ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਖ਼ੁਦ ਅੱਗੇ ਆਉਣਾ ਚਾਹੀਦਾ ਹੈ : ਕੈਪਟਨ

ਰੂਪਨਗਰ , 5 ਜੂਨ- ਆਈ. ਟੀ. ਆਈ. ਰੋਪੜ ਵਿਖੇ ‘ਵਿਸ਼ਵ ਵਾਤਾਵਰਨ ਦਿਵਸ’ ਮੌਕੇ ਅੱਜ ਕਰਵਾਏ ਗਏ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ, ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਹ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਅਸੀਂ ਅਜਿਹਾ ਦਿਨ ਮਨਾ ਰਹੇ ਹਨ, ਜਿਹੜਾ ਪੂਰੀ ਦੁਨੀਆ ‘ਚ ਮਨਾਇਆ ਜਾ ਰਿਹਾ ?ਹੈ। ਉਨ੍ਹਾਂ ਕਿਹਾ ਕਿ ਅੱਜ ਸਭ ਤੋਂ ਵਧ ਲੋੜ ਰੁੱਖਾਂ ਨੂੰ ਸਾਂਭਣ ਦੀ ਹੈ। ਸਾਨੂੰ ਵਾਤਾਵਰਨ ਬਚਾਉਣ ਲਈ ਖ਼ੁਦ ਅੱਗੇ ਆਉਣਾ ਚਾਹੀਦਾ ਹੈ। ਨਦੀਆਂ-ਨਾਲਿਆਂ ਦਾ ਪਾਣੀ ਘੱਟ ਰਿਹਾ ਹੈ ਅਤੇ ਪੀਣ ਵਾਲਾ ਪਾਣੀ ਦੂਸ਼ਿਤ ਹੋਣਾ ਚਿੰਤਾ ਦਾ ਵਿਸ਼ਾ ਹੈ। ਕੈਪਟਨ ਨੇ ਕਿਹਾ ਕਿ ਜੇਕਰ ਸਾਡਾ ਵਾਤਾਵਰਨ ਠੀਕ ਹੋਵੇਗਾ ਤਾਂ ਸਾਡੀ ਸਿਹਤ ਵੀ ਠੀਕ ਰਹੇਗੀ। ਬੱਚਿਆਂ ਨੂੰ ਫੇਫੜਿਆਂ ਦੀ ਬਿਮਾਰੀ ਲੱਗ ਰਹੀ ਹੈ ਜੋ ਕਿ ਵਧ ਰਹੇ ਪ੍ਰਦੂਸ਼ਣ ਨਾਲ ਹੋ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਫੈਕਟਰੀਆਂ ਤੋਂ ਨਿਕਲ ਰਹੇ ਪ੍ਰਦੂਸ਼ਣ ‘ਤੇ ਸਖ਼ਤੀ ਵਰਤਣੀ ਬੇਹੱਦ ਜ਼ਰੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਵਧ ਤੋਂ ਵਧ ਰੁੱਖ ਲਗਾਉਣ ਦੀ ਮੰਗ ਹੈ। ਖੇਤੀਬਾੜੀ ਦੇ ਨਾਲ ਕਿਸਾਨਾਂ ਨੂੰ ਰੁਖ਼ ਵੀ ਲਗਾਉਣ ਦੀ ਜ਼ਰੂਰਤ ਹੈ। ਕੈਪਟਨ ਨੇ ਕਿਹਾ ਕਿ ਕਿਸਾਨਾਂ ਨੂੰ ਝੋਨਾ ਲਾਉਣ ਦੀ ਜ਼ਰੂਰਤ ਨਹੀਂ। ਹੁਣ ਸਬਜ਼ੀਆਂ ਲਗਾਉਣ ਦੀ ਲੋੜ ਹੈ। ਪੀਣ ਵਾਲੇ ਪਾਣੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣਾ ਚਾਹੀਦਾ ਹੈ।
‘ਵਿਸ਼ਵ ਵਾਤਾਵਰਨ ਦਿਵਸ’ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਨਾਲ ਚਾਰਜ ਹੋ ਕੇ ਚੱਲਣ ਵਾਲੇ ਅਤੇ ਵਾਤਾਵਰਨ ਪੱਖੀ ਆਟੋ ਰਿਕਸ਼ਾ ਦੀ ਸਵਾਰੀ ਕੀਤੀ। ਮੁੱਖ ਮੰਤਰੀ ਵਲੋਂ ਇਸ ਆਟੋ ਰਿਕਸ਼ਾ ‘ਚ ਸਵਾਰੀ ਕਰਨ ਦਾ ਉਦੇਸ਼ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਪ੍ਰਦੂਸ਼ਣ ਮੁਕਤ ਜਾਂ ਘੱਟ ਪ੍ਰਦੂਸ਼ਣ ਪੈਦਾ ਕਰਨ ਵਾਲੇ ਵਾਹਨਾਂ ਦੀ ਵਰਤੋਂ ਪ੍ਰਤੀ ਉਤਸ਼ਾਹਿਤ ਕਰਨਾ ਸੀ।

Send this to a friend