Skip to content
Independent perspectives. Global stories.
BREAKING

30 ਅਪ੍ਰੈਲ ਨੂੰ ਵੋਟਿੰਗ ਮਸ਼ੀਨਾਂ ‘ਕਾਂਗਰਸੀ ਘਾਹ’ ਲਈ ਕਟਾਈ ਮਸ਼ੀਨਾਂ ਸਾਬਿਤ ਹੋਣਗੀਆਂ : ਸੁਖਬੀਰ ਬਾਦਲ

Share this story

fgfgg ਕੁਰਾਲੀ, 28 ਅਪ੍ਰੈਲ (ਪੀ.ਟੀ.ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਉਨ੍ਹਾਂ ਪੰਜਾਬ ਭਰ ਵਿੱਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਵਿਰੁੱਧ ਲੋਕਾਂ ਅੰਦਰ ਸਖਤ ਰੋਸ ਦੇਖਿਆ ਹੈ ਅਤੇ ਇਸ ਰੋਸ ਸਦਕਾ 30 ਅਪ੍ਰੈਲ ਨੂੰ ਲੋਕ ਸਭਾ ਲਈ ਪੈਣ ਜਾ ਰਹੀਆਂ ਵੋਟਾਂ ਦੌਰਾਨ ਵੋਟਿੰਗ ਮਸ਼ੀਨਾਂ ‘ਕਾਂਗਰਸੀ ਘਾਹ’ ਲਈ ਕਟਾਈ ਮਸ਼ੀਨਾਂ ਸਾਬਿਤ ਹੋਣਗੀਆਂ। ਉਨ੍ਹਾਂ ਕਿਹਾ ਕਿ ਰੇਤਾ-ਬੱਜਰੀ ਅਤੇ ਪ੍ਰਾਪਰਟੀ ਟੈਕਸ ਦੇ ਮਾਮਲਿਆਂ ਲਈ ਜ਼ਿੰਮੇਵਾਰ ਕਾਂਗਰਸ ਪਾਰਟੀ ਨੇ ਆਪਣੇ ਗੁਨਾਹਾਂ ’ਤੇ ਪਰਦਾ ਪਾਉਣ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਬਦਨਾਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸੂਬੇ ਦੇ ਲੋਕ ਸਚਾਈ ਤੋਂ ਭਲੀਭਾਂਤ ਜਾਣੂੰ ਹੋ ਚੁੱਕੇ ਹਨ। ਸ. ਬਾਦਲ ਨੇ

ਵਾਅਦਾ ਕੀਤਾ ਕਿ ਕੇਂਦਰ ’ਚ ਐਨ.ਡੀ.ਏ ਸਰਕਾਰ ਬਣਦਿਆਂ ਹੀ ਰੇਤਾ-ਬੱਜਰੀ ਅਤੇ ਪ੍ਰਾਪਰਟੀ ਟੈਕਸ ਨਾਲ ਸਬੰਧਤ ਕਾਂਗਰਸ ਦੀ ਕੇਂਦਰ ਸਰਕਾਰ ਵੱਲੋਂ ਸੂਬਿਆਂ ਤੋਂ ਠੋਸੇ ਗਏ ਸਾਰੇ ਫੈਸਲੇ ਵਾਪਿਸ ਲਏ ਜਾਣਗੇ।
ਅੱਜ ਇਥੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ’ਚ ਹੋਏ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਹੁਣ ਦੋ ਗੱਲਾਂ ਤਾਂ ਪੱਕੀਆਂ ਹੋ ਚੁੱਕੀਆਂ ਹਨ, ਪਹਿਲੀ ਇਹ ਕਿ ਕੇਂਦਰ ’ਚ ਅਗਲੀ ਸਰਕਾਰ ਐਨ.ਡੀ.ਏ ਦੀ ਬਣੇਗੀ ਅਤੇ ਦੂਸਰੀ ਇਹ ਕਿ ਅਕਾਲੀ-ਭਾਜਪਾ ਗਠਜੋੜ ਸਾਰੀਆਂ ਦੀਆਂ ਸਾਰੀਆਂ 13 ਸੀਟਾਂ ’ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਹੁਣ ਹਲਕੇ ਦੇ ਲੋਕਾਂ ’ਤੇ ਨਿਰਭਰ ਹੈ ਕਿ ਉਹ ਆਪਣੇ ਉਮੀਦਵਾਰ ਨੂੰ ਕਿੰਨੇ ਵੱਡੇ ਫਰਕ ਨਾਲ ਜਿਤਾਉਂਦੇ ਹਨ ਤਾਂ ਕਿ ਕੇਂਦਰ ਦੀ ਸਰਕਾਰ ਅੰਦਰ ਉਨ੍ਹਾਂ ਦਾ ਉਮੀਦਵਾਰ ਹਲਕੇ ਦੀਆਂ ਮੰਗਾਂ ਜੋਰ-ਸ਼ੋਰ ਨਾਲ ਰੱਖ ਸਕੇ।
ਗੁੰਮਰਾਹਕੁੰਨ ਪ੍ਰਚਾਰ ਕਰਨ ਲਈ ਕਾਂਗਰਸ ਪਾਰਟੀ ’ਤੇ ਵਰ੍ਹਦਿਆਂ ਸ. ਬਾਦਲ ਨੇ ਕਿਹਾ ਕਿ ਜਿੱਥੇ ਪ੍ਰਾਪਰਟੀ ਟੈਕਸ ਲਾਉਣ ਸਬੰਧੀ ਫੈਸਲਾ ’ਤੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਸਤਾਖਰਾਂ ਹੇਠ ਹੋਇਆ ਸੀ ਉਥੇ ਅਕਾਲੀ-ਭਾਜਪਾ ਸਰਕਾਰ ਵੱਲੋਂ ਇਹ ਫੈਸਲਾ ਨਾ ਮੰਨਣ ’ਤੇ ਕੇਂਦਰ ਸਰਕਾਰ ਨੇ ਰਾਜ ਦੇ ਹਿੱਸੇ ’ਚ ਆਉਣ ਵਾਲੀਆਂ ਗਰਾਂਟਾਂ ’ਤੇ ਰੋਕ ਲਾਉਂਦਿਆਂ ਸਰਕਾਰ ਨੂੰ ਟੈਕਸ ਲਾਉਣ ਲਈ ਮਜ਼ਬੂਰ ਕੀਤਾ। ਉਨ੍ਹਾਂ ਨਾਲ ਹੀ ਕਿਹਾ ਕਿ ਰੇਤਾ-ਬੱਜਰੀ ਦੀ ਕਿੱਲਤ ਅਤੇ ਕੀਮਤਾਂ ’ਚ ਵਾਧਾ ਵੀ ਕੇਂਦਰ ਸਰਕਾਰ ਦੇ ਵਾਤਵਾਰਣ ਸਬੰਧੀ ਵਿਭਾਗ ਵੱਲੋਂ ਲਏ ਗਏ ਫੈਸਲਿਆਂ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਬਾਰੇ ਪਹਿਲਾਂ ਤੋਂ ਹੀ ਐਨ.ਡੀ.ਏ ਦੇ ਪ੍ਰਧਾਨ ਮੰਤਰੀ ਲਈ ਨੁਮਾਇੰਦੇ ਸ੍ਰੀ ਨਰਿੰਦਰ ਮੋਦੀ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਕੇਂਦਰ ’ਚ ਐਨ.ਡੀ.ਏ ਸਰਕਾਰ ਬਣਦਿਆਂ ਹੀ ਅਜਿਹੇ ਸਾਰੇ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਫੈਸਲਿਆਂ ਨੂੰ ਵਾਪਿਸ ਲਿਆ ਜਾਵੇਗਾ।
ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਲਾਉਣ ਦੇ ਕੇਂਦਰ ਨਾਲ ਹੋਏ ਕਾਰਨ ਕਾਂਗਰਸ ਦੀ ਕੇਂਦਰ ਸਰਕਾਰ ਨੂੰ ਪੰਜਾਬ ਦੇ ਸ਼ਹਿਰੀ ਵਿਕਾਸ ਦੇ ਹਿੱਸੇ ਕੌਮੀ ਸ਼ਹਿਰੀ ਵਿਕਾਸ ਮਿਸ਼ਨ ਤਹਿਤ ਆਉਣ ਵਾਲੀ 2000 ਕਰੋੜ ਰੁਪਏ ਦੀ ਗ੍ਰਾਂਟ ’ਤੇ ਉਦੋਂ ਤੱਕ ਰੋਕ ਲਾਈ ਰੱਖੀ ਜਦੋਂ ਤੱਕ ਪੰਜਾਬ ਵੱਲੋਂ ਇਹ ਟੈਕਸ ਲਾਗੂ ਨਹੀਂ ਕੀਤਾ ਗਿਆ। ਸ. ਬਾਦਲ ਨੇ ਕਿਹਾ ਕਿ ਉਹ ਕਾਂਗਰਸੀ ਆਗੂਆਂ ਨੂੰ ਵਾਰ-ਵਾਰ ਬੇਨਤੀ ਵੀ ਕਰਦੇ ਰਹੇ ਕਿ ਉਹ ਇਸ ਫੈਸਲੇ ਨੂੰ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਦਾ ਸਾਥ ਦਿੰਦਿਆਂ ਆਪਣੀ ਕੇਂਦਰ ਸਰਕਾਰ ’ਤੇ ਦਬਾਅ ਪਾਉਣ ਪਰ ਕਾਂਗਰਸ ਪਾਰਟੀ ਨੇ ਪੰਜਾਬੀਆਂ ਦਾ ਭਲਾ ਸੋਚਣ ਦੀ ਜਗ੍ਹਾ ਇਸ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰਕੇ ਸਿਆਸੀ ਲਾਹਾ ਲੈਣ ਨੂੰ ਤਰਜ਼ੀਹ ਦਿੱਤੀ।
ਸ. ਬਾਦਲ ਨੇ ਕਿਹਾ ਕਿ ਇਸ ਤਰ੍ਹਾਂ ਹੀ ਰੇਤਾ ਬੱਜਰੀ ਦੇ ਮਾਮਲੇ ’ਚ ਵੀ ਕਾਂਗਰਸ ਦੀ ਯੂ.ਪੀ.ਏ ਸਰਕਾਰ ਨੇ ਵਾਤਾਵਰਣ ਸਬੰਧੀ ਗਲਤ ਨੋਟੀਫਿਕੇਸ਼ਨ ਈ.ਆਈ.ਏ ਰਾਹੀਂ ਦੇਸ਼ ਅੰਦਰ ਜਾਨਬੁੱਝ ਕੇ ਰੇਤਾ ਬੱਜਰੀ ਦੀ ਕਿੱਲਤ ਪੈਦਾ ਕੀਤੀ ਅਤੇ ਇਸ ਦੇ ਕੁਝ ਆਗੂਆਂ ਵੱਲੋਂ ਇਸ ਸਮੱਸਿਆ ਨੂੰ ਸਿਰਫ ਪੰਜਾਬ ਦੀ ਸਮੱਸਿਆ ਦੱਸ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਇਸ ਨੋਟੀਫਿਕੇਸ਼ਨ ਵਿਰੁੱਧ ਪੰਜਾਬ ਵਿਧਾਨ ਸਭਾ ’ਚ ਪਾਸ ਕੀਤੇ ਗਏ ਮਤੇ ਤੋਂ ਬਾਅਦ ਹੀ ਮਜਬੂਰਨ ਯੂ.ਪੀ.ਏ ਸਰਕਾਰ ਨੇ ਇਸ ਨੋਟੀਫਿਕੇਸ਼ਨ ’ਚ ਕੁਝ ਸੋਧਾਂ ਕੀਤੀਆਂ। ਸ. ਬਾਦਲ ਨੇ ਵਾਅਦਾ ਕੀਤਾ ਕਿ ਕੇਂਦਰ ਵਿੱਚ ਐਨ.ਡੀ.ਏ ਦੀ ਸਰਕਾਰ ਦਾ ਗਠਨ ਹੁੰਦਿਆਂ ਹੀ ਸੱਭ ਤੋਂ ਪਹਿਲਾਂ ਕਾਂਗਰਸ ਵੱਲੋਂ ਦੇਸ਼ ਦੇ ਕੁਦਰਤੀ ਸੋਮਿਆਂ ਦੀ ਲੁੱਟ ਕਰਨ ਲਈ ਬਣਾਈਆਂ ਗਈਆਂ ਨੀਤੀਆਂ ਵਿੱਚ ਸੋਧ ਕੀਤੀ ਜਾਵੇਗੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਇਤਿਹਾਸਕ ਹੋਣਗੀਆਂ ਅਤੇ ਦੇਸ਼ ਦੇ ਉ¤ਜਵਲ ਭਵਿੱਖ ਦਾ ਫੈਸਲਾ ਕਰਨਗੀਆਂ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁੰਮਰਾਹਕੁੰਨ ਪ੍ਰਚਾਰ ਨੂੰ ਪੂਰੀ ਤਰ੍ਹਾਂ ਨਿਕਾਰਦਿਆਂ ਉਨ੍ਹਾਂ ਨੂੰ ਵੱਡੀ ਜਿੱਤ ਦੇ ਕੇ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਬਖਸ਼ਣ। ਉਨ੍ਹਾਂ ਦਾਅਵਾ ਕੀਤਾ ਕਿ ਸੰਸਦ ਮੈਂਬਰ ਚੁਣੇ ਜਾਣ ’ਤੇ ਉਹ ਹਲਕੇ ਅੰਦਰ ਆਉਂਦੇ ਤਿੰਨ ਸਾਲਾਂ ਅੰਦਰ ਇੰਨੇ ਵਿਕਾਸ ਪ੍ਰੋਜੈਕਟ ਲੈ ਕੇ ਆਉਣਗੇ ਕਿ ਲੋਕ ਆਪਣੇ ਇਸ ਫੈਸਲੇ ’ਤੇ ਮਾਣ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਜ਼ਿਲ੍ਹਾ ਮੁਹਾਲੀ ਪ੍ਰਧਾਨ ਸ. ਉਜਾਗਰ ਸਿੰਘ ਵਡਾਲੀ, ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਅਤੇ ਬੀਬੀ ਪਰਮਜੀਤ ਕੌਰ ਵਡਾਲੀ ਨੇ ਵੀ ਸੰਬੋਧਨ ਕੀਤਾ।

WRITTEN BY