ਜ਼ਿਮਨੀ ਚੋਣਾਂ ਗਰਮ ਰੱਖਣਗੀਆਂ ਪੰਜਾਬ ਦਾ ਮਾਹੌਲ

ਜਲੰਧਰ, 23 ਮਈ (ਬਲਜੀਤ ਸਿੰਘ ਬਰਾੜ)- ਪੰਜਾਬ ਦੀਆਂ 13 ਸੀਟਾਂ ਲਈ ਅੱਜ ਆਏ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ ਚੋਣਾਂ ਕਰਕੇ ਪੰਜਾਬ ਅੰਦਰ 2 ਜ਼ਿਮਨੀ ਚੋਣਾਂ ਹੋਣੀਆਂ ਤੈਅ ਹਨ। ਇਸ ਤੋਂ ਇਲਾਵਾ ਪਿਛਲੇ ਸਮੇਂ ਅੰਦਰ ‘ਆਪ’ ਵਿੱਚ ਹੋਈ ਟੁੱਟ ਭੱਜ ਕਾਰਨ ਵੀ ਕਈ ਹੋਰ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋ ਸਕਣ ਦੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਜਲਾਲਾਬਾਦ ਦੇ ਵਿਧਾਇਕ ਸ: ਸੁਖ਼ਬੀਰ ਸਿੰਘ ਬਾਦਲ ਦੀ ਹਲਕਾ ਫਿਰੋਜ਼ਪੁਰ ਤੋਂ ਹੋਈ ਵੱਡੀ ਜਿੱਤ ਮਗਰੋਂ ਹਲਕਾ ਜਲਾਲਾਬਾਦ ਵਿੱਚ ਜ਼ਿਮਨੀ ਚੋਣ ਹੋਣੀ ਤੈਅ ਹੈ। ਜਦੋਂ ਕਿ ਇੱਕ ਹੋਰ ਜ਼ਿਮਨੀ ਚੋਣ ਫ਼ਗਵਾੜਾ ਰਾਖਵੇਂ ਹਲਕੇ ਵਿੱਚ ਹੋਣੀ ਤੈਅ ਹੈ ਜਿੱਥੋਂ ਦੇ ਭਾਜਪਾ ਵਿਧਾਇਕ ਸ੍ਰੀ ਸੋਮ ਪ੍ਰਕਾਸ਼ ਅੱਜ ਹੁਸ਼ਿਆਰਪੁਰ ਲੋਕ ਸਭਾ ਹਲਕਾ ਤੋਂ ਜੇਤੂ ਰਹੇ ਹਨ। ਜ਼ਿਕਰਯੋਗ ਹੈ ਕਿ ਸ: ਸੁਖ਼ਬੀਰ ਸਿੰਘ ਬਾਦਲ ਅਤੇ ਸ੍ਰੀ ਸੋਮ ਪ੍ਰਕਾਸ਼ ਤੋਂ ਇਲਾਵਾ ਹੋਰ ਵੀ ਕਈ ਵਿਧਾਇਕ ਚੋਣ ਮੈਦਾਨ ਵਿੱਚ ਨਿੱਤਰੇ ਸਨ, ਜਿਨ੍ਹਾਂ ਵਿੱਚ ਚੱਬੇਵਾਲ ਦੇ ਕਾਂਗਰਸ ਵਿਧਾਇਕ ਡਾ: ਰਾਜ ਕੁਮਾਰ ਚੱਬੇਵਾਲ, ਭੁਲੱਥ ਤੋਂ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ: ਸੁਖ਼ਪਾਲ ਸਿੰਘ ਖ਼ਹਿਰਾ, ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ: ਸਿਮਰਜੀਤ ਸਿੰਘ ਬੈਂਸ, ਤਲਵੰਡੀ ਸਾਬੋ ਤੋਂ ‘ਆਪ’ ਵਿਧਾਇਕਾ ਪ੍ਰੋ: ਬਲਜਿੰਦਰ ਕੌਰ, ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਜੈਤੋਂ ਤੋਂ ‘ਆਪ’ ਦੇ ਬਾਗੀ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲਹਿਰਾਗਾਗਾ ਤੋਂ ਵਿਧਾਇਕ ਸ: ਪਰਮਿੰਦਰ ਸਿੰਘ ਢੀਂਡਸਾ ਵੀ ਮੈਦਾਨ ਵਿੱਚ ਸਨ ਪਰ ਇਨ੍ਹਾਂ ਸਾਰਿਆਂ ਵਿਚੋਂ ਕੋਈ ਵੀ ਜੇਤੂ ਨਹੀਂ ਰਿਹਾ। ਉਕਤ ਤੋਂ ਇਲਾਵਾ ‘ਆਪ’ ਨੇ ਆਪਣੇ ਬਾਗੀ ਵਿਧਾਇਕਾਂ ਸ: ਸੁਖ਼ਪਾਲ ਸਿੰਘ ਖ਼ਹਿਰਾ ਅਤੇ ਮਾਸਟਰ ਬਲਦੇਵ ਸਿੰਘ ਦੀ ਮੈਂਬਰਸ਼ਿਪ ਰੱਦ ਕਰਨ ਬਾਰੇ ਸਪੀਕਰ ਨੂੰ ਲਿਖ਼ਤੀ ਪੱਤਰ ਦੇ ਰੱਖਿਆ ਹੈ, ਜਿਸ ‘ਤੇ ਫ਼ੈਸਲਾ ਹੋਣਾ ਅਜੇ ਬਾਕੀ ਹੈ। ਇਸ ਤੋਂ ਪਹਿਲਾਂ ਵਿਧਾਇਕ ਦੇ ਤੌਰ ‘ਤੇ ਅਸਤੀਫ਼ਾ ਦੇ ਚੁੱਕੇ ‘ਆਪ’ ਵਿਧਾਇਕ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸ: ਹਰਵਿੰਦਰ ਸਿੰਘ ਫ਼ੂਲਕਾ ਦੇ ਅਸਤੀਫ਼ੇ ‘ਤੇ ਵੀ ਅਜੇ ਸਪੀਕਰ ਨੇ ਫ਼ੈਸਲਾ ਲੈਣਾ ਹੈ। ‘ਆਪ’ ਦੇ 2 ਵਿਧਾਇਕ ਨਾਜ਼ਰ ਸਿੰਘ ਮਨਸ਼ਾਹੀਆ ਅਤੇ ਅਮਰਜੀਤ ਸਿੰਘ ਸੰਦੋਆ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ। ਇਨ੍ਹਾਂ ਦੇ ਹਲਕਿਆਂ ਮਾਨਸਾ ਅਤੇ ਰੋਪੜ ਵਿੱਚ ਵੀ ਜ਼ਿਮਨੀ ਚੋਣ ਹੋਣੀ ਤੈਅ ਹੈ।

Send this to a friend