ਹੱਥ ਲਿਖਤ ਸਾਹਿਤ ਕਿਸੇ ਵੀ ਕੌਮ, ਭਾਈਚਾਰੇ ਜਾਂ ਦੇਸ਼ ਦਾ ਅਨਮੋਲ ਖਜ਼ਾਨਾ ਹੁੰਦਾ ਹੈ। ਇਸ ਦੇ ਆਧਾਰ ‘ਤੇ ਹੀ ਉਸ ਦੇ ਸੱਭਿਆਚਾਰਕ, ਧਾਰਮਿਕ ਇਤਿਹਾਸ ਦੀ ਸਿਰਜਣਾ ਹੁੰਦੀ ਹੈ। ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦੇ ਜ਼ਖ਼ੀਰਿਆਂ ਵਿੱਚ ਹੱਥ ਲਿਖਤਾਂ ਦੇ ਅਨਮੋਲ ਮੋਤੀ ਸੰਭਾਲੇ ਪਏ ਹਨ। ਅਨੇਕਾਂ ਵਿਦੇਸ਼ੀ ਹਮਲਿਆਂ, ਦੇਸ਼ ਵੰਡ ਅਤੇ ਚੁਰਾਸੀ ਦੇ ਸੰਤਾਪ, ਸਾਂਭ-ਸੰਭਾਲ ‘ਚ ਅਣਗਹਿਲੀਆਂ ਆਦਿ ਕਾਰਨ ਅਸੀਂ ਇਸ ਵਿਰਾਸਤ ਦੇ ਬਹੁਤ ਹਿੱਸੇ ਤੋਂ ਵਾਂਝੇ ਹੋ ਚੁੱਕੇ ਹਾਂ। ਵਰਤਮਾਨ ਸਮੇਂ ਵਿੱਚ ਅਜਿਹੇ ਸਾਹਿਤ ਦੀ ਵਿਗਿਆਨਕ ਤਰੀਕਿਆਂ ਨਾਲ ਸਾਂਭ-ਸੰਭਾਲ ਕੀਤੀ ਜਾ ਸਕਦੀ ਹੈ। ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਅਤੇ ਦੁਰਲੱਭ ਹੱਥ ਲਿਖਤ ਸਰੂਪਾਂ ਨੂੰ ਸੰਭਾਲਣ ਦਾ ਬੀੜਾ ਚੁੱਕਿਆ ਗਿਆ ਹੈ। ਇਸ ਸਬੰਧੀ ਇਸ ਵਿਭਾਗ ਨੇ ਉਹ ਕੰਮ ਕਰ ਦਿਖਾਇਆ ਹੈ, ਜਿਹੜਾ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਵੀ ਅੱਜ ਤੱਕ ਨਹੀਂ ਕਰ ਸਕੀਆਂ। ਆਮ ਤੌਰ ‘ਤੇ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪਾਂ ਦਾ ਸਸਕਾਰ ਵੀ ਕਰ ਦਿੱਤਾ ਜਾਂਦਾ ਹੈ ਪਰ ਇਸ ਅਦਾਰੇ ਵੱਲੋਂ ਪੁਰਾਤਨ ਅਤੇ ਹੱਥ ਲਿਖਤ ਸਰੂਪ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਣ ਦੀ ਪਿਰਤ ਅੱਗੇ ਤੋਰੀ ਗਈ ਹੈ।
ਭਾਵੇਂ ਇਹ ਵਿਭਾਗ ਪੰਜਾਬੀ ਯੂਨੀਵਰਸਿਟੀ ਵਿੱਚ ਮੁੱਢਲੇ ਤੌਰ ‘ਤੇ ਸਥਾਪਤ ਹੋਏ ਚਾਰ ਵਿਭਾਗਾਂ ਵਿੱਚੋਂ ਇੱਕ ਹੈ ਪਰ ਅਜਿਹੇ ਨਿਵੇਕਲੇ ਕਾਰਜਾਂ ਦੀ ਸ਼ੁਰੂਆਤ ਉਪ ਕੁਲਪਤੀ ਡਾ. ਜਸਪਾਲ ਸਿੰਘ ਦੀ ਸਰਪ੍ਰਸਤੀ ਹੇਠਾਂ ਵਿਭਾਗ ਦੇ ਵਰਤਮਾਨ ਮੁਖੀ ਡਾ. ਸਰਬਜਿੰਦਰ ਸਿੰਘ ਦੇ ਕਾਰਜ ਕਾਲ ਤੋਂ ਸ਼ੁਰੂ ਹੋਈ। ਇਨ੍ਹਾਂ ਪੁਰਾਤਨ ਸਰੂਪਾਂ ਦੀ ਸਾਂਭ-ਸੰਭਾਲ ਲਈ ਯੂਨੀਵਰਸਿਟੀ ਉਪਰ ਕੋਈ ਵਿੱਤੀ ਬੋਝ ਵੀ ਨਹੀਂ ਪਾਇਆ ਜਾ ਰਿਹਾ। ਇਸ ਅਦਾਰੇ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ 485 ਹੱਥ ਲਿਖਤ ਅਤੇ ਦੁਰਲੱਭ ਸਰੂਪਾਂ ਨੂੰ ਡਿਜੀਟਲਾਈਜ਼ (ਫੋਟੋਗਰਾਫ਼ੀ) ਕੀਤਾ ਹੋਇਆ ਹੈ ਜਦੋਂਕਿ ਅਜਿਹੇ 52 ਸਰੂਪ ਵਿਭਾਗ ਕੋਲ ਬਾਕਾਇਦਾ ਮੌਜੂਦ ਹਨ। ਇਨ੍ਹਾਂ ਵਿੱਚ ਵੱਖ-ਵੱਖ ਗੁਰੂ ਸਾਹਿਬਾਨ ਨਾਲ ਸਬੰਧਤ ਕਰਤਾਰਪੁਰੀ, ਖਾਰੀ ਅਤੇ ਦਮਦਮੀ ਬੀੜ ਆਦਿ ਸ਼ਾਮਲ ਹਨ। ਇਨ੍ਹਾਂ ਸਰੂਪਾਂ ਦੀ ਪੂਰਨ ਸਤਿਕਾਰ ਸਹਿਤ ਸਾਂਭ-ਸੰਭਾਲ ਲਈ ਯੂਨੀਵਰਸਿਟੀ ਵਿਚਲੀ ਮੁੱਖ ਲਾਇਬਰੇਰੀ ਵਿਖੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਕਮਰਾ ਤਿਆਰ ਕਰਵਾਇਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ ਇਸ ਅਨਮੋਲ ਖਜ਼ਾਨੇ ਨੂੰ ਸੰਭਾਲਣ ਸਬੰਧੀ ਸ਼ੁਰੂ ਕੀਤੇ ਗਏ ਇਸ ਕਾਰਜ ਰਾਹੀਂ ਬਾਣੀ ਦੀ ਬਹੁ-ਦਿਸ਼ਾਵੀ ਅਕਾਦਮਿਕਤਾ ਦੀ ਸਥਾਪਤੀ ਦਾ ਰਾਹ ਵੀ ਜ਼ਰੂਰ ਖੁੱਲ੍ਹੇਗਾ।
ਇਸ ਖੇਤਰ ਵਿੱਚ ਕੰਮ ਕਰ ਰਹੇ ਖੋਜਾਰਥੀਆਂ ਦੀ ਮੰਗ ‘ਤੇ ਅਧਿਐਨ ਹਿਤ ਇਹ ਪਵਿੱਤਰ ਸਰੂਪ ਉਨ੍ਹਾਂ ਨੂੰ ਆਧੁਨਿਕ ਤਕਨੀਕ ਨਾਲ ਦਿਖਾਏ ਜਾਂਦੇ ਹਨ। ਇਸ ਲਈ ਸਵੇਰੇ ਦਸ ਵਜੇ ਤੋਂ ਬਾਅਦ ਦੁਪਹਿਰ ਇੱਕ ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ। ਬਹੁਤ ਜ਼ਰੂਰੀ ਹਾਲਾਤ ਵਿੱਚ ਇਨ੍ਹਾਂ ਸਰੂਪਾਂ ਦੇ ਬਾਕਾਇਦਾ ਮਰਿਆਦਾ ਮੁਤਾਬਕ ਪ੍ਰਕਾਸ਼ ਕਰਕੇ ਵੀ ਦਰਸ਼ਨ ਕਰਵਾਏ ਜਾਂਦੇ ਹਨ। ਕਈ ਸਰੂਪ ਬਹੁਤ ਪੁਰਾਣੇ ਹੋਣ ਕਾਰਨ ਖਰਾਬ ਹੋ ਜਾਣ ਦੇ ਡਰੋਂ ਆਮ ਤੌਰ ‘ਤੇ ਇਸ ਸਬੰਧੀ ਕੀਤੀ ਗਈ ਫੋਟੋਗਰਾਫ਼ੀ ਜ਼ਰੀਏ ਹੀ ਇਹ ਸਭ ਵਿਖਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇੱਥੇ ਮੌਜੂਦ ਵਿਸ਼ੇਸ਼ ਪ੍ਰੋਜੈਕਟਰ ਜ਼ਰੀਏ ਵੀ ਇਹ ਵਿਖਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਉਂਜ ਆਮ ਸੰਗਤ ਜਦੋਂ ਚਾਹੇ ਦਰਸ਼ਨ ਲਈ ਆ ਸਕਦੀ ਹੈ।
ਪੁਰਾਤਨ ਸਮੇਂ ਕਾਗਜ਼ ਤਿਆਰ ਕਰਨਾ ਬਹੁਤ ਔਖਾ ਹੁੰਦਾ ਸੀ ਅਤੇ ਲਿਖਣ ਲਈ ਲੋੜੀਂਦੀ ਸਿਆਹੀ ਵੀ ਛੇਤੀ ਕੀਤਿਆਂ ਨਹੀਂ ਸੀ ਮਿਲਦੀ। ਇਸ ਦੇ ਬਾਵਜੂਦ ਇਨ੍ਹਾਂ ਪਵਿੱਤਰ ਸਰੂਪਾਂ ਉਪਰ ਕੀਤੀ ਗਈ ਮੀਨਾਕਾਰੀ ਅਜੋਕੇ ਕੰਪਿਊਟਰੀ ਅਤੇ ਵਿਗਿਆਨਕ ਯੁੱਗ ਵਿੱਚ ਵੀ ਸੌਖੀ ਨਹੀਂ ਜਾਪਦੀ।
ਮੀਨਾਕਾਰੀ ਲਈ ਕਈ ਥਾਈਂ ਇੱਕ ਕਿਲੋ ਤੋਂ ਪੰਜ ਕਿਲੋ ਤੱਕ ਸੋਨੇ ਦੀ ਵਰਤੋਂ ਕੀਤੀ ਹੋਈ ਹੈ। ਸੋਨੇ ਦੇ ਨਾਲ ਵਰਤੇ ਗਏ ਕਈ ਹੋਰ ਰੰਗ ਵੀ ਸਾਧਾਰਨ ਨਹੀਂ ਸਗੋਂ ਉਹ ਸੋਨੇ ਤੋਂ ਵੀ ਮਹਿੰਗੇ ਹਨ। ਗੁਰੂ ਗ੍ਰੰਥ ਸਾਹਿਬ ਦੇ ਤਕਰੀਬਨ ਇਨ੍ਹਾਂ ਸਾਰੇ ਸਰੂਪਾਂ ਦੇ ਸ਼ੁਰੂ ਵਿੱਚ ਵੱਖ-ਵੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵੀ ਬੜੇ ਸੁਚੱਜੇ ਢੰਗ ਨਾਲ ਉੱਕਰੀਆਂ ਹੋਈਆਂ ਹਨ। ਇੰਜ ਜਾਪਦਾ ਹੈ ਕਿ ਇੱਕ ਅੰਗ ਤਿਆਰ ਕਰਨ ‘ਤੇ ਹੀ ਕਈ ਦਿਨ ਲੱਗਦੇ ਹੋਣਗੇ। ਇਸ ਸੁੰਦਰ ਲਿਖਾਈ ਵਿੱਚ ਕਿਸੇ ਇੱਕ ਥਾਂ ਵੀ ਕੋਈ ਕਟਿੰਗ ਜਾਂ ਘਾਟ ਵਾਧ ਨਹੀਂ ਹੈ।
ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਿਸ਼ਾਨਾਂ ਵਾਲੇ ਗ੍ਰੰਥ ਵੀ ਅਦਾਰੇ ਕੋਲ ਮੌਜੂਦ ਹਨ। ਕੁਝ ਸਰੂਪ ਸ਼ਾਹਮੁਖੀ ਅਤੇ ਹਿੰਦੀ ਵਿੱਚ ਹਨ, ਜੋ ਅਣਵੰਡੇ ਪੰਜਾਬ ਦੀ ਦੇਣ ਹਨ। ਇੱਥੇ ਮੌਜੂਦ ਕੁਝ ਗ੍ਰੰਥਾਂ ਵਿੱਚ ਉਨ੍ਹਾਂ ਸਮਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਨੂੰ ਇਕੱਠਾ ਕੀਤਾ ਹੋਇਆ ਹੈ।
ਇਸ ਨਾਲ ਸਿੱਖ ਸਮਾਜ ਵਿੱਚ ਕਈ ਤਰਾਂ ਦੀਆਂ ਭ੍ਰਾਂਤੀਆਂ ਪੈਦਾ ਹੋਈਆਂ ਸਨ। ਭਵਿੱਖ ਵਿੱਚ ਭ੍ਰਾਂਤੀਆਂ ਤੋਂ ਬਚਣ ਲਈ ਗੁਰੂ ਗ੍ਰੰਥ ਸਾਹਿਬ ਦੇ ਵੱਖਰੇ ਸਰੂਪ ਅਤੇ ਕੌਮੀਅਤ ਦੇ ਵੱਖਰੇ ਤੱਤ ਵਜੋਂ ਉਨ੍ਹਾਂ ਦੀ ਮਿਆਰੀ ਸਾਂਭ-ਸੰਭਾਲ ਲਾਜ਼ਮੀ ਹੋ ਗਈ ਹੈ। ਬਹੁਤੇ ਗ੍ਰੰਥਾਂ ਵਿੱਚ ਸਾਰੇ ਹੀ ਸ਼ਬਦਾਂ ਨੂੰ ਜੋੜਕੇ ਲਿਖਿਆ ਹੋਇਆ ਹੈ ਕਿਉਂਕਿ ਉਦੋਂ ਭਾਸ਼ਾ ਦੇ ਨਿਯਮਾਂ ਵਿੱਚ ਕਿਸੇ ਵੀ ਪ੍ਰਵਚਨ ਨੂੰ ਲਿਖਣ ਵੇਲੇ ਟੁੱਟਵੇਂ ਸ਼ਬਦ ਨਹੀਂ ਸੀ ਲਿਖੇ ਜਾਂਦੇ। ਇਸ ਲਈ ਉਦੋਂ ਸਿਰਫ਼ ਟਕਸਾਲਾਂ ਨਾਲ ਜੁੜੇ ਲੋਕ ਹੀ ਇਨ੍ਹਾਂ ਨੂੰ ਸਮਝ ਅਤੇ ਪੜ੍ਹ ਸਕਦੇ ਸਨ। ਫਿਰ 1873 ਵਿੱਚ ਸਿੰਘ ਸਭਾ ਲਹਿਰ ਦੌਰਾਨ ਪ੍ਰੋ. ਭਾਈ ਜੋਧ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਅਤੇ ਭਾਈ ਵੀਰ ਸਿੰਘ ਆਦਿ ਮਹਾਂਰਥੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਟੁੱਟਵੇਂ ਸ਼ਬਦਾਂ ਵਾਲੇ ਸਰੂਪ ਛਾਪੇ ਤਾਂ ਜੋ ਆਮ ਲੋਕ ਇਸ ਨੂੰ ਪੜ੍ਹ ਅਤੇ ਸਮਝ ਸਕਣ।
ਵਿਭਾਗ ਵੱਲੋਂ ਇਕੱਤਰ ਕੀਤੇ ਗਏ ਇਨ੍ਹਾਂ ਪੁਰਾਤਨ ਸਰੂਪਾਂ ਵਿੱਚ ਡੇਢ ਇੰਚ ਦੇ ਆਕਾਰ ਵਾਲੇ ਦੋ ਗ੍ਰੰਥ ਵੀ ਮੌਜੂਦ ਹਨ। ਇਨ੍ਹਾਂ ਨੂੰ ਮਾਈਕ੍ਰੋਸਕੋਪ ਨਾਲ ਹੀ ਪੜ੍ਹਿਆ ਜਾ ਸਕਦਾ ਹੈ। ਡਾ. ਸਰਬਜਿੰਦਰ ਸਿੰਘ ਦਾ ਕਹਿਣਾ ਹੈ ਕਿ 1914 ਵਿੱਚ ਹੋਈ ਪਹਿਲੀ ਸੰਸਾਰ ਜੰਗ ਦੌਰਾਨ ਹਰੇਕ ਰੈਜੀਮੈਂਟ ਵਿਚਲੇ ਸਿੱਖ ਜਵਾਨਾਂ ਨੂੰ ਰਹਿਤ ਮਰਿਆਦਾ ਨਿਭਾਉਣ ਲਈ ਅਜਿਹੇ ਗ੍ਰੰਥ ਮੁਹੱਈਆ ਕਰਵਾਏ ਗਏ ਸਨ। ਪੰਜਾਬੀ ਯੂਨੀਵਰਸਿਟੀ ਵੱਲੋਂ ਇਨ੍ਹਾਂ ਦੀ ਸੰਭਾਲ ਦਾ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ।
ਗੁਰੂ ਗ੍ਰੰਥ ਸਾਹਿਬ ਦੇ ਇਹ ਸਰੂਪ ਯੂਨੀਵਰਸਿਟੀ ਨੇ ਵੱਖ-ਵੱਖ ਥਾਵਾਂ ਤੋਂ ਲਿਆਂਦੇ ਹਨ। ਅਜੇ ਪਿਛਲੇ ਹਫ਼ਤੇ ਹੀ ਯੂ.ਪੀ. ਤੋਂ ਇੱਕ ਪਰਿਵਾਰ ਇੱਕ ਦੁਰਲੱਭ ਸਰੂਪ ਇੱਥੇ ਸੌਂਪ ਕੇ ਗਿਆ ਹੈ। ਯੂਨੀਵਰਸਿਟੀ ਵੱਲੋਂ ਪੁਰਾਤਨ ਸਰੂਪਾਂ ਦੀ ਫੋਟੋਗਰਾਫ਼ੀ ਅਨੇਕਾਂ ਦੂਰ-ਦੁਰਾਡੇ ਥਾਵਾਂ ‘ਤੇ ਪਹੁੰਚ ਕਰਕੇ ਕੀਤੀ ਗਈ ਹੈ।
-ਸਰਬਜੀਤ ਸਿੰਘ



