ਲਖਨਊ, 25 ਅਪ੍ਰੈਲ (ਪੀ.ਟੀ.)-ਉ¤ਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਮੁਖੀ ਮਾਇਆਵਤੀ ਨੇ ਚੋਣ ਕਮਿਸ਼ਨ ਕੋਲੋਂ ਮੰਗ ਕੀਤੀ ਹੈ ਕਿ ਜਿੱਥੇ ਇੱਕ ਪਾਸੇ ਛੇਵੇਂ ਪੜਾਅ ਲਈ ਦੇਸ਼ ਵਿੱਚ ਵੋਟਾਂ ਪੈ ਰਹੀਆਂ ਸਨ, ਉਥੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਵੱਲੋਂ ਵਾਰਾਣਸੀ ਵਿੱਚ ਜਿਸ ਅੰਦਾਜ ਵਿੱਚ ਰੋਡ ਸ਼ੋਅ ਕੱਢਦਿਆਂ ਨਾਮਜ਼ਦਗੀ ਭਰੀ ਗਈ ਤੇ ਮੀਡੀਆ ਵਿੱਚ ਲਗਾਤਾਰ ਇਸ ਨੂੰ ਵਿਖਾਇਆ ਗਿਆ, ਇਸ ਦੇ ਖਿਲਾਫ਼ ਚੋਣ ਕਮਿਸ਼ਨ ਕਾਰਵਾਈ ਕਰੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਮੋਦੀ ਦੀ ਨਾਮਜ਼ਦਗੀ ਲਈ ਮੀਡੀਆ ਰਾਹੀਂ ਮੋਦੀ ਦੇ ਹੱਕ ਵਿੱਚ ਜ਼ੋਰਦਾਰ ਢੰਗ ਨਾਲ ਹਵਾ ਬਣਾਈ ਗਈ ਜੋ ਕਿਸੇ ਵੀ ਤਰ੍ਹਾਂ ਸਹੀ ਨਹੀਂ ਸੀ। ਮਾਇਆਵਤੀ ਨੇ ਕਿਹਾ ਕਿ ਮੋਦੀ ਦੇ
ਰੋਡ ਸ਼ੋਅ ਨੂੰ ਲੈ ਕੇ ਗਲਤ ਪ੍ਰਚਾਰ ਕੀਤਾ ਗਿਆ ਜਦਕਿ ਅਸਲੀਅਤ ਇਹ ਹੈ ਕਿ ਰੋਡ ਸ਼ੋਅ ਵਿੱਚ ਸਥਾਨਿਕ ਲੋਕ ਘੱਟ ਪਰ ਬਾਹਰੀ ਲੋਕ ਵਧੇਰੇ ਸਨ। ਮਾਇਆਵਤੀ ਨੇ ਕਿਹਾ ਕਿ ਮੀਡੀਆ ਰਾਹੀਂ ਮੋਦੀ ਦੀ ਨਾਮਜ਼ਦਗੀ ਨੂੰ ਕਾਫ਼ੀ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਤਾਂ ਜੋ ਰਹਿੰਦੇ ਚੋਣ ਪੜਾਵਾਂ ਵਿੱਚ ਭਾਜਪਾ ਨੂੰ ਵਧੇਰੇ ਲਾਭ ਮਿਲ ਸਕੇ ਪਰ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਕਿਹਾ, ‘ਇਹ ਲੋਕ ਹਿੱਤ ਵਿੱਚ ਨਹੀਂ ਹੈ। ਚੋਣ ਕਮਿਸ਼ਨ ਨੂੰ ਆਪਣੇ ਤੌਰ ’ਤੇ ਕਾਰਵਾਈ ਕਰਨੀ ਚਾਹੀਦੀ ਹੈ।’ ਮਾਇਆਵਤੀ ਨੇ ਕਿਹਾ ਕਿ ਚਰਚਾ ਇਹ ਵੀ ਹੈ ਕਿ ਮੀਡੀਆ ਜ਼ਰੀਏ ਚੋਣ ਹਵਾ ਬਣਾਉਣ ਲਈ ਭਾਜਪਾ, ਕਾਂਗਰਸ ਤੇ ਸਮਾਜਵਾਦੀ ਪਾਰਟੀ ਲਈ ਪੂੰਜੀਪਤੀਆਂ ਤੇ ਉਦਯੋਗਿਕ ਘਰਾਣਿਆਂ ਵੱਲੋਂ ਕਾਫ਼ੀ ਪੈਸਾ ਖਰਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਕਾਂਗਰਸ ਵਿੱਚ ਸੱਤਾ ਵਿੱਚ ਆਉਣ ਲਈ ਸੰਘਰਸ਼ ਚੱਲ ਰਿਹਾ ਹੈ ਤੇ ਇਹ ਪਾਰਟੀਆਂ ਇੱਕ ਧਿਰ ਨੂੰ ਲਾਭ ਪਹੁੰਚਾਉਣ ਲਈ ਜ਼ੋਰ ਲਾ ਰਹੀਆਂ ਹਨ।



