ਛੇ ਮਹੀਨੇ ਪਹਿਲਾਂ ਵਿਆਹੀ ਮੁਟਿਆਰ ਦੀ ਭੇਦ ਭਰੇ ਹਾਲਾਤਾਂ ‘ਚ ਮੌਤ

ਤਲਵੰਡੀ ਸਾਬੋ, 2 ਜੂਨ (ਰਾਮ ਰੇਸ਼ਮ ਨਥੇਹਾ)- ਸਬ ਡਵੀਜ਼ਨ ਦੇ ਪਿੰਡ ਬੰਗੀ ਕਲਾਂ ਵਿੱਚ ਛੇ ਮਹੀਨੇ ਪਹਿਲਾਂ ਆਪਣੀ ਮਰਜ਼ੀ ਨਾਲ ਵਿਆਹੀ ਆਈ ਮੁਟਿਆਰ ਦੀ ਬੀਤੇ ਸ਼ਨੀਵਾਰ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ ਤੋਂ ਬਾਅਦ ਮਿਰਤਕ ਦੇ ਵਾਰਸਾਂ ਨੇ ਸਹੁਰੇ ਪਰਿਵਾਰ ਤੇ ਲੜਕੀ ਨੂੰ ਦਹੇਜ ਦੀ ਖਾਤਿਰ ਤੰਗ ਪ੍ਰੇਸ਼ਾਨ ਕਰਨ ਅਤੇ ਲੜਕੀ ਦੀ ਕੁੱਟਮਾਰ ਕਰਨ ਦੇ ਦੋਸ਼ ਲਾਉਂਦਿਆਂ ਕਥਿਤ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।ਭਾਵੇਂ ਕਿ ਪੁਲਿਸ ਨੇ ਲਿਖੇ ਹੋਏ ਬਿਆਨਾਂ ਤੇ ਮਿਰਤਕ ਰਾਜ ਕੌਰ ਦੇ ਪਿਤਾ ਨਛੱਤਰ ਸਿੰਘ ਤੋਂ ਲਵਾਏ ਅੰਗੂਠੇ ਦੇ ਅਧਾਰ ਤੇ ਪਹਿਲਾਂ 174 ਦੀ ਕਾਰਵਾਈ ਪਾਉਂਦਿਆਂ ਲਾਸ਼ ਦਾ ਪੋਸਟ ਮਾਰਟਮ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ ਪ੍ਰੰਤੂ ਪਰਿਵਾਰਕ ਮੈਂਬਰਾਂ ਨੂੰ ਜਦੋਂ ਪਤਾ ਲੱਗਾ ਕਿ ਇਸ ਨਾਲ ਲੜਕੀ ਦੇ ਕਥਿਤ ਕਾਤਲ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਹੋ ਸਕਦੀ ਤਾਂ ਉਨ੍ਹਾਂ ਪੁਲਿਸ ਨੂੰ ਲੜਕੀ ਦੀ ਮਾਂ ਸ਼ਿੰਦਰ ਕੌਰ ਦੇ ਬਿਆਨਾਂ ਤੇ ਕਾਰਵਾਈ ਕਰਨ ਲਈ ਮਜ਼ਬੂਰ ਕਰ ਦਿੱਤਾ।ਮਿਰਤਕਾ ਦੀ ਮਾਤਾ ਸ਼ਿੰਦਰ ਕੌਰ ਵਾਸੀ ਲੌਂਗੋਵਾਲ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਛੇ ਮਹੀਨੇ ਪਹਿਲਾਂ ਉਸ ਦੀ ਲੜਕੀ ਰਾਜ ਕੌਰ (25) ਨੇ ਆਪਣੀ ਮਰਜ਼ੀ ਨਾਲ ਪਿੰਡ ਬੰਗੀ ਕਲਾਂ ਦੇ ਗੁਰਲਾਲ ਸਿੰਘ ਨਾਲ ਵਿਆਹ ਕਰਵਾ ਲਿਆ ਸੀ ਅਤੇ ਉਸ ਤੋਂ ਬਾਅਦ ਉਹ ਕਦੇ ਵੀ ਉਨ੍ਹਾਂ ਨੂੰ ਨਹੀਂ ਮਿਲੀ।ਸ਼ਿੰਦਰ ਕੌਰ ਨੇ ਦੋਸ਼ ਲਾਇਆ ਕਿ ਪੰਦਰਾਂ ਕੁ ਦਿਨ ਪਹਿਲਾਂ ਰਾਜ ਕੌਰ ਨੇ ਉਨ੍ਹਾਂ ਨੂੰ ਫ਼ੋਨ ਤੇ ਦੱਸਿਆ ਕਿ ਉਸਦਾ ਪਤੀ ,ਸੱਸ ਅਤੇ ਸਹੁਰਾ ਉਸਦੀ ਕੁੱਟਮਾਰ ਕਰਦੇ ਹਨ ਅਤੇ ਦਹੇਜ਼ ਦੀ ਮੰਗ ਕਰਦੇ ਹਨ ਜਿਸ ਤੋਂ ਬਾਅਦ ਉਹ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਅਤੇ ਪਿੰਡ ਬੰਗੀ ਕਲਾਂ ਦੇ ਸਰਪੰਚ ਨੂੰ ਨਾਲ ਲੈ ਕੇ ਰਾਜ ਕੌਰ ਨੂੰ ਲਿਜਾਣ ਲਈ ਉਸਦੇ ਸਹੁਰੇ ਘਰ ਗਏ ਪਰੰਤੂ ਉਸ ਨੇ ਉਨ੍ਹਾਂ ਨਾਲ ਜਾਣ ਤੋਂ ਨਾਂਹ ਕਰ ਦਿੱਤੀ।ਸ਼ਿੰਦਰ ਕੌਰ ਨੇ ਕਿਹਾ ਕਿ ਬੀਤੇ ਸ਼ਨੀਵਾਰ ਉਨ੍ਹਾਂ ਕੋਲ ਬੰਗੀ ਕਲਾਂ ਤੋਂ ਕਿਸੇ ਨੇ ਫੋਨ ਕਰਕੇ ਉਨ੍ਹਾਂ ਨੂੰ ਕਿਹਾ ਕਿ ਰਾਜ ਕੌਰ ਦੀ ਮੌਤ ਹੋ ਗਈ ਹੈ।ਮਿਰਤਕਾ ਦੇ ਪਰਿਵਾਰਕ ਮੈਬਰਾਂ ਨੇ ਮੰਗ ਕੀਤੀ ਕਿ ਰਾਜ ਕੌਰ ਦੀ ਸੱਸ, ਪਤੀ ਅਤੇ ਸਹੁਰੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।ਮਾਮਲੇ ਸੰਬੰਧੀ ਪੁੱਛੇ ਜਾਣ ਤੇ ਏ.ਐੱਸ.ਆਈ. ਸੁਰਿੰਦਰਪਾਲ ਨੇ ਕਿਹਾ ਕਿ ਫਿਲਹਾਲ ਲੜਕੀ ਦੇ ਪਿਤਾ ਨਛੱਤਰ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।ਜਦੋਂ ਉਨ੍ਹਾਂ ਦਾ ਧਿਆਨ ਲੜਕੀ ਦੀ ਮਾਤਾ ਵੱਲੋਂ ਦਿੱਤੇ ਬਿਆਨਾਂ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਰਿਪੋਰਟ ਥਾਣੇ ਵਾਪਸੀ ਤੇ ਦੇਕੇ ਕਾਰਵਾਈ ਵਿੱਚ ਪਾਇਆ ਜਾਵੇਗਾ।ਪੁਲਿਸ ਨੇ ਪੋਸਟ ਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ।

Send this to a friend