ਸੁਨਾਮ ਊਧਮ ਸਿੰਘ ਵਾਲਾ, 10 ਜੂਨ (ਸੁਖਦੇਵ ਸਿੰਘ ਦੇਬੀ, ਰੋਹਿਤ ਗਰਗ)- ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਭਗਵਾਨਪੁਰਾ ਵਿਖੇ ਲੰਘੀ 6 ਜੂਨ ਦਿਨ ਵੀਰਵਾਰ ਦੇ ਲਗਭਗ 4 ਵਜੇ ਸ਼ਾਮ ਨੂੰ ਫਤਹਿਵੀਰ ਸਿੰਘ ਨਾਂ ਦਾ ਇਕ ਛੋਟਾ 2 ਸਾਲ ਦਾ ਬੱਚਾ ਖੇਡਦਾ-ਖੇਡਦਾ ਕਾਫੀ ਸਮੇਂ ਤੋਂ ਖੜ੍ਹੇ ਇਕ ਬੋਰਵੈਲ ਵਿਚ ਡਿੱਗ ਪਿਆ। ਤਕਰੀਬਨ ਅੱਧੇ ਘੰਟੇ ਵਿਚ ਹੀ ਲੋਕਲ ਪ੍ਰਸ਼ਾਸਨ ਨੇ ਤੁਰੰਤ ਆ ਕੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ਾਂ ਆਰੰਭ ਦਿੱਤੀਆਂ ਅਤੇ ਸ਼ਹਿਰ ਨਿਵਾਸੀਆਂ ਅਤੇ ਇਲਾਕਾ ਭਰ ਦੇ ਲੋਕਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਮੌਕੇ ਪਰ ਹੀ ਇਲਾਕਾ ਨਿਵਾਸੀਆਂ ਵੱਲੋਂ ਤਿੰਨ ਜੇ.ਸੀ.ਬੀ. ਮਸ਼ੀਨਾਂ ਨਾਲ ਮਿੱਟੀ ਹਟਾਉਣ ਦਾ ਕੰਮ ਪੂਰੇ ਜੋਰਾਂ ਨਾਲ ਆਰੰਭ ਦਿੱਤਾ। ਆਰਮੀ ਦੇ ਆਉਣ ਤੋਂ ਪਹਿਲਾਂ-ਪਹਿਲਾਂ ਲਗਭਗ 20 ਫੁੱਟ ਡੁੰਘਾ ਖੱਡਾ ਪੁੱਟ ਦਿੱਤਾ ਗਿਆ ਸੀ। ਆਰਮੀ ਆਉਣ ‘ਤੇ ਸੀ.ਸੀ.ਟੀ.ਵੀ. ਕੈਮਰੇ, ਆਕਸੀਜਣ ਆਦਿ ਬੋਰਵੈਲ ਵਿਚ ਪਹੁੰਚਾਏ ਗਏ, ਜੋ ਕਿ ਨੰਨ੍ਹੇ ਬੱਚੇ ਨੂੰ ਸਾਂਹ ਲੈਣ ਦੀ ਤਕਲੀਫ ਨਾ ਹੋ ਸਕੇ। ਲਗਭਗ ਪਿਛਲੇ ਪੰਜ ਦਿਨਾਂ ਤੋਂ ਭਾਰੀ ਜੱਦੋ-ਜਹਿਦ ਤੋਂ ਬਾਅਦ ਵੀ ਬਾਹਰ ਨਹੀਂ ਕੱਢਿਆ ਜਾ
ਸਕਿਆ। 10 ਜੂਨ ਨੂੰ ਬੱਚੇ ਦਾ ਜਨਮ ਦਿਨ ਹੋਣ ਕਰਕੇ ਇਲਾਕਾ ਭਰ ਦੇ ਹਰ ਇਨਸਾਨ ਇਕ ਇਨਸਾਨੀਅਤ ਦੇ ਨਾਤੇ ਜਨਮ ਦਿਨ ਦੀਆਂ ਮੁਬਾਰਕਾਂ ਉਸ ਦੇ ਬੋਰਵੈਲ ਵਿਚੋਂ ਬਾਹਰ ਆਉਣ ‘ਤੇ ਸਾਂਝੀਆਂ ਕਰਨਾ ਲੋਚਦੇ ਸਨ, ਪਰ ਅੱਜ ਸਵੇਰੇ ਐਨ.ਡੀ.ਆਰ.ਐਫ. ਦੇ ਜਵਾਨਾਂ ਨੇ ਇਹ ਸੰਦੇਸ਼ ਦਿੱਤਾ ਕਿ ਤਕਰੀਬਨ ਇਕ ਜਾਂ ਸਵਾ ਘੰਟੇ ਵਿਚ ਫਤਹਿਵੀਰ ਸਿੰਘ ਆਪਣੀ ਜਿੰਦਗੀ ਦੀ ਜੰਗ ਜਿੱਤ ਕੇ ਮੋਰਚਾ ਫਤਹਿ ਕਰਕੇ ਬੋਰਵੈਲ ਵਿਚੋਂ ਬਾਹਰ ਕੱਢ ਲਿਆ ਜਾਵੇਗਾ, ਜਿਸ ਕਾਰਨ ਇਲਾਕੇ ਭਰ ਦੇ ਲੋਕ ਨੰਨ੍ਹੇ ਫਤਹਿਵੀਰ ਦੀ ਇਕ ਝਲਕ ਪਾਉਣ ਲਈ ਅਤੇ ਉਸਦੇ ਜਨਮ ਦਿਨ ਦੀ ਉਤਸ਼ਾਹਤਤਾ ਨਾਲ ਇਕੱਤਰ ਹੋਣੇ ਸ਼ੁਰੂ ਹੋ ਗਏ। ਜਦੋਂ ਪੰਜਵੇਂ ਦਿਨ ਵੀ ਐਨ.ਡੀ.ਆਰ.ਐਫ. ਦੇ ਜਵਾਨਾਂ ਨੇ ਫਿਲਟਰ ਘੰਗੋਲਣ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਣ ਵਿਚ ਅਸਫਲ ਹੋ ਗਏ ਤਾਂ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਕਾਰਨ ਇਕੱਤਰ ਹੋਏ ਲੋਕਾਂ ਦੇ ਜਜਬਾਤ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਭੜਕੇ ਹੋਏ ਲੋਕਾਂ ਨੇ ਨੰਨ੍ਹੇ ਫਤਹਿਵੀਰ ਦੇ ਹੱਕ ਨਾਹਰੇ ਮਾਰਦੇ ਹੋਏ ਪਟਿਆਲਾ-ਬਠਿੰਡਾ ਮੁੱਖ ਮਾਰਗ ਅਤੇ ਸਥਾਨਕ ਆਈ.ਟੀ.ਆਈ. ਚੌਂਕ ਨੂੰ ਜਾਮ ਕਰਕੇ ਰੋਸ ਦਾ ਪ੍ਰਦਰਸ਼ਨ ਕੀਤਾ ਅਤੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ‘ਤੇ ਅਨੇਕਾਂ ਸਵਾਲ ਉਠਾਏ ਗਏ, ਜਿਸ ਵਿਚ ਮੁੱਖ ਤੌਰ ‘ਤੇ ਪਹਿਲੇ ਦਿਨ ਤੋਂ ਹੀ ਫੌਜ਼/ਆਰਮੀ ਨੂੰ ਪੂਰਨ ਤੌਰ ‘ਤੇ ਇਹ ਮੋਰਚਾ ਨਹੀਂ ਸੰਭਾਇਆ ਗਿਆ, ਜਿਸ ਕਾਰਨ ਅੱਜ ਪੰਜਵੇਂ ਦਿਨ ਵੀ ਬੱਚੇ ਨੂੰ ਬੋਰਵੈਲ ਵਿਚੋਂ ਬਾਹਰ ਨਹੀਂ ਕੱਢਿਆ ਜਾ ਸਕਿਆ, ਜਿਸ ਕਰਕੇ ਇਲਾਕੇ ਭਰ ਦੇ ਲੋਕਾਂ ਦੇ ਮਨਾਂ ਨੂੰ ਨਿਰਾਸ਼ਾ ਦੇ ਆਲਮ ਨੇ ਘੇਰ ਰੱਖਿਆ ਹੈ। ਇਸ ਸਮੇਂ ਇਲਾਕੇ ਦੇ ਕੁਝ ਬੁੱਧੀਜੀਵੀ ਅਤੇ ਰਾਜਨੀਤਕ ਵਿਅਕਤੀਆਂ ਵੱਲੋਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਨਾਲ ਹੀ ਵਿਸ਼ਵਾਸ ਦਵਾਇਆ ਕਿ ਜਲਦ ਹੀ ਫਤਹਿਵੀਰ ਸਿੰਘ ਨੂੰ ਬੋਰਵੈਲ ਵਿਚੋਂ ਕੱਢ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ।
ਬੋਰਵੈਲ ‘ਚ ਡਿੱਗੇ ਨੰਨ੍ਹੇ ਬੱਚੇ ਨੂੰ 5ਵੇਂ ਦਿਨ ਵੀ ਬਾਹਰ ਨਾ ਕੱਢੇ ਜਾਣ ‘ਤੇ ਭੜਕੇ ਲੋਕਾਂ ਨੇ ਕੀਤੇ ਮੁੱਖ ਮਾਰਗ ਜਾਮ



