ਹੜ੍ਹ ਕਿਤੇ ਸੋਕਾ ਕਿਤੇ ਭੂਚਾਲ ਅਤੇ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਰੁੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਧਰਤੀ ਹੇਠਲਾ ਪਾਣੀ ਦਿਨੋਂ ਦਿਨ ਨੀਵਾਂ ਹੋ ਰਿਹਾ ਹੈ । ਜਿਸ ਤੋਂ ਲੱਗਦਾ ਹੈ, ਕਿ ‘ਤੀਸਰਾ ਵਿਸ਼ਵ ਯੁੱਧ ਹੁਣ ਪਾਣੀ ਨੂੰ ਲੈ ਕੇ ਹੋਵੇਗਾ’ ਵਿਗਿਆਨੀਆਂ ਅਤੇ ਚਿੰਤਕਾਂ ਦੀ ਇਹ ਭਵਿੱਖਵਾਣੀ ਸੱਚ ਹੁੰਦੀ ਨਜ਼ਰ ਆਉਂਦੀ ਹੈ। ਧਰਤੀ ਉੱਪਰ ਪਾਣੀ ਦਾ ਸੰਕਟ ਅਤੇ ਘਾਟ ਵਧਦੀ ਜਾ ਰਹੀ ਹੈ ਅਤੇ ਜੋ ਪਾਣੀ ਦਰਿਆਵਾਂ ਨਦੀਆਂ ਨਾਲਿਆਂ ਵਿਚ ਵਹਿੰਦਾ ਹੈ ਉਹ ਦਿਨੋ-ਦਿਨ ਪ੍ਰਦੁਸ਼ਿਤ ਹੁੰਦਾ ਜਾ ਰਿਹਾ ਹੈ। ਜੇਕਰ ਅਸੀਂ ਸਮਾਂ ਰਹਿੰਦਿਆਂ ਪਾਣੀ ਦੇ ਡਿੱਗਦੇ ਪੱਧਰ, ਆਲਮੀ ਤਪਸ਼ ਕਾਰਨ ਧਰਤੀ ‘ਤੇ ਵਧ ਰਹੀ ਗਰਮੀ ਅਤੇ ਹਵਾ-ਪਾਣੀ ਦੇ ਪ੍ਰਦੂਸ਼ਿਤ ਹੋਣ ਵੱਲ ਧਿਆਨ ਨਾ ਦਿੱਤਾ ਤਾਂ ਪਸ਼ੂ – ਪੰਛੀ ਹੀ ਨਹੀਂ ਮਨੁੱਖੀ ਜੀਵਨ ਵੀ ਖਤਰੇ ‘ਚ ਪੈ ਜਾਵੇਗਾ। ਇਕ ਪਾਸੇ ਪੰਜਾਬ ਵਿਚ ਪਾਣੀ ਦਾ ਪੱਧਰ ਦਿਨੋ-ਦਿਨ ਘਟਦਾ ਜਾ ਰਿਹਾ ਹੈ । ਪਾਣੀ ਦੀ ਬਰਬਾਦੀ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਉਹ ਲੋਕ ਜ਼ਿਆਦਾ ਜ਼ਿੰਮੇਵਾਰ ਹਨ ਜੋ ਘਰੇਲੂ ਵਰਤੋਂ ਸਮੇਂ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਵਿਚ ਬਰਬਾਦੀ ਕਰਦੇ ਹਨ। ਇਸ ਬਰਬਾਦੀ ਕਾਰਨ ਹੀ ਇਕ ਦਿਨ ਸਾਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਜਾਵੇਗਾ। ਭਾਵੇਂ ਧਰਤੀ ਉੱਪਰ 70 ਫੀਸਦੀ ਤੋਂ ਵੱਧ ਸਮੁੰਦਰੀ ਪਾਣੀ ਹੈ ਪਰ ਜ਼ਮੀਨ ਉੱਪਰ ਇਸ ਦੀ ਮਾਤਰਾ 27 ਫੀਸਦੀ ਹੀ ਹੈ ਤੇ ਉਸ ਵਿਚ ਵੀ ਬਹੁਤਾ ਪਾਣੀ ਫੈਕਟਰੀਆਂ ਵੱਲੋਂ ਜ਼ਹਿਰੀਲੇ ਰਸਾਇਣਾਂ ਨੂੰ ਪਾਣੀ ਵਿਚ ਘੋਲ ਕੇ ਜ਼ਹਿਰੀਲਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਹੋ ਕਾਰਨ ਹੈ ਕਿ ਅੱਜ ਪੰਛੀਆਂ ਦੀਆਂ ਬਹੁਤੀਆਂ ਪ੍ਰਜਾਤੀਆਂ ਖ਼ਤਮ ਹੋ ਗਈਆਂ ਹਨ ਤੇ ਕੁਝ ਖ਼ਤਮ ਹੋਣ ਦੇ ਕਾਗਾਰ ‘ਤੇ ਹਨ ਅਤੇ ਸਾਨੂੰ ਵੀ ਕੈਂਸਰ, ਦਮਾ ਆਦਿ ਦੀਆਂ ਅਣਚਾਹੀਆਂ ਬੀਮਾਰੀਆਂ ਘੇਰਨ ਲੱਗੀਆਂ ਹੋਈਆਂ ਹਨ। ਜੇਕਰ ਅਸੀਂ ਸਮਾਂ ਰਹਿੰਦਿਆਂ ਪਾਣੀ ਵਰਗੀ ਅਣਮੋਲ ਦਾਤ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀ ਪੀੜ੍ਹੀ ਪਾਣੀ ਨੂੰ ਤਰਸੇਗੀ। ਸਰਕਾਰਾਂ ਵੱਲੋਂ ਕਿਸਾਨਾਂ ਨੂੰ ਵੱਧ ਪਾਣੀ ਦੀ ਖਪਤ ਵਾਲੀਆਂ ਫਸਲਾਂ ਦੇ ਰਵਾਇਤੀ ਚੱਕਰ ਵਿਚੋਂ ਨਿਕਲਣ ਲਈ ਪ੍ਰੇਰਿਤ ਕੀਤਾ ਜਾਵੇ। ਬਦਲ ਵਿੱਚ ਦੂਸਰੀਆਂ ਫ਼ਸਲਾਂ ਤੇ ਸਹੀ ਭਾਅ ਦਿੱਤੇ ਜਾਣ। ਅੱਜ ਪੰਜਾਬ ਦੇ 13 ਲੱਖ ਟਿਊਬਵੈਲ ਪੰਜਾਬ ਨੂੰ ਲਗਾਤਾਰ ਖ਼ਾਤਮੇ ਵੱਲ ਲਿਜਾ ਰਹੇ ਹਨ। ਇੱਕ ਅੰਦਾਜ਼ੇ ਅਨੁਸਾਰ ਅਗਲੇ 15 ਸਾਲਾਂ ਵਿੱਚ ਬਹੁਤੇ ਮੱਛੀ ਮੋਟਰਾਂ ਵਾਲੇ ਬੋਰ ਸੁੱਕ ਜਾਣਗੇ ਅਤੇ ਪੰਜਾਬ ਦੇ 2.5 ਕਰੋੜ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ। ਦਰਿਆਈ ਪਾਣੀ ਵਿੱਚ ਸੌ ਤੋਂ ਵੱਧ ਤਰਾਂ ਦੇ ਵੱਖ – ਵੱਖ ਖਣਿਜ ਪਦਾਰਥ ਅਤੇ ਰਹਿੰਦ ਖੁਹੰਦ ਹੁੰਦਾ ਹੈ। ਜੋ ਕਿ ਕੁਦਰਤੀ ਤੌਰ ਉੱਤੇ ਵਧੀਆ ਫਸਲਾਂ ਵਾਸਤੇ ਧਰਤੀ ਨੂੰ ਉਪਜਾਊ ਬਣਾ ਕੇ ਰੱਖਦਾ ਹੈ ਪਰ ਹੁਣ ਦਰਿਆਈ ਪਾਣੀ ਦੀ ਅਣਹੋਂਦ ਵਿੱਚ ਪੰਜਾਬ ਨੂੰ ਇਹ ਘਾਟ ਖਾਦਾਂ ਅਤੇ ਦਵਾਈਆਂ ਨਾਲ ਪੂਰੀ ਕਰਨੀ ਪੈਂਦੀ ਹੈ ਪੰਜਾਬ ਇੱਕ ਪਾਸੇ ਤਾਜ਼ੇ ਪਾਣੀ ਦਾ ਅਣਮੁੱਲਾ ਜ਼ਖ਼ੀਰਾ ਖਤਮ ਕਰ ਚੁੱਕਾ ਹੈ ਦੂਜੇ ਪਾਸੇ ਦਵਾਈਆਂ ਨਾਲ ਜ਼ਮੀਨ ਦੀ ਉੱਪਰਲੀ ਤਹਿ ਦੂਸ਼ਿਤ ਕਰ ਚੁੱਕਾ ਹੈ। ਪੰਜਾਬ ਕੇਵਲ ਰੇਗਸਤਾਨ ਹੀ ਨਹੀਂ ਬਣੇਗਾ ਬਲਕੇ ਜ਼ਹਿਰੀਲਾ ਰੇਗਸਤਾਨ ਬਣੇਗਾ ਅਤੇ ਅੱਜ ਦੀ ਪੀੜੀ ਸਾਹਮਣੇ ਬਣੇਗਾ। ਜੇਕਰ ਸਰਕਾਰ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਸ਼ੁੱਧ ਪਾਣੀ ਦੀ ਘਾਟ ਲੜਾਈ-ਝਗੜੇ ਅਤੇ ਜੰਗਾਂ ਯੁੱਧਾਂ ਤੱਕ ਫੈਲ ਜਾਵੇਗੀ। ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਆਪਣਾ ਫਰਜ਼ ਪਛਾਣ ਕੇ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਸਾਡਾ ਸਭਨਾਂ ਦਾ ਸਾਂਝਾ ਫਰਜ਼ ਹੈ। ਭਾਰਤ ਸਰਕਾਰ ਨੂੰ ਦੁਨੀਆਂ ਭਰ ਦੇ ਸਾਇੰਸਦਾਨ ਕਈ ਦਹਾਕਿਆਂ ਤੋਂ ਚੇਤਾਵਨੀਆਂ ਦੇ ਰਹੇ ਸਨ ਕਿ ਪੰਜਾਬ ਵਿੱਚ ਖੇਤੀ ਅਤੇ ਉਦਯੋਗ ਦਰਿਆਈ ਪਾਣੀਆਂ ਨਾਲ ਕਰੋ, ਕਿਉਂਕਿ ਧਰਤੀ ਹੇਠਲਾ ਪਾਣੀ ਇਸ ਖੇਤਰ ਵਿੱਚ ਮਨੁੱਖੀ ਜੀਵਨ ਲਈ ਅਤਿ ਜ਼ਰੂਰੀ ਹੈ। ਪਰ ਦਰਿਆਈ ਪਾਣੀਆਂ ਦੇ ਲਗਾਤਾਰ ਪੰਜਾਬੋਂ ਬਾਹਰ ਜਾਣ ਕਾਰਨ ਪੰਜਾਬ ਦੇ ਲੋਕ ਹੇਠਲਾ ਪਾਣੀ ਵਰਤਣ ਲਈ ਮਜਬੂਰ ਹੋ ਗਏ। ਅਜਿਹੇ ਹਾਲਾਤਾਂ ਵਿੱਚ ਕਿਸਾਨਾਂ ਨੂੰ ਝੋਨਾ ਲਾਉਣ ਵਰਗੇ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਪਾਣੀ ਬਾਹਰ ਭੇਜਣ ਵਾਲਿਆਂ ਨੂੰ ਅੱਧਾ ਸਦੀ ਪਹਿਲਾਂ ਪਤਾ ਸੀ ਕਿ ਪੰਜਾਬ ਕਿੱਧਰ ਜਾ ਰਿਹਾ ਹੈ, ਪਰ ਕਿਸਾਨਾਂ ਨੂੰ ਨਹੀਂ ਚਿੰਤਾ, ਕਿ ਪੰਜਾਬ ਰੇਗਿਸਤਾਨ ਬਣੇਗਾ, ਇਹ ਹੈ ਕਿ ਕਿੰਨੀ ਛੇਤੀ ਬਣੇਗਾ। ਜੇਕਰ ਅਸੀਂ ਇਸ ਫਰਜ਼ ਦੀ ਪਛਾਣ ਨਾ ਕੀਤੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਕਿੰਨਾ ਖ਼ਤਰੇ ਵਿਚ ਪੈ ਜਾਵੇਗਾ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸੰਤ ਬਲਵੀਰ ਸਿੰਘ ਸੀਚੇਵਾਲ ਵਾਲਿਆਂ ਨੇ ਪਵਿੱਤਰ ਕਾਲੀ ਵੇਈਂ ਨਦੀ ਨੂੰ ਸਾਫ਼ ਕਰ ਕੇ ਜੋ ਸਾਨੂੰ ਸੇਧ ਦਿੱਤੀ, ਉਸ ਨੂੰ ਅੱਗੇ ਤੋਰਨਾ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ ।
‘ਧਰਤੀ ਹੇਠੋਂ ਮੁੱਕ ਗਿਆ
ਜੇ ਅੰਮ੍ਰਿਤ ਵਰਗਾ ਪਾਣੀ ,
ਇਸ ਧਰਤੀ ਤੇ ਜ਼ਿੰਦਗੀ ਵਾਲੀ ਹੋ
ਜਾਊ ਖਤਮ ਕਹਾਣੀ ।’