ਪੰਜਾਬ ਤੋਂ ਸ਼ਿਮਲੇ ਵੱਲ ਜਾਂਦਿਆਂ ਕੁਦਰਤ ਦੇ ਅਸਲੀ ਰੰਗਾਂ ਨੂੰ ਮਾਣਨਾ ਹੋਵੇ ਤਾਂ ਕਾਲਕਾ-ਸ਼ਿਮਲਾ ਰੇਲ ਮਾਰਗ ਤੋਂ ਬਿਹਤਰ ਹੋਰ ਕੁਝ ਨਹੀਂ ਹੋ ਸਕਦਾ। ਇੱਕ ਸੌ ਨੌਂ ਸਾਲ ਪੁਰਾਣੇ ਇਸ ਰੇਲ ਮਾਰਗ ਨੂੰ ਯੂਨੈਸਕੋ ਨੇ ਜੁਲਾਈ 2008 ਵਿੱਚ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਸੀ। ਇਹ ਅਜਿਹੀ ਵਿਰਾਸਤ ਹੈ ਜਿਸ ’ਤੇ ਹਰ ਭਾਰਤੀ ਨੂੰ ਮਾਣ ਹੈ ਭਾਵੇਂ ਇਸ ਦਾ ਸੁਪਨਾ ਲੈਣ ਵਾਲੇ ਬਰਤਾਨਵੀ ਹੁਕਮਰਾਨ ਸਨ।ਇਸ ਰੇਲ ਮਾਰਗ ਦੀ ਯੋਜਨਾ ਦਰਅਸਲ 1847 ਵਿੱਚ ਬਣਾਈ ਗਈ। ਇਹ ਆਮ ਜਨਤਾ ਲਈ 3 ਨਵੰਬਰ 1903 ਨੂੰ ਖੋਲ੍ਹਿਆ ਗਿਆ ਸੀ। 95.56 ਕਿਲੋਮੀਟਰ ਲੰਮੇ ਇਸ ਟਰੈਕ ‘ਤੇ 1’2 ਸੁਰੰਗਾਂ, 988 ਪੁਲ ਅਤੇ 977 ਮੋੜ ਹਨ। 1900 ਤੋਂ 1903 ਤੱਕ ਬਣੀਆਂ ਇਹ ਸੁਰੰਗਾਂ ਕੁੱਲ ਟਰੈਕ ਦੇ ਅੱਠ ਫ਼ੀਸਦੀ ਹਿੱਸੇ ਉੱਤੇ ਹਨ।ਦਰਅਸਲ ਪਹਿਲਾਂ ਕੁੱਲ 107 ਸੁਰੰਗਾਂ ਦੀ ਉਸਾਰੀ ਕੀਤੀ ਗਈ ਸੀ। 1930 ਵਿੱਚ ਉਨ੍ਹਾਂ ’ਤੇ ਮੁੜ ਨੰਬਰ ਲਗਾਏ ਗਏ ਅਤੇ ਇਨ੍ਹਾਂ ਵਿੱਚੋਂ ਚਾਰ ਨੂੰ ਨਕਾਰਾ ਕਰ ਦਿੱਤਾ ਗਿਆ ਅਤੇ 106 ਸੁਰੰਗਾਂ ਬਾਕੀ ਰਹਿ ਗਈਆਂ। ਸੰਨ 2006 ਵਿੱਚ ਸੁਰੰਗ ਨੰਬਰ 46 ਨੂੰ ਢਾਹ ਦਿੱਤਾ ਗਿਆ ਅਤੇ ਇਸ ਸਮੇਂ 102 ਸੁਰੰਗਾਂ ਵਰਤੋਂ ਵਿੱਚ ਹਨ।ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਸੁਰੰਗਾਂ ਨੂੰ ਬਣਾਉਣ ਲਈ ਵੱਡੇ-ਵੱਡੇ ਸ਼ੀਸ਼ਿਆਂ ਦੀ ਵਰਤੋਂ ਕੀਤੀ ਗਈ ਸੀ। ਹੁਣ ਵੀ ਜਦੋਂ ਇਨ੍ਹਾਂ ਸੁਰੰਗਾਂ ਦੀ ਮੁਰੰਮਤ ਕੀਤੀ ਜਾਂਦੀ ਹੈ ਤਾਂ ਅੰਦਰ ਰੋਸ਼ਨੀ ਸੁੱਟਣ ਵਾਸਤੇ ਸ਼ੀਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਡੀ 1143 ਮੀਟਰ ਲੰਮੀ ਬੜੌਗ ਸੁਰੰਗ ਹੈ। ਇਸ ਦਾ ਨਾਂ ਇਸ ਦੇ ਨਿਰਮਾਣ ਵਿੱਚ ਸ਼ਾਮਲ ਇੰਜਨੀਅਰ ਕਰਨਲ ਬੜੌਗ ਦੇ ਨਾਂ ‘ਤੇ ਰੱਖਿਆ ਗਿਆ ਹੈ। ਕਰਨਲ ਬੜੌਗ ਜਦੋਂ ਨਿਰਧਾਰਤ ਸਮੇਂ ਵਿੱਚ ਸੁਰੰਗ ਦੇ ਦੋਵੇਂ ਪਾਸਿਆਂ ਨੂੰ ਮਿਲਾਉਣ ਵਿੱਚ ਅਸਫ਼ਲ ਰਿਹਾ ਤਾਂ ਉਸ ਨੂੰ ਨਿਰਮਾਣਕਰਤਾ ਕੰਪਨੀ ਵੱਲੋਂ ਇੱਕ ਰੁਪਿਆ ਜੁਰਮਾਨਾ ਕਰ ਦਿੱਤਾ ਗਿਆ। ਉਹ ਇਸ ਨਿਰਾਦਰ ਨੂੰ ਸਹਾਰ ਨਾ ਸਕਿਆ ਅਤੇ ਉਸ ਨੇ ਇਸੇ ਸੁਰੰਗ ਵਿੱ
ਚ ਖ਼ੁਦ ਨੂੰ ਗੋਲੀ ਮਾਰ ਲਈ।
ਬਾਅਦ ਵਿੱਚ ਇਸ ਸੁਰੰਗ ਨੂੰ ਚੀਫ਼ ਇੰਜਨੀਅਰ ਐੱਚ.ਐੱਸ. ਹਰਲਿੰਗਟਨ ਨੇ ਪੂਰਾ ਕੀਤਾ। ਇਸ ਲਈ ਉਸ ਨੂੰ ਇੱਕ ਸੰਤ ਲੋਕ ਬਾਬਾ ਬਲਕੁ ਦੀ ਸਹਾਇਤਾ ਲੈਣੀ ਪਈ ਜੋ ਇਸੇ ਇਲਾਕੇ ਦਾ ਵਸਨੀਕ ਸੀ। ਕੰਪਨੀ ਨੇ ਉਸ ਨੂੰ ਮੇਟ ਵਜੋਂ ਭਰਤੀ ਕੀਤਾ। ਕਿਹਾ ਜਾਂਦਾ ਹੈ ਕਿ ਇਹ ਸੁਰੰਗ ਬਾਬਾ ਬਲਕੁ ਦੀ ਨਿਸ਼ਾਨਦੇਹੀ ’ਤੇ ਹੀ ਪੂਰੀ ਹੋਈ। ਬਾਬਾ ਬਲਕੁ ਦੇ ਸਤਿਕਾਰ ਵਜੋਂ ਸ਼ਿਮਲਾ ਵਿੱਚ ਇੱਕ ਰੇਲ ਮਿਊਜ਼ੀਅਮ ਸਥਾਪਤ ਕੀਤਾ ਹੋਇਆ ਹੈ।
ਇਸ ਟਰੈਕ ’ਤੇ ਬਣੇ ਬਹੁਤੇ ਪੁਲ ਮਹਿਰਾਬਦਾਰ ਹਨ ਜੋ ਪੁਰਾਤਨ ਰੋਮਨ ਭਵਨ ਨਿਰਮਾਣ ਸ਼ੈਲੀ ਦਾ ਬਿਹਤਰੀਨ ਨਮੂਨਾ ਹਨ। ਕੰਡਾਘਾਟ ਤੋਂ ਕਨੋਹ ਵੱਲ ਜਾਂਦਿਆਂ ਕਨੋਹ ਰੇਲਵੇ ਸਟੇਸ਼ਨ ਦੇ ਬਿਲਕੁਲ ਲਾਗੇ ਬਣਿਆ 4 ਮੰਜ਼ਿਲਾ ਮਹਿਰਾਬਦਾਰ ਪੁਲ ਆਪਣੇ-ਆਪ ਵਿੱਚ ਵਿਲੱਖਣ ਹੈ। ਇਸ ਪੁਲ ਦੀ ਕੁੱਲ ਉਚਾਈ 23 ਮੀਟਰ ਹੈ। ਜਦੋਂ ਗੱਡੀ ਇਸ ਉੱਪਰੋਂ 48 ਡਿਗਰੀ ‘ਤੇ ਘੁੰਮਦੀ ਹੈ ਤਾਂ ਇਹ ਆਪਣੇ-ਆਪ ਵਿੱਚ ਅਦਭੁੱਤ ਨਜ਼ਾਰਾ ਪੇਸ਼ ਕਰਦੀ ਹੈ।
ਜਦੋਂ 1898 ਵਿੱਚ ਦਿੱਲੀ-ਅੰਬਾਲਾ-ਕਾਲਕਾ ਰੇਲਵੇ ਕੰਪਨੀ ਵੱਲੋਂ ਇਸ ਮਾਰਗ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਤਾਂ ਇਸ ਦਾ ਅੰਦਾਜ਼ਨ ਖਰਚਾ 86,78,500 ਰੁਪਏ ਮੰਨਿਆ ਗਿਆ ਸੀ ਪਰ ਜਦੋਂ ਇਹ ਨਿਰਮਾਣ ਮੁਕੰਮਲ ਹੋਇਆ ਤਾਂ ਖਰਚਾ ਵਧ ਕੇ ਦੁੱਗਣਾ ਹੋ ਗਿਆ। ਅੰਤ ਸਰਕਾਰ ਨੇ 1 ਜਨਵਰੀ 1906 ਨੂੰ ਇਸ ਰੇਲ ਮਾਰਗ ਨੂੰ 1,71,07,748 ਰੁਪਏ ਵਿੱਚ ਖਰੀਦ ਲਿਆ। ਇਸ ਮਾਰਗ ’ਤੇ ਸਫ਼ਰ ਕਰਨ ਵਾਲੇ ਸਮੁੰਦਰੀ ਤਲ ਉੱਤੋਂ 656 ਮੀਟਰ ਉਚਾਈ ਤੋਂ ਆਪਣਾ ਸਫ਼ਰ ਸ਼ੁਰੂ ਕਰਦੇ ਹਨ। ਇਹ ਸਫ਼ਰ ਸਮੁੰਦਰ ਤਲ ਤੋਂ 2076 ਮੀਟਰ ਉਚਾਈ ‘ਤੇ ਸਥਿਤ ਸ਼ਿਮਲਾ ਰੇਲਵੇ ਸਟੇਸ਼ਨ ਉੱਤੇ ਖ਼ਤਮ ਹੁੰਦਾ ਹੈ। ਇਸ ਮਾਰਗ ’ਤੇ ਪੈਂਦੇ ਸਾਰੇ 20 ਸਟੇਸ਼ਨ ਪੁਲਾਂ ਦੇ ਲਾਗੇ ਹਨ ਜੋ ਕਿਸੇ ਸਮੇਂ ਮਜ਼ਦੂਰਾਂ ਦੇ ਆਰਾਮ ਕਰਨ ਵਾਲੀ ਥਾਂ ਬਣਾਏ ਗਏ ਸਨ।
ਸ਼ਿਮਲਾ ਰੇਲਵੇ ਸਟੇਸ਼ਨ ਆਰੰਭ ਵਿੱਚ ਲੱਕੜ ਦੇ ਫੱਟਿਆਂ ਅਤੇ ਬਾਲਿਆਂ ਨਾਲ ਬਣਾਇਆ ਗਿਆ ਸੀ। ਇਸ ਥਾਂ ‘ਤੇ ਹੁਣ ਆਧੁਨਿਕ ਸਹੂਲਤਾਂ ਨਾਲ ਲੈਸ ਖ਼ੂਬਸੂਰਤ ਦੋ ਮੰਜ਼ਿਲਾ ਇਮਾਰਤ ਹੈ। ਇਸ ਦਾ ਸ਼ੈੱਡ ਇੱਕ ਵਾਰ 12 ਫੁੱਟ ਬਰਫ ਪੈਣ ਨਾਲ ਡਿੱਗ ਗਿਆ ਸੀ ਜਿਸ ਦਾ ਪੁਨਰ-ਨਿਰਮਾਣ ਕੀਤਾ ਗਿਆ। ਸਰਦੀਆਂ ਦੇ ਦਿਨਾਂ ਵਿੱਚ ਅੱਜ ਵੀ ਟਰੈਕ ’ਤੇ ਬਰਫ਼ ਪੈ ਜਾਂਦੀ ਹੈ ਪਰ ਗੱਡੀਆਂ ਦੀ ਆਵਾਜਾਈ ਚਲਦੀ ਰਹਿੰਦੀ ਹੈ।
-ਗੁਰਕ੍ਰਿਪਾਲ ਸਿੰਘ



